ਨਵਜੋਤ ਸਿੱਧੂ ਨੇ ਬਾਦਲਾਂ ਨੂੰ ਲਾਏ ਰਗੜੇ ਕਿਹਾ ਭੱਜ ‘ਬਾਬਾ ਬਾਦਲ’ ਭੱਜ, ਕੁਰਸੀ ਛੱਡ

ਨਵੀਂ ਦਿੱਲੀ, 16 ਜਨਵਰੀ (ਸ.ਬ.) ਬੀਤੇ ਦਿਨ ਕਾਂਗਰਸ ਦਾ ਹੱਥ ਫੜ੍ਹਨ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਨਵੀਂ ਦਿੱਲੀ ਵਿਖੇ ਕੀਤੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਬਾਦਲਾਂ ਖਿਲਾਫ ਜੰਮ ਕੇ ਭੜਾਸ ਕੱਢੀ ਹੈ| ਮੀਡੀਆ ਸਾਹਮਣੇ ਆਪਣੇ ਦਿਲੀ ਜਜ਼ਬਾਤ ਸਾਂਝੇ ਕਰਦਿਆਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਬਾਦਲ ਨੂੰ ਇੱਥੋਂ ਤੱਕ ਕਹਿ ਦਿੱਤਾ, ‘ਭੱਜ ‘ਬਾਬਾ ਬਾਦਲ’ ਭੱਜ, ਕੁਰਸੀ ਛੱਡ, ਪੰਜਾਬ ਦੀ ਜਨਤਾ ਆ ਰਹੀ ਹੈ’| ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਪੰਜਾਬ ਨੂੰ ਵੇਚ ਕੇ ਖਾ ਗਈ ਹੈ ਅਤੇ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਅਤੇ           ਜੇਕਰ ਨਸ਼ਿਆਂ ਤੇ ਠੱਲ ਨਹੀਂ ਪਾਈ ਗਈ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਮਾੜਾ ਹੋਵੇਗਾ|
ਮੁੱਖ ਮੰਤਰੀ ਬਾਦਲ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਕੁਰਸੀ ਛੱਡ ਕੇ ਦੌੜਨਾ ਹੀ   ਪਵੇਗਾ ਕਿਉਂਕਿ ਪੰਜਾਬ ਦੀ ਜਨਤਾ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਚੁੱਕਾ ਹੈ| ਉਹਨਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੇ ਹਿੱਤਾਂ ਨੂੰ ਆਪਣੇ ਸੁਆਰਥ ਦੀ ਸੂਲੀ ਚਾੜ੍ਹ ਦਿੱਤਾ ਹੈ| ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੰਜਾਬ ਦਾ ਹਾਲ ਅਜਿਹਾ ਹੋ ਗਿਆ ਹੈ ਕਿ ਵਾੜ ਹੀ               ਖੇਤ ਨੂੰ ਖਾਣ ਲੱਗੀ ਹੈ, ਮਤਲਬ ਕਿ ਪੰਜਾਬ ਦੇ ਰਖਵਾਲੇ ਹੀ ਪੰਜਾਬ ਨੂੰ ਬਰਬਾਦ ਕਰਨ ਤੇ ਤੁੱਲੇ ਹੋਏ ਹਨ| ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਸਾਖ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਹੈ ਅਤੇ ਪੰਜਾਬ ਦੇ ਹਾਲਾਤ ਤੇ ਫਿਲਮਾਂ ਬਣ ਰਹੀਆਂ ਹਨ| ਸਿੱਧੂ ਨੇ ਕਿਹਾ ਕਿ ਉਹ ਹਰ ਘਰ ਵਿੱਚ ਨਸ਼ਿਆਂ ਕਾਰਨ ਬੱਚਿਆਂ ਨੂੰ ਮਰਦੇ ਦੇਖਦੇ ਹਨ ਪਰ ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਹਾਲਤ ਬਦ ਤੋਂ ਬੱਦਤਰ ਹੋ ਜਾਵੇਗੀ| ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਵੇਚਣ ਵਾਲਿਆਂ ਦੀ ਉਹ ਪੋਲ ਖੋਲ੍ਹ ਕੇ ਰਹਿਣਗੇ|
ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਨੇ 40 ਸਾਲ ਕਾਂਗਰਸ ਪਾਰਟੀ ਦੀ         ਸੇਵਾ ਕੀਤੀ ਹੈ ਅਤੇ ਇਸ ਲਈ ਉਹ ਪੈਦਾਇਸ਼ੀ ਕਾਂਗਰਸੀ ਹਨ| ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੂੰ ਕੋਈ                 ਪਲੇਟਫਾਰਮ ਚਾਹੀਦਾ ਸੀ| ਸਿੱਧੂ ਨੇ ਕਿਹਾ ਕਿ ਚੋਣਾਂ ਲੜੇ ਬਿਨਾਂ ਉਹ ਪੰਜਾਬ ਲਈ ਕਿਵੇਂ ਕਰ ਸਕਦੇ ਸਨ, ਇਸ ਲਈ ਉਨ੍ਹਾਂ ਨੇ ਕਾਂਗਰਸ ਦਾ ਹੱਥ ਫੜ੍ਹਿਆ ਹੈ|
ਭਾਜਪਾ ਨਾਲੋਂ ਤੋੜ-ਵਿਛੋੜੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੇ ਕੋਈ ਦਿਲੀ ਮਤਭੇਦ ਨਹੀਂ ਸਨ| ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਪੰਜਾਬ ਦੀ ਬਾਦਲ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ ਸੀ|
ਉਹਨਾਂ ਕਿਹਾ ਕਿ ਪੰਜਾਬ ਇਸ          ਸਮੇਂ ਬੁਰੀ ਤਰ੍ਹਾਂ ਕਰਜ਼ੇ ਹੇਠ ਡੁੱਬਿਆ ਹੋਇਆ ਹੈ ਅਤੇ ਪੰਜਾਬ ਦੇ ਸਿਰ ਹੁਣ ਤੱਕ 1.88 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ, ਜਿਸ ਲਈ ਸਿਰਫ ਬਾਦਲ ਸਰਕਾਰ ਜ਼ਿੰਮੇਵਾਰ ਹੈ| ਉਨ੍ਹਾਂ ਕਿਹਾ ਕਿ ਬਾਦਲਾਂ ਕਾਰਨ ਪੰਜਾਬ ਬੁਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਤੇ ਹੁਣ ਸਮਾਂ ਆ ਗਿਆ ਹੈ, ਜਦੋਂ ਬਾਬਾ ਬਾਦਲ ਨੂੰ ਆਪਣਾ ਅਹੁਦਾ ਛੱਡਣਾ ਹੀ                ਪਵੇਗਾ ਕਿਉਂਕਿ ਪੰਜਾਬ ਦੀ ਜਨਤਾ ਸਾਹਮਣੇ ਅਸਲ ਸੱਚ ਆ ਚੁੱਕਾ ਹੈ ਅਤੇ ਜਨਤਾ ਕਦੇ ਵੀ ਬਾਦਲਾਂ ਨੂੰ ਹੁਣ ਅੱਗੇ ਨਹੀਂ ਲਿਆਵੇਗੀ|

Leave a Reply

Your email address will not be published. Required fields are marked *