ਨਵਜੋਤ ਸਿੰਘ ਸਿੱਧੂ ਨੇ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ, 14 ਜੁਲਾਈ (ਸ.ਬ.) ਪੰਜਾਬ ਦੀਆਂ ਇਤਿਹਾਸਕ ਤੇ ਅਮੀਰ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਦੀ ਵਚਨਬੱਧਤਾ ਦੁਹਰਾਉਂਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਕ ਅਹਿਮ ਫੈਸਲਾ ਲੈਂਦਿਆਂ ਪਟਿਆਲਾ ਸਥਿਤ ਪੁਰਾਣੀ ਜਨ ਸਿਹਤ ਵਿਭਾਗ ਦੀ ਵਿਰਾਸਤੀ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁਰੱਖਿਅਤ ਸਥਾਨ ਐਲਾਨਿਆ ਹੈ| 41 ਬਿੱਘੇ 12 ਵਿਸਵੇ ਇਸ ਜਗ੍ਹਾਂ ਨੂੰ ਪੰਜਾਬ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਅਤੇ ਪੁਰਾਤੱਤਵ ਥਾਵਾਂ ਕਾਨੂੰਨ 1964 (ਪੰਜਾਬ ਕਾਨੂੰਨ 20 ਆਫ 1964) ਦੀ ਧਾਰਾ 4 ਤਹਿਤ ਸੁਰੱਖਿਅਤ ਐਲਾਨਿਆ ਹੈ|
ਇਸ ਸਬੰਧੀ ਵੇਰਵੇ ਦਿੰਦਿਆਂ ਸ.ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਸਥਾਨਕ ਵਸਨੀਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਪੁਰਾਤਨ ਵਿਰਾਸਤੀ ਇਮਾਰਤ ਦੀ ਦੀਵਾਰ ਕੋਲ ਮੁੱਖ ਰੋਡ ਤੇ ਸ਼ੋਅਰੂਮ ਉਸਾਰਨ ਦੀ ਤਜਵੀਜ਼ ਬਣਾਈ ਜਾ ਰਹੀ ਹੈ ਜਿਸ ਨਾਲ ਇਸ ਵਿਰਾਸਤੀ ਇਮਾਰਤ ਦੀ ਦਿੱਖ ਖਰਾਬ ਹੋਵੇਗੀ| ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਸ ਇਮਰਾਤ ਦੇ ਰੱਖ-ਰਖਾਵ ਅਤੇ ਸ਼ੋਅਰੂਮਾਂ ਦੀ ਉਸਾਰੀ ਦੇ ਕੰਮ ਨੂੰ ਰੋਕਣ ਦਾ ਫੈਸਲਾ ਕੀਤਾ ਹੈ| ਉਨ੍ਹਾਂ ਕਿਹਾ ਕਿ ਉਹ ਇਸ ਪੁਰਾਤਨ ਇਮਾਰਤ ਦੀ ਮਹੱਤਤਾ ਤੋਂ ਭਲੀ ਭਾਂਤ ਜਾਣੂੰ ਹਨ ਕਿਉਂਕਿ ਉਨ੍ਹਾਂ ਵੀ ਇਸ ਖੇਤਰ ਸਥਿਤ ਕਾਲੋਨੀ ਵਿੱਚ 35 ਸਾਲ ਗੁਜ਼ਾਰੇ ਹਨ|
ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਬੰਧੀ ਮੁੱਢਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਹੁਣ ਪੁਰਾਣੇ ਮੁੱਢਲੇ ਨੋਟੀਫਿਕੇਸ਼ਨ ਅਨੁਸਾਰ ਬਿਨਾਂ ਕਿਸੇ ਬਦਲਾਅ ਦੇ ਅੰਤਿਮ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ| ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਇਸ ਇਮਾਰਤ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਜਿਸ ਕੰਮ ਨੂੰ ਜਲਦ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ| ਇਥੋਂ ਦੇ ਕੁਦਰਤੀ ਵਾਤਾਵਰਣ ਰੁੱਖ ਅਤੇ ਪੌਦਿਆਂ ਦੀ ਸੰਭਾਲ ਕੀਤੀ ਜਾਵੇਗੀ|
ਸ. ਸਿੱਧੂ ਨੇ ਕਿਹਾ ਕਿ ਵਪਾਰਕ ਮੁਫਾਦਾਂ ਲਈ ਪੰਜਾਬ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਰਾਤਾਂ ਨੂੰ ਨਸ਼ਟ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਿਆ ਜਾਵੇ| ਉਨ੍ਹਾਂ ਕਿਹਾ ਕਿ ਇਹ ਉਹ ਥਾਵਾਂ ਹਨ ਜਿਹੜੀਆਂ ਸਾਨੂੰ ਸਾਡਾ ਅਮੀਰ ਵਿਰਸਾ ਯਾਦ ਕਰਵਾਉਂਦੀਆਂ ਹਨ ਅਤੇ ਵਿਭਾਗ ਦੀ ਇਹੋ ਕੋਸ਼ਿਸ਼ ਹੈ ਕਿ ਪੰਜਾਬ ਵਿੱਚ ਜਿੰਨੀਆਂ ਵੀ ਇਤਿਹਾਸਕ ਥਾਵਾਂ ਹਨ, ਉਨ੍ਹਾਂ ਨੂੰ ਸਾਂਭ-ਸੰਭਾਲ ਕੇ ਰੱਖਿਆ ਜਾਵੇ|

Leave a Reply

Your email address will not be published. Required fields are marked *