ਨਵੀਂ ਮਾਈਨਿੰਗ ਪਾਲਿਸੀ ਵਿੱਚ ਪੇਂਡੂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਦੀ ਮੱਦ ਵੀ ਸ਼ਾਮਲ ਕੀਤੀ ਜਾਵੇ : ਲਖਵਿੰਦਰ ਕੌਰ ਗਰਚਾ

ਨਵੀਂ ਮਾਈਨਿੰਗ ਪਾਲਿਸੀ ਵਿੱਚ ਪੇਂਡੂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਦੀ ਮੱਦ ਵੀ ਸ਼ਾਮਲ ਕੀਤੀ ਜਾਵੇ : ਲਖਵਿੰਦਰ ਕੌਰ ਗਰਚਾ

ਬੀਬੀ ਗਰਚਾ ਨੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੁੰ ਲਿਖਿਆ ਪੱਤਰ
ਖਰੜ, 26 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਲਈ ਬਣਾਈ ਜਾ ਰਹੀ ਨਵੀਂ ਮਾਇਨਿੰਗ ਪਾਲਿਸੀ ਵਿੱਚ ਮਾਈਨਿੰਗ ਕਰਨ ਵਾਲੀਆਂ ਖੱਡਾਂ ਨੇੜਲੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਬਾਰੇ ਵੀ ਮੱਦ ਸ਼ਾਮਲ ਕੀਤੀ ਜਾਵੇ|
ਇਸ ਪੱਤਰ ਵਿੱਚ ਬੀਬੀ ਗਰਚਾ ਨੇ ਲਿਖਿਆ ਹੈ ਕਿ ਖਰੜ ਇਲਾਕੇ ਵਿੱਚ ਜਿੰਨੀਆਂ ਵੀ ਖੱਡਾਂ ਵਿਚੋਂ ਮਾਈਨਿੰਗ ਹੋ ਰਹੀ ਹੈ, ਉਹਨਾਂ ਖੱਡਾਂ ਨੇੜਲੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਇਹਨਾਂ ਖੱਡਾਂ ਵਿਚੋਂ ਰੇਤਾ ਬਜਰੀ ਪੱਥਰ ਆਦਿ ਲੈ ਕੇ ਜਾਣ ਵਾਲੇ ਕ੍ਰੈਸ਼ਰ, ਵੱਡੇ ਟਰੱਕ ਆਦਿ ਇਹਨਾਂ ਪਿੰਡਾਂ ਦੀ ਲਿੰਕ ਸੜਕਾਂ ਤੋਂ ਹੀ ਗੁਜਰਦੇ ਹਨ| ਇਹਨਾਂ ਭਾਰੀ ਭਰਕਮ ਟਰਾਲਿਆਂ ਕਾਰਨ ਇਹਨਾਂ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟ ਗਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੇਂਦਾ ਹੈ| ਇਹਨਾਂ ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ ਹਰ ਦਿਨ ਵਾਂਗ ਹੀ ਹਾਦਸੇ ਵਾਪਰ ਰਹੇ ਹਨ| ਉਹਨਾਂ ਲਿਖਿਆ ਹੈ ਕਿ ਪੰਜਾਬ ਲਈ ਨਵੀਂ ਮਾਇਨਿੰਗ ਪਾਲਿਸੀ ਬਣਾਉਣ ਦਾ ਫੈਸਲਾ ਸਵਾਗਤਯੋਗ ਹੈ ਅਤੇ ਇਸ ਪਾਲਿਸੀ ਦੇ ਲਾਗੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੇ ਭਾਅ ਰੇਤਾ ਬਜਰੀ ਮਿਲਣਗੇ| ਉਹਨਾਂ ਕਿਹਾ ਕਿ ਇਸ ਪਾਲਿਸੀ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ| ਉਹਨਾਂ ਕਿਹਾ ਕਿ ਇਸ ਪਾਲਿਸੀ ਨਾਲ ਸਰਕਾਰ ਨੂੰ ਜੋ ਆਮਦਨ ਹੋਵੇਗੀ, ਉਸ ਆਮਦਨ ਦਾ ਕੁੱਝ ਹਿੱਸਾ ਉਹਨਾਂ ਪਿੰਡਾਂ ਨੂੰ ਵੀ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਲਈ ਦਿੱਤਾ ਜਾਣਾ ਚਾਹੀਦਾ ਹੈ ਜਿਹਨਾਂ ਪਿੰਡਾਂ ਦੇ ਵਿਚੋਂ ਦੀ ਮਾਈਨਿੰਗ ਵਾਲੇ ਟਰਾਲੇ ਲੰਘਦੇ ਹਨ ਤਾਂ ਕਿ ਇਹਨਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਵਿੱਚ ਸੁਧਾਰ ਹੋ ਸਕੇ| ਬੀਬੀ ਗਰਚਾ ਨੇ ਇਸ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ, ਕੈਬਿਨਟ ਮੰਤਰੀ ਤ੍ਰਿਪਤ ਬਾਜਵਾ, ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਵੀ ਭੇਜੀਆਂ ਹਨ|

Leave a Reply

Your email address will not be published. Required fields are marked *