ਨਵਾਂ ਗ੍ਰਾਊਂ ਤੋਂ ਗਾਇਬ ਅਭਿਸ਼ੇਕ ਦੇ ਕਤਲ ਦੇ ਮਾਮਲੇ ਵਿੱਚ ਡਬਲਿਊ.ਡਬਲਿਊ.ਆਈ.ਸੀ.ਐਸ. ਦੇ ਐਮ. ਡੀ. ਬੀ ਐਸ ਸੰਧੂ ਦੀ ਗ੍ਰਿਫਤਾਰੀ ਦੀ ਚਰਚਾ, ਐਸ ਐੇਸ ਪੀ ਵਲੋਂ ਇਨਕਾਰ

ਨਵਾਂ ਗ੍ਰਾਊਂ ਤੋਂ ਗਾਇਬ ਅਭਿਸ਼ੇਕ ਦੇ ਕਤਲ ਦੇ ਮਾਮਲੇ ਵਿੱਚ ਡਬਲਿਊ.ਡਬਲਿਊ.ਆਈ.ਸੀ.ਐਸ. ਦੇ ਐਮ. ਡੀ. ਬੀ ਐਸ ਸੰਧੂ ਦੀ ਗ੍ਰਿਫਤਾਰੀ ਦੀ ਚਰਚਾ, ਐਸ ਐੇਸ ਪੀ ਵਲੋਂ ਇਨਕਾਰ
ਡੀ ਜੀ ਪੀ ਵਲੋਂ ਮਾਮਲੇ ਦੀ ਜਾਂਚ ਲਈ ਆਈ ਜੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ
ਐਸ. ਏ. ਐਸ. ਨਗਰ, 28 ਮਾਰਚ (ਸ.ਬ.) ਬੀਤੇ ਦਿਨੀ ਪਿੰਜੌਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਗਲੀ-ਸੜੀ ਲਾਸ਼ ਮਿਲਣ ਦੇ ਮਾਮਲੇ (ਜਿਸ ਵਿੱਚ ਪੁਲੀਸ ਵਲੋਂ ਡਬਲਿਊ.ਡਬਲਿਊ. ਆਈ.ਸੀ.ਐਸ. ਦੇ ਐਮ. ਡੀ. ਬੀ ਐਸ ਸੰਧੂ ਨੂੰ ਵੀ ਨਾਮਜਦ ਕੀਤਾ ਗਿਆ ਹੈ) ਦੀ ਜਾਂਚ ਲਈ ਪੰਜਾਬ ਪੁਲੀਸ ਦੇ ਮੁਖੀ ਵਲੋਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ| ਆਈ ਜੀ ਸ਼ਸ਼ੀ ਪ੍ਰਭਾ ਦੀ ਅਗਵਾਈ ਵਿੱਚ ਬਣਾਈ ਗਈ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਐਸ ਐਸ ਪੀ ਮੁਹਾਲੀ ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ਨੂੰ ਸ਼ਾਮਿਲ ਕੀਤਾ ਗਿਆ ਹੈ| ਇਸ ਦੌਰਾਨ ਅੱਜ ਸਾਰਾ ਦਿਨ ਇਹ ਚਰਚਾ ਜੋਰਾਂ ਤੇ ਰਹੀ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਡਬਲਿਊ. ਡਬਲਿਊ. ਆਈ. ਸੀ. ਐਸ. ਦੇ ਐਮ. ਡੀ. ਬੀ ਐਸ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂਕਿ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਹੈ| ਐਸ ਐਸ ਪੀ ਦਾ ਕਹਿਣਾ ਹੈ ਕਿ ਸੰਧੂ ਨੂੰ ਪੁਲੀਸ ਵਲੋਂ ਸੱਦਿਆ ਗਿਆ ਸੀ ਪਰੰਤੂ ਉਹ ਹੁਣ ਤਕ ਪੁਲੀਸ ਕੋਲ ਹਾਜਿਰ ਨਹੀਂ ਹੋਇਆ|
ਇੱਥੇ ਜਿਕਰਯੋਗ ਹੈ ਕਿ ਬੀਤੀ 13 ਮਾਰਚ ਨੂੰ ਨਵਾਂਗਰਾਉਂ ਤੋਂ ਲਾਪਤਾ ਹੋਏ ਅਭਿਸ਼ੇਕ ਨਾਮ ਦੇ ਇੱਕ ਵਿਅਕਤੀ ( ਸੀ. ਟੀ. ਯੂ. ਚੰਡੀਗੜ੍ਹ ਦੀ ਵਰਕਸ਼ਾਪ ਵਿੱਚ ਬਤੌਰ ਡਾਟਾ ਐਟਰੀ ਆਪ੍ਰੇਟਰ ਕੰਮ ਕਰਦਾ ਸੀ) ਦੀ ਲਾਸ਼ ਬੀਤੇ ਦਿਨੀਂ ਪਿੰਜੌਰ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਸੀ| ਇਹ ਲਾਸ਼ ਇੱਕ ਬੋਰੀ ਵਿੱਚ ਬੰਦ ਕਰਕੇ ਸੁੱਟੀ ਹੋਈ ਸੀ ਅਤੇ ਗਲੀ ਸੜੀ ਹਾਲਤ ਵਿੱਚ ਸੀ| ਇਸ ਮਾਮਲੇ ਵਿੱਚ ਮੁੱਢਲੀ ਜਾਂਚ ਉਪਰੰਤ ਪੁਲੀਸ ਨੇ ਨਵਾਂਗਰਾਉਂ ਦੇ ਫੋਰੈਸਟ ਹਿੱਲ ਰਿਜ਼ੋਰਟ ਦੇ ਤਿੰਨ ਮੁਲਾਜਮਾਂ ਬਲਵਿੰਦਰ ਸਿੰਘ ਬੈਂਸ, ਗੁਰਵਿੰਦਰ ਸਿੰਘ ਅਤੇ ਤਰਸੇਮ ਚੰਦ ਨੂੰ ਗ੍ਰਿਫਤਾਰ ਕੀਤਾ ਸੀ| ਇਸ ਸੰਬੰਧੀ ਪੁਲੀਸ ਵਲੋਂ ਆਈ ਪੀ ਸੀ ਦੀ ਧਾਰਾ-302, 365, 201 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਸਬੰਧਿਤ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਨੂੰ 29 ਮਾਰਚ ਤੱਕ ਪੁਲੀਸ ਰਿਮਾਂਡ ਤੇ ਲੈ ਲਿਆ ਸੀ|
ਇਹਨਾਂ ਵਿਅਕਤੀਆਂ ਦੀ ਪੁੱਛਗਿੱਛ ਉਪੰਰਤ ਪੁਲੀਸ ਵਲੋਂ ਇਸ ਮਾਮਲੇ ਵਿੱਚ ਫੋਰੈਸਟ ਹਿੱਲ ਰਿਜ਼ੋਰਟ ਦੇ ਮਾਲਕ ਅਤੇ ਡਬਲਿਊ. ਡਬਲਿਊ. ਆਈ. ਸੀ. ਐਸ. ਕੰਪਨੀ ਦੇ ਐਮ. ਡੀ. ਰਿਟਾ: ਕਰਨਲ ਬੀ. ਐਸ. ਸੰਧੂ ਨੂੰ ਵੀ ਕਤਲ, ਅਗਵਾ ਕਰਨ ਅਤੇ ਸਬੂਤ ਖੁਰਦ-ਬੁਰਦ ਕਰਨ ਤਹਿਤ ਨਾਮਜ਼ਦ ਕਰਕੇ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਪਰੰਤੂ ਕਰਨਲ ਸੰਧੂ ਪੁਲੀਸ ਕੋਲ ਪੇਸ਼ ਨਹੀਂ ਹੋਇਆ| ਇਸ ਸੰਬੰਧੀ ਪੁਲੀਸ ਵਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤੀਆਂ ਗਈਆਂ ਸਕਾਰਪਿਓ ਅਤੇ ਮਹਿੰਦਰਾ ਗੱਡੀਆਂ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਜਿਹੜੀਆਂ ਫੋਰੈਸਟ ਹਿੱਲ ਰਿਜ਼ੋਰਟ ਦੇ ਨਾਂਅ ਤੇ ਰਜਿਸਟਰਡ ਹਨ|
ਇਸ ਸੰਬੰਧੀ ਜ਼ਿਲ੍ਹਾ ਪੁਲੀਸ ਮੁਖੀ ਸ੍ਰ. ਕੁਲਦੀਪ ਸਿੰਘ ਚਾਹਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਕਿ ਪੁਲੀਸ ਵਲੋਂ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹ ਲਾਸ਼ ਨਵਾਂਗਰਾਉਂ ਦੇ ਫੋਰੈਸਟ ਹਿੱਲ ਰਿਜ਼ੋਰਟ ਦੇ ਅੰਦਰ ਬਣੇ ਪਾਣੀ ਦੇ ਟੈਂਕ ਵਿੱਚ ਪਈ ਸੀ ਜਿਸਨੂੰ ਖੁਰਦ-ਬੁਰਦ ਕਰਨ ਲਈ ਉਹ ਉਸਨੂੰ ਪਿੰਜੌਰ ਦੇ ਜੰਗਲਾਂ ਵਿੱਚ ਲੈ ਕੇ ਗਏ ਸਨ ਅਤੇ ਲਾਸ਼ ਨੂੰ ਉਥੇ ਹੀ ਸੁੱਟ ਦਿੱਤਾ ਸੀ| ਉਕਤ ਮੁਲਜ਼ਮਾਂ ਨੇ ਇਹ ਵੀ ਕਬੂਲ ਕੀਤਾ ਸੀ ਕਿ ਇਸ ਲਾਸ਼ ਸਬੰਧੀ ਰਿਜ਼ੋਰਟ ਦੇ ਮਾਲਕ ਬੀ. ਐਸ. ਸੰਧੂ ਨੂੰ ਪੂਰੀ ਜਾਣਕਾਰੀ ਸੀ| ਐਸ ਐਸ ਪੀ ਅਨੁਸਾਰ ਬੀ. ਐਸ. ਸੰਧੂ ਨੂੰ ਉਕਤ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਕਰਾਸ ਐਗਜਾਮੀਨੇਸ਼ਨ ਕੀਤਾ ਜਾਣਾ ਹੈ ਅਤੇ ਅਭਿਸ਼ੇਕ ਦੀ ਮੌਤ ਦੀ ਵਜ੍ਹਾ ਬਾਰੇ ਜਾਣਕਾਰੀ ਹਾਸਲ ਕੀਤੀ ਜਾਣੀ ਹੈ|

Leave a Reply

Your email address will not be published. Required fields are marked *