ਨਵਜੋਤ ਸਿੱਧੂ ਨੇ ਨਿਭਾਈ ਖਰੜ ਦੇ ਅਕਾਲੀ ਉਮੀਦਵਾਰ ਰਣਜੀਤ ਗਿੱਲ ਨਾਲ ਦੋਸਤੀ?

ਐਸ. ਏ. ਐਸ. ਨਗਰ, 30 ਜਨਵਰੀ (ਸ.ਬ.) ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਆਖਿਰ ਖਰੜ ਤੋਂ ਅਕਾਲੀ ਉਮੀਦਵਾਰ ਰਣਜੀਤ ਸਿੰਘ ਨਾਲ ਆਪਣੀ ਯਾਰੀ ਨਿਭਾ ਹੀ ਦਿੱਤੀ| ਅਸਲ ਵਿੱਚ ਸਿੱਧੂ ਅਤੇ ਗਿੱਲ ਪੁਰਾਣੇ ਦੋਸਤ ਹਨ ਅਤੇ ਦੋਵਾਂ ਦੇ ਪਰਿਵਾਰਕ ਸਬੰਧ ਹਨ| ਭਾਵੇਂ ਨਵਜੋਤ ਸਿੱਧੂ ਇਸ ਸਮੇਂ ਕਾਂਗਰਸ ਵਿਚ ਹਨ ਅਤੇ ਕਾਂਗਰਸੀ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰ ਰਹੇ ਹਨ ਅਤੇ ਰਣਜੀਤ ਸਿੰਘ ਗਿੱਲ ਅਕਾਲੀ ਦਲ ਦੀ ਟਿਕਟ ਉਪਰ ਖਰੜ ਹਲਕੇ ਤੋਂ ਚੋਣ ਲੜ ਰਹੇ ਹਨ| ਦੋਵਾਂ ਦੀਆਂ ਪਾਰਟੀਆਂ ਵੱਖ ਵੱਖ ਹੋਣ ਦੇ ਬਾਵਜੂਦ ਵੀ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੈ ਦੋਵੇਂ ਇਕ ਦੂਜੇ ਦੇ ਹਰ ਦੁਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ|
ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਨਵਜੋਤ ਸਿੰਘ ਸਿੱਧੂ ਦੀਆਂ ਤਿੰਨ ਰੈਲੀਆਂ ਨਿਸ਼ਚਤ ਕੀਤੀਆਂ ਗਈਆਂ ਸਨ, ਜਿਹਨਾਂ ਵਿੱਚੋਂ ਪਹਿਲੀ ਰੈਲੀ                ਡੇਰਾਬੱਸੀ, ਦੂਜੀ ਮੁਹਾਲੀ ਅਤੇ ਤੀਜੀ ਖਰੜ ਹਲਕੇ ਵਿਚ ਸੀ| ਜਲਾਲਾਬਾਦ ਅਤੇ ਮੁਹਾਲੀ ਹਲਕੇ ਵਿੱਚ ਤਾਂ ਨਵਜੋਤ ਸਿੱਧੂ ਆਪਣੇ ਅੰਦਾਜ਼ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦਿੱਤੇ ਪਰ ਸਿੱਧੂ ਨੇ ਖਰੜ ਹਲਕੇ ਵਿੱਚ ਜਾਣ ਤੋਂ ਗੁਰੇਜ ਕੀਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਸ੍ਰ. ਨਵਜੋਤ ਸਿੰਘ ਸਿੱਧੂ  ਸਾਢੇ ਤਿੰਨ ਵਜੇ ਦੇ ਕਰੀਬ ਜਲਾਲਾਬਾਦ ਤੋਂ ਚੰਡੀਗੜ੍ਹ ਹਵਾਈ ਅੱਡੇ ਪਹੁੰਚੇ ਸਨ| ਜਿੱਥੋਂ ਉਹ ਡੇਰਾਬੱਸੀ ਵਿੱਚ ਸ੍ਰ. ਦੀਪਇੰਦਰ ਸਿੰਘ ਢਿੱਲੋਂ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਚਲੇ ਗਏ| ਇਸ ਤੋਂ ਬਾਅਦ ਉਹ ਸਾਢੇ ਪੰਜ ਵਜੇ ਦੇ ਕਰੀਬ ਮੁਹਾਲੀ ਦੇ ਫੇਜ਼-8 ਵਿੱਚ ਸਥਿਤ ਦੁਸ਼ਹਿਰਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ  ਅਤੇ ਸਵਾ 6 ਵਜੇ ਤੱਕ ਇਥੇ ਹੀ      ਰਹੇ| ਉਸ ਤੋਂ ਬਾਅਦ ਉਹਨਾਂ ਨੇ ਖਰੜ ਵਿੱਚ ਸ੍ਰ. ਜਗਮੋਹਨ ਸਿੰਘ ਕੰਗ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਜਾਣਾ ਸੀ ਪਰੰਤੂ ਉਹ ਉੱਥੇ ਨਹੀਂ ਗਏ ਅਤੇ ਉਥੇ ਸੰਦੇਸ਼ ਭਿਜਾਵਾਇਆ ਗਿਆ ਕਿ ਸ੍ਰੀ ਸਿੱਧੂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਖਰੜ ਨਹੀਂ ਪਹੁੰਚ              ਸਕਣਗੇ| ਇਸ ਸੰਬੰਧੀ ਹਲਕੇ ਵਿੱਚ ਇਹ ਖੁੰਢ ਚਰਚਾ ਚਲ ਰਹੀ ਹੈ ਕਿ ਸ੍ਰੀ ਸਿੱਧੂ ਨੇ ਖਰੜ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਹੇ ਸ੍ਰ. ਰਣਜੀਤ ਸਿੰਘ ਗਿੱਲ ਨਾਲ ਆਪਣੀ ਦੋਸਤੀ ਪੁਗਾਉਂਦਿਆਂ ਉਹਨਾਂ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਖਰੜ ਰੈਲੀ ਵਿੱਚ ਨਾ ਜਾਣਾ ਹੀ ਬਿਹਤਰ ਸਮਝਿਆ ਅਤੇ ਉਥੇ ਤਬੀਅਤ ਖਰਾਬ ਹੋਣ ਦਾ ਸੁਨੇਹਾ ਭਿਜਵਾ ਦਿੱਤਾ ਹੁਣ ਅਸਲੀਅਤ ਕੀ ਹੈ ਇਹ ਤਾਂ ਸ੍ਰ. ਨਵਜੋਤ ਸਿੱਧੂ ਹੀ ਬਿਹਤਰ ਜਾਣਦੇ ਹਨ ਪਰੰਤੂ ਉਹਨਾਂ ਬਾਰੇ ਖਰੜ ਰੈਲੀ ਵਿੱਚ ਨਾ ਜਾਣਾ ਚਰਚਾ ਦਾ ਵਿਸ਼ਾ ਜਰੂਰ ਬਣ ਗਿਆ ਹੈ|

Leave a Reply

Your email address will not be published. Required fields are marked *