ਨਵਜੋਤ ਸਿੱਧੂ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ 4 ਅਧਿਕਾਰੀ ਮੁਅੱਤਲ, 5 ਖਿਲਾਫ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ

ਚੰਡੀਗੜ੍ਹ, 30 ਮਾਰਚ (ਸ.ਬ.) ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਬਰਨਾਲਾ ਵਿਖੇ ਮਹਾਰਾਜਾ ਅਗਰਸੇਨ ਇਨਕਲੇਵ ਵਿੱਚ ਫਲੈਟਾਂ ਦੀ ਉਸਾਰੀ ਵਿੱਚ ਗੰਭੀਰ ਵਿੱਤੀ ਊਣਤਾਈਆਂ ਦੇ ਮਾਮਲੇ ਤੇ ਸਖਤ ਕਾਰਵਾਈ ਕਰਦਿਆਂ ਨਗਰ ਸੁਧਾਰ ਟ੍ਰਸਟ ਬਰਨਾਲਾ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਇਸ ਮਾਮਲੇ ਵਿੱਚ 5ਅਧਿਕਾਰੀਆਂ ਦੇ ਖਿਲਾਫ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ| ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਭਾਗ ਦੇ ਕੰਮ ਕਾਜ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਵਸਨੀਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ ਸ਼ਹਿਰ ਵਿਖੇ ਬਣਾਈ ਮਹਾਰਾਜਾ ਅਗਰਸੇਨ ਇਨਕਲੇਵ ਸਕੀਮ ਦੇ ਬਲਾਕ ਬੀ ਦੇ ਐਲ. ਆਈ. ਜੀ. ਫ਼ਲੈਟਾਂ ਦੀ ਉਸਾਰੀ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ| ਬੁਲਾਰੇ ਨੇ ਦੱਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਕਰਵਾਈ ਗਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਕੰਮ ਨਹੀਂ ਹੋਇਆ, ਉਸ ਦਾ ਵੀ ਭੁਗਤਾਨ ਕੀਤਾ ਗਿਆ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਬੇਨਿਯਮੀਆਂ ਹੋਈਆਂ ਹਨ ਜਿਸ ਕਰਕੇ ਸਰਕਾਰ ਨੂੰ ਵਿੱਤੀ ਨੁਕਸਾਨ ਵੀ ਹੋਇਆ| ਕੰਮ ਦੀ ਕੁਆਲਟੀ ਮਾੜੀ ਸੀ ਅਤੇ ਕੋਈ ਕੁਆਲਟੀ ਕੰਟਰੋਲ ਦਾ ਪ੍ਰਬੰਧ ਨਹੀਂ ਕੀਤਾ ਗਿਆ| ਜਾਂਚ ਵਿੱਚ ਪਾਇਆ ਗਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਬੇਨਿਯਮੀਆਂ ਲੁਕਾਉਣ ਲਈ ਭੁਗਤਾਨ ਰੋਕ ਕੇ ਬਿੱਲ ਐਡਜੈਸਟ ਕਰ ਦਿੱਤੇ| ਇਸ ਦੌਰਾਨ ਸਮਾਂ ਰਹਿੰਦੇ ਫਲੈਟਾਂ ਦਾ ਕਬਜ਼ਾ ਨਾ ਦੇਣ ਕਾਰਨ ਆਰਥਿਕ ਨੁਕਸਾਨ ਝੱਲਣਾ ਪਿਆ|
ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲਿਆਂ ਨੂੰ ਗੰਭੀਰ ਸਮਝਦਿਆਂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਾਰਜ ਸਾਧਕ ਅਧਿਕਾਰੀ ਜਤਿੰਦਰ ਸਿੰਘ ਅਤੇ ਕਾਰਜ ਸਾਧਕ ਅਧਿਕਾਰੀ ਜੀਵਨ ਬਾਂਸਲ, ਸਹਾਇਕ ਟਰੱਸਟ ਇੰਜਨੀਅਰ ਬਲਜੀਤ ਸਿੰਘ, ਟਰੱਸਟ ਇੰਜਨੀਅਰ ਸਤਭੂਸ਼ਣ ਸਚਦੇਵਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ| ਇਸ ਤੋਂ ਇਲਾਵਾ ਉਕਤ ਚਾਰ ਅਧਿਕਾਰੀਆਂ ਅਤੇ ਜੂਨੀਅਰ ਇੰਜਨੀਅਰ ਰਾਮ ਸਿੰਘ ਨੂੰ ਧਾਰਾ (8) ਤਹਿਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ|

Leave a Reply

Your email address will not be published. Required fields are marked *