ਨਵੇਂ ਐਸ.ਐਸ.ਪੀ ਨੇ ਕਾਰਜਭਾਰ ਸੰਭਾਲਿਆ ਜਿਲ੍ਹੇ ਵਿੱਚ ਕਿਸੇ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜਤ ਨਹੀਂ: ਕੁਲਦੀਪ ਚਹਿਲ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਨਵੇਂ ਨਿਯੁਕਤ ਪੁਲੀਸ ਮੁੱਖੀ ਸ੍ਰ. ਕੁਲਦੀਪ ਸਿੰਘ ਚਹਿਲ ਨੇ ਅੱਜ ਆਪਣੇ ਅਹੁਦੇ ਦਾ ਰਸਮੀ ਚਾਰਜ ਸੰਭਾਲ ਲਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਪਹਿਲ ਜਿਲ੍ਹੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਇਮ ਰੱਖਣਾ ਅਤੇ ਲੋਕਾਂ ਦੀਆਂ ਆਸਾਂ ਦੇ ਅਨੁਸਾਰ ਪੁਲੀਸ ਦੀ ਕਾਰਗੁਜਾਰੀ ਵਿੱਚ ਸੁਧਾਰ ਕਰਨਾ   ਹੋਵੇਗਾ| ਉਹਨਾਂ ਕਿਹਾ ਕਿ ਜਿਲ੍ਹਾ ਐਸ.ਏ.ਐਸ.ਨਗਰ ਅਤੇ ਖਾਸ ਕਰਕੇ ਸ਼ਹਿਰ ਵਿੱਚ 90 ਫੀਸਦੀ ਤੋਂ ਵੱਧ ਲੋਕ ਪੜੇ ਲਿਖੇ ਅਤੇ ਕਾਨੂੰਨ ਪਸੰਦ ਹਨ ਜਿਹੜੇ ਪੁਲੀਸ ਅਤੇ ਪ੍ਰਸ਼ਾਸ਼ਨ ਤੋਂ ਵੀ ਆਸ ਕਰਦੇ ਹਨ ਕਿ ਉਹਜਿੰਮੇਵਾਰੀ ਨਾਲ ਕੰਮ ਕਰਨ ਮੁਹਾਲੀ ਸ਼ਹਿਰ ਚੰਡੀਗੜ੍ਹ ਦੇ ਨਾਲ ਲੱਗਦਾ ਹੋਣ ਅਤੇ ਚੰਡੀਗੜ੍ਹ ਵਿੱਚ ਪੁਲੀਸ ਅਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਦੇ ਅਨੁਸਾਰ ਉਹਨਾਂ ਦੀਆਂ ਆਸਾਂ ਵੀ ਵੱਧ ਹੁੰਦੀਆਂ ਹਨ ਅਤੇ ਉਹ ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਣਗੇ|
ਇਸ ਮੌਕੇ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਪੁਲੀਸ ਵਲੋਂ ਹੁੱਲੜਬਾਜਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਆਮ ਲੋਕਾਂ ਨੂੰ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਨ ਵੇਲੇ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਉਹ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣਗੇ|  ਇਥੇ ਇਹ ਜਿਕਰਯੋਗ ਹੈ ਕਿ ਸ੍ਰ. ਕੁਲਦੀਪ ਸਿੰਘ ਚਾਹਲ ਨੂੰ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੂੰ ਫਤਹਿਗੜ੍ਹ ਸਾਹਿਬ ਦਾ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ|
ਇਸ ਮੌਕੇ ਚਾਰਜ ਸੰਭਾਲਣ ਤੋਂ ਪਹਿਲਾਂ ਨਵੇ ਜਿਲ੍ਹਾ ਪੁਲੀਸ ਮੁੱਖੀ ਸ੍ਰੀ ਚਾਹਿਲ ਨੂੰ ਜਿਲ੍ਹਾ ਪੁਲੀਸ ਦੀ  ਟੁਕੜੀ ਵੱਲੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ| ਇਸ ਮੌਕੇ ਐਸ.ਪੀ. (ਹੈ.ਕੁ) ਜਗਜੀਤ ਸਿੰਘ ਜੱਲਾ ਸਮੇਤ ਜਿਲ੍ਹਾ ਪੁਲੀਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚਾਹਿਲ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾ ਬਿਨ੍ਹਾਂ ਕਿਸੇ ਡਰ ਭੈ ਤੋਂ ਅਤੇ ਅਮਨ ਅਮਾਨ ਨਾਲ ਕਰਾਉਣ ਲਈ ਜਿਲ੍ਹਾ ਪੁਲੀਸ ਪੂਰੀ ਮੁਸਤੈਦੀ ਨਾਲ ਕੰਮ ਕਰੇਗੀ|

Leave a Reply

Your email address will not be published. Required fields are marked *