ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਬਹਿਸ ਲਈ ਵੰਗਾਰਿਆ

ਚੰਡੀਗੜ੍ਹ (ਸ.ਬ.) ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਦਲ ਵਲੋਂ ਉਹਨਾਂ ਉੱਪਰ ਮਰਿਆਦਾ ਭੰਗ ਕਰਨ ਅਤੇ ਮਾੜੀ ਭਾਸ਼ਾ ਵਰਤਣ ਦੇ ਇਲਜਾਮ ਦਾ ਠੋਕਵਾਂ ਜਵਾਬ ਦਿੱਤਾ ਹੈ| ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰ. ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜੇ ਲੋਕ ਉਹਨਾਂ ਉੱਪਰ ਮਰਿਆਦਾ ਭੰਗ ਕਰਨ ਦੇ ਦੋਸ਼ ਲਗਾ ਰਹੇ ਹਨ ਇਹ ਉਹੀ ਲੋਕ ਹਨ ਜਿਹਨਾਂ ਨੇ ਸਪੀਕਰ ਸਾਹਿਬ ਤੇ ਪੇਪਰ ਚੁੱਕ-ਚੁੱਕ ਮਾਰੇ ਸਨ ਅਤੇ ਉਦੋਂ ਉਹਨਾਂ ਦੀ ਮਰਿਆਦਾ ਕਿੱਥੇ ਸੀ| ਸਿੱਧੂ ਨੇ ਕਿਹਾ ਕਿ ਅਕਾਲੀ ਦਲ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹਨ ਜਿਸ ਕਾਰਨ ਜਾਣ ਬੁੱਝ ਸਦਨ ਵਿਚ ਸ਼ੋਰ-ਸ਼ਰਾਬਾ ਪਾਇਆ ਜਾ ਰਿਹਾ ਹੈ| ਉਹਨਾਂ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਜਿੱਥੇ ਚਾਹੁਣ ਉਹਨਾਂ ਨਾਲ ਬਹਿਸ ਕਰ ਲੈਣ ਅਤੇ ਆਪਣੇ ਪਿਆਦਿਆਂ ਨੂੰ ਛੱਡ ਕੇ ਉਹ ਖੁਦ ਮੈਦਾਨ ਵਿਚ ਉਤਰਨ|
ਸ੍ਰ. ਸਿੱਧੂ ਨੇ ਕਿਹਾ ਕਿ 10 ਸਾਲ ਤਕ ਪੰਜਾਬ ਤੇ ਰਾਜ ਕਰਨ ਵਾਲੀ ਅਕਾਲੀ ਸਰਕਾਰ ਆਪਣੀਆਂ ਕੂਰੀਤੀਆਂ ਕਰਕੇ ਸੱਤਾ ਤੋਂ ਵਾਂਝੀ ਹੋ ਗਈ ਅਤੇ ਇਸਨੂੰ ਲੋਕਾਂ ਨੇ ਵਿਰੋਧੀ ਧਿਰ ਜੋਗਾ ਵੀ ਨਹੀਂ ਛੱਡਿਆ| ਹੋਰ ਤਾਂ ਹੋਰ ਉਹਨਾਂ ਇਹ ਵੀ ਕਹਿ ਦਿੱਤਾ ਕਿ ਬਾਦਲਾਂ ਨੂੰ ਤਾਂ ਪੂਰਾ ਪੰਜਾਬ ਹੀ ਗਾਲਾਂ ਕੱਢਦਾ ਹੈ|
ਸਿੱਧੂ ਨੇ ਕਿਹਾ ਕਿ ਬਾਦਲ ਸਿਰਫ ਪਿੱਠ ਵਿੱਚ ਛੁਰਾ ਮਾਰਨਾ ਜਾਣਦੇ ਹਨ| ਉਨ੍ਹਾਂ ਕਿਹਾ ਕਿ ਜਿਹੜੇ ਉਹਨਾਂ ਨੂੰ ਸਦਨ ਵਿੱਚੋਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਉਹਨਾਂ ਨੂੰ ਟਿਮਬਕੱਟੂ ਤਕ ਛੱਡ ਕੇ ਆਊਣਗੇ|

Leave a Reply

Your email address will not be published. Required fields are marked *