ਨਵੇਂ ਦਹਾਕੇ ਵਿੱਚ ਖੇਡਾਂ ਦੇ ਖੇਤਰ ਵਿੱਚ ਨਵੀਆਂ ਸਫਲਤਾਵਾਂ ਦੀ ਉਮੀਦ
ਸ਼ਤਾਬਦੀ ਦੇ ਪਹਿਲੇ ਦੋ ਦਹਾਕਿਆਂ ਨੂੰ ਖੇਡਾਂ ਦਾ ਮਜਬੂਤ ਆਧਾਰ ਬਣਾਉਣ ਵਾਲਾ ਕਿਹਾ ਗਿਆ ਤਾਂ ਇਸ ਤੀਜੇ ਦਹਾਕੇ ਨੂੰ ਨਤੀਜਾ ਦੇਣ ਵਾਲਾ ਮੰਨ ਸਕਦੇ ਹਾਂ। ਇਸ ਦਹਾਕੇ ਵਿੱਚ ਖੇਡਾਂ ਦੇ ਮਹਾਕੁੰਭ ਮਤਲਬ ਓਲੰਪਿਕ ਦੇ ਤਿੰਨ ਆਯੋਜਨ ਹੋਣੇ ਹਨ। ਇਸ ਸਾਲ ਟੋਕਿਓ ਓਲੰਪਿਕ ਹੋ ਰਿਹਾ ਹੈ। ਪਿਛਲਾ ਲਗਭਗ ਪੂਰਾ ਸਾਲ ਕੋਰੋਨਾ ਦੀ ਭੇਂਟ ਚੜ੍ਹ ਜਾਣ ਕਾਰਨ ਅਜਿਹਾ ਹੋ ਸਕਦਾ ਹੈ ਕਿ ਟੋਕਿਓ ਓਲੰਪਿਕ ਵਿੱਚ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਨਾ ਕਰ ਸਕੀਏ। ਪਰ 2024 ਦੇ ਪੈਰਿਸ ਅਤੇ 2028 ਦੇ ਲਾਸ ਏਂਜਲਸ ਓਲੰਪਿਕ ਵਿੱਚ ਕਸਰ ਪੂਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਕਿ੍ਰਕੇਟ ਵਿੱਚ ਵੀ ਇਹ ਦਹਾਕਾ ਸਾਡੇ ਲਈ ਆਪਣੇ ਰਵਾਇਤੀ ਵਿਰੋਧੀਆਂ ਦੇ ਸਾਹਮਣੇ ਨਵੀਆਂ ਚੁਣੌਤੀਆਂ ਪੇਸ਼ ਕਰਨ ਦਾ ਹੈ।
ਹਾਕੀ ਵਿੱਚ ਉਮੀਦ
ਸਾਡੇ ਲਈ ਇਸ ਦਹਾਕੇ ਦੀ ਪ੍ਰਮੁੱਖ ਚੁਣੌਤੀ ਓਲੰਪਿਕ ਹਾਕੀ ਵਿੱਚ ਪੋਡਿਅਮ ਉੱਤੇ ਚੜ੍ਹਨ ਦੀ ਹੈ। ਭਾਰਤੀ ਟੀਮ ਨੇ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਐਫਆਈਐਚ ਪ੍ਰੋ ਲੀਗ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਵਿਸ਼ਵ ਰੈਂਕਿੰਗ ਵਿੱਚ ਚੌਥਾ ਸਥਾਨ ਹਾਸਲ ਕੀਤਾ ਅਤੇ ਇਹ ਉਮੀਦ ਬਣਾਈ ਕਿ 40 ਸਾਲਾਂ ਤੋਂ ਪੋਡਿਅਮ ਤੋਂ ਚੱਲੀ ਆ ਰਹੀ ਦੂਰੀ ਟੋਕਿਓ ਓਲੰਪਿਕ ਵਿੱਚ ਖਤਮ ਹੋ ਸਕਦੀ ਹੈ। ਭਾਰਤੀ ਟੀਮ ਦੇ ਮੁੱਖ ਕੋਚ ਗਰਾਹਮ ਰੀਡ ਦਾ ਮੰਨਣਾ ਹੈ ਕਿ ਬੈਂਗਲੁਰੂ ਵਿੱਚ ਚਾਰ ਮਹੀਨੇ ਚੱਲੇ ਕੈਂਪ ਦੇ ਦੌਰਾਨ ਖਿਡਾਰੀ ਆਪਣੀ ਫਿਟਨੈਸ ਅਤੇ ਕੁਸ਼ਲਤਾ ਨੂੰ ਸਾਲ ਦੀ ਸ਼ੁਰੂਆਤ ਵਾਲੇ ਪੱਧਰ ਤੱਕ ਪਹੁੰਚਾਉਣ ਵਿੱਚ ਸਫਲ ਰਹੇ ਹਨ। ਉਂਝ ਟੀਮ ਨੂੰ ਪਿਛਲੇ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਆਪਣੀ ਸਮਰੱਥਾ ਪਰਖਣ ਦਾ ਮੌਕਾ ਨਹੀਂ ਮਿਲਿਆ ਹੈ ਪਰ ਢਾਕਾ ਵਿੱਚ ਹੋਣ ਵਾਲੀ ਏਸ਼ੀਆਈ ਚੈਂਪੀਅੰਸ ਟਰਾਫੀ ਅਤੇ ਫਿਰ ਐਫਆਈਐਚ ਪ੍ਰੋ ਲੀਗ ਦੇ ਅਪ੍ਰੈਲ ਤੋਂ ਮਈ ਤੱਕ ਹੋਣ ਵਾਲੇ ਮੁਕਾਬਲਿਆਂ ਵਿੱਚ ਉਸਨੂੰ ਚੰਗਾ ਮੈਚ ਅਭਿਆਸ ਮਿਲਣ ਵਾਲਾ ਹੈ।
ਪੀਵੀ ਸਿੰਧੂ ਲਈ ਇਸ ਦਹਾਕੇ ਵਿੱਚ ਆਪਣੇ ਓਲੰਪਿਕ ਚਾਂਦੀ ਦੇ ਤਮਗੇ ਨੂੰ ਸੋਨੇ ਦੇ ਤਮਗੇ ਵਿੱਚ ਬਦਲਨ ਦੀ ਚੁਣੌਤੀ ਹੋਵੇਗੀ। ਉਂਝ 2016 ਦੇ ਰਿਓ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਉਨ੍ਹਾਂ ਨੇ ਦਿਖਾ ਦਿੱਤਾ ਹੈ ਕਿ ਉਨ੍ਹਾਂ ਵਿੱਚ ਓਲੰਪਿਕ ਸੋਨਾ ਪਾਉਣ ਦਾ ਵੀ ਮੂਲ ਤੱਤ ਹੈ। ਉਨ੍ਹਾਂ ਦੇ ਸਾਹਮਣੇ ਇਸ ਨਵੇਂ ਦਹਾਕੇ ਵਿੱਚ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਸਥਾਨ ਪਾਉਣ ਦੀ ਵੀ ਚੁਣੌਤੀ ਹੋਵੇਗੀ। ਭਾਰਤੀ ਦਿੱਗਜ ਸ਼ਟਲਰ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ, ਐਚਐਸ ਪ੍ਰਣਏ, ਬੀ ਸਾਈ ਪ੍ਰਣੀਤ ਸਾਰੇ ਪਿਛਲੇ ਦਹਾਕੇ ਦੇ ਹੀਰੋ ਰਹੇ ਹਨ। ਅਗਲੇ ਇੱਕ – ਦੋ ਸਾਲਾਂ ਵਿੱਚ ਮੌਜੂਦਾ ਦਿੱਗਜਾਂ ਦਾ ਸਥਾਨ ਲੈਣ ਲਈ ਨੌਜਵਾਨ ਪ੍ਰਤਿਭਾਸ਼ਾਲੀ ਸ਼ਟਲਰ ਵੀ ਤਿਆਰ ਹਨ। ਇਹਨਾਂ ਵਿੱਚ ਲਕਸ਼ ਸੇਨ, ਰੋਹਨ ਗੁਰਬਾਨੀ, ਵਰੁਣ ਕਪੂਰ, ਤਸਨੀਮ ਮੀਰ ਅਤੇ ਗਾਇਤਰੀ ਗੋਪੀਚੰਦ ਦੇ ਨਾਮ ਲਏ ਜਾ ਸਕਦੇ ਹਨ। ਇਹਨਾਂ ਵਿੱਚ ਬਾਕੀ ਨੌਜਵਾਨਾ ਨੂੰ ਸੀਨੀਅਰ ਸਰਕਿਟ ਵਿੱਚ ਪੈਰ ਜਮਾਉਣ ਵਿੱਚ ਤਿੰਨ-ਚਾਰ ਸਾਲ ਦਾ ਸਮਾਂ ਲੱਗ ਸਕਦਾ ਹੈ ਪਰ ਲਕਸ਼ ਸੇਨ ਸੀਨੀਅਰ ਪੱਧਰ ਤੇ ਧਮਾਕਾ ਕਰਨ ਨੂੰ ਤਿਆਰ ਹਨ।
ਭਾਰਤੀ ਖਿਡਾਰੀਆਂ ਤੋਂ ਕਿਸੇ ਇੱਕ ਖੇਡ ਵਿੱਚ ਸਭ ਤੋਂ ਜ਼ਿਆਦਾ ਉਮੀਦ ਹੈ ਤਾਂ ਉਹ ਹੈ ਨਿਸ਼ਾਨੇਬਾਜੀ। ਇਸ ਵਿੱਚ ਹੁਣ ਕਮਾਨ ਸੌਰਭ ਚੌਧਰੀ, ਮਨੂੰ ਭਾਕਰ, ਦਿਵਿਆਂਸ਼ ਸਿੰਘ ਪੰਵਾਰ, ਜਸਵਾਨ ਦੇਸਵਾਲ ਅਤੇ ਐਸ਼ਵਰਿਆ ਸਿੰਘ ਤੋਮਰ ਦੇ ਹੱਥਾਂ ਵਿੱਚ ਹੈ। ਇਹ ਸਭ 18 ਤੋਂ 22 ਸਾਲ ਦੇ ਵਿੱਚ ਹਨ। ਸਾਫ ਹੈ ਕਿ ਇਹਨਾਂ ਵਿਚੋਂ ਜਿਆਦਾਤਰ ਦਾ ਇਸ ਪੂਰੇ ਦਹਾਕੇ ਵਿੱਚ ਜਲਵਾ ਦਿਖਣ ਵਾਲਾ ਹੈ। ਇਹ ਸਾਰੇ ਨੌਜਵਾਨ ਨਿਸ਼ਾਨੇਬਾਜ ਆਈਐਸਐਸਐਫ ਵਿਸ਼ਵ ਕੱਪਾਂ ਵਿੱਚ ਤਮਗਿਆਂ ਤੇ ਨਿਸ਼ਾਨੇ ਸਾਧ ਚੁੱਕੇ ਹਨ। ਇਹ ਉਮਰ ਵਿੱਚ ਛੋਟੇ ਜਰੂਰ ਹਨ ਪਰ ਅੰਤਰਰਾਸ਼ਟਰੀ ਅਨੁਭਵ ਦੇ ਮਾਮਲੇ ਵਿੱਚ ਕਾਫੀ ਮਜਬੂਤ ਹਨ। ਭਾਰਤ ਨੇ ਓਲੰਪਿਕ ਖੇਡਾਂ ਦੀ ਨਿਸ਼ਾਨੇਬਾਜੀ ਵਿੱਚ ਹੁਣ ਤੱਕ ਅਭਿਨਵ ਬਿੰਦਰਾ ਦੇ ਗੋਲਡ ਸਮੇਤ ਕੁਲ ਚਾਰ ਤਮਗੇ ਜਿੱਤੇ ਹਨ। ਮੌਜੂਦਾ ਯੰਗ ਬਿ੍ਰਗੇਡ ਇੱਕ ਹੀ ਓਲੰਪਿਕ ਵਿੱਚ ਇਸਤੋਂ ਜ਼ਿਆਦਾ ਤਮਗਿਆਂ ਤੇ ਨਿਸ਼ਾਨੇ ਸਾਧਣ ਦੀ ਸਮਰੱਥਾ ਰੱਖਦੀ ਹੈ। ਜੇਕਰ ਇਨ੍ਹਾਂ ਨੂੰ ਸਹੀ ਮਾਰਗਦਰਸ਼ਨ ਮਿਲਿਆ ਤਾਂ ਭਾਰਤ ਦੀ ਓਲੰਪਿਕ ਵਿੱਚ ਦਰਜਨ ਤੋਂ ਜ਼ਿਆਦਾ ਤਮਗੇ ਜਿੱਤਣ ਦੀ ਆਸ ਇਹ ਪੂਰੀ ਕਰ ਸਕਦੇ ਹਨ। ਇਹ ਕੰਮ ਟੋਕਿਓ ਵਿੱਚ ਤਾਂ ਨਹੀਂ ਪਰ ਪੈਰਿਸ ਓਲੰਪਿਕ ਤੱਕ ਪੂਰਾ ਕਰ ਲੈਣ ਦੀ ਉਮੀਦ ਉਨ੍ਹਾਂ ਤੋਂ ਜਰੂਰ ਰੱਖੀ ਜਾ ਸਕਦੀ ਹੈ।
ਐਥਲੈਟਿਕਸ ਨੂੰ ਓਲੰਪਿਕ ਦਾ ਸ਼ੋ ਇਵੈਂਟ ਮੰਨਿਆ ਜਾਂਦਾ ਹੈ ਪਰ ਅਸੀਂ ਪਿਛਲੇ 120 ਸਾਲਾਂ ਤੋਂ ਇਹਨਾਂ ਖੇਡਾਂ ਵਿੱਚ ਕੋਈ ਓਲੰਪਿਕ ਤਮਗਾ ਨਹੀਂ ਜਿੱਤ ਪਾਏ ਹਾਂ। ਨਾਰਮਨ ਪਿ੍ਰਚਾਰਡ ਵੱਲੋਂ ਸੰਨ 1900 ਵਿੱਚ ਜਿੱਤੇ ਗਏ ਦੋ ਤਮਗਿਆਂ ਅਤੇ ਪੀ ਊਸ਼ਾ ਅਤੇ ਮਿਲਖਾ ਸਿੰਘ ਦੇ ਤਮਗੇ ਦੇ ਕਰੀਬ ਪੁੱਜਣ ਦੀਆਂ ਕਹਾਣੀਆਂ ਨਾਲ ਹੀ ਅਸੀਂ ਪ੍ਰੇਰਨਾ ਹਾਸਿਲ ਕਰਦੇ ਰਹਿੰਦੇ ਹਾਂ। ਹੁਣ ਜੈਵਲਿਨ ਥਰੋਅਰ ਨੀਰਜ ਚੋਪੜਾ, ਦੌੜਾਕ ਹਿਮਾ ਦਾਸ ਅਤੇ ਯੂਸੀ ਚਿਤਰਾ ਇਸ ਦਹਾਕੇ ਵਿੱਚ ਤਮਗਿਆਂ ਨਾਲ ਸਾਡੀ ਦੂਰੀ ਖਤਮ ਹੋਣ ਦਾ ਭਰੋਸਾ ਜਗਾ ਰਹੇ ਹਨ। ਇਸੇ ਤਰ੍ਹਾਂ ਵੇਟਲਿਫਟਰ ਸੇਖੋਮ ਮੀਰਾਬਾਈ ਚਾਨੂ, ਜੇਰੇਮੀ ਲਾਲਰੀਨੁੰਗਾ, ਸਾਇਕਲਿਸਟ ਏਸ਼ੋ ਏਲਬੇਨ ਅਤੇ ਮੁੱਕੇਬਾਜ ਅਮਿਤ ਪੰਘਾਲ ਅਤੇ ਵਿਕਾਸ ਕਿ੍ਰਸ਼ਣ ਇਸ ਦਹਾਕੇ ਵਿੱਚ ਭਾਰਤ ਦਾ ਝੰਡਾ ਲਹਿਰਾਉਂਦੇ ਨਜ਼ਰ ਆ ਸਕਦੇ ਹਨ।
ਦੇਸ਼ ਦੇ ਸਭਤੋਂ ਲੋਕਪਿ੍ਰਅ ਖੇਡ ਕਿ੍ਰਕੇਟ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਸਫਲ ਕਪਤਾਨ ਭਾਵੇਂ ਹੋਣ, ਆਪਣੀ ਕਪਤਾਨੀ ਵਿੱਚ ਵਿਸ਼ਵ ਕੱਪ ਜਿੱਤਣ ਦਾ ਮਾਣ ਉਹ ਹਾਸਿਲ ਨਹੀਂ ਕਰ ਸਕੇ ਹਨ। ਆਈਸੀਸੀ ਵਿਸ਼ਵ ਕੱਪ ਦਾ 2023 ਵਿੱਚ ਭਾਰਤ ਵਿੱਚ ਹੀ ਆਯੋਜਨ ਹੋਣਾ ਹੈ। ਉਦੋਂ ਉਨ੍ਹਾਂ ਦੇ ਸਾਮਨੇ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ ਘਰ ਵਿੱਚ ਵਿਸ਼ਵ ਕੱਪ ਜਿੱਤਣ ਦਾ ਸੁਨਹਿਰਾ ਮੌਕਾ ਹੋਵੇਗਾ। ਉਸਤੋਂ ਪਹਿਲਾਂ ਇਸ ਸਾਲ ਉਨ੍ਹਾਂ ਨੂੰ ਘਰ ਵਿੱਚ ਟੀ-20 ਵਿਸ਼ਵ ਕੱਪ ਖੇਡਣ ਦਾ ਵੀ ਮੌਕਾ ਮਿਲੇਗਾ। ਟੀਮ ਇੰਡੀਆ ਦੇ ਸਾਹਮਣੇ ਇਸ ਦਹਾਕੇ ਵਿੱਚ ਟੈਸਟ ਅਤੇ ਵਨ ਡੇ ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਪੁੱਜਣ ਦੀ ਚੁਣੌਤੀ ਵੀ ਹੈ। ਹਰ ਦਹਾਕਾ ਖਿਡਾਰੀਆਂ ਲਈ ਬਦਲਾਓ ਲੈ ਕੇ ਆਉਂਦਾ ਹੈ। ਇਸ ਦੌਰਾਨ ਕੁੱਝ ਖਿਡਾਰੀਆਂ ਦੀ ਟੀਮ ਤੋਂ ਵਿਦਾਈ ਹੁੰਦੀ ਹੈ ਤਾਂ ਕੁੱਝ ਨੌਜਵਾਨ ਆਪਣੀ ਥਾਂ ਪੱਕੀ ਕਰਦੇ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਦੇਸ਼ ਵਿੱਚ ਨੌਜਵਾਨ ਪ੍ਰਤਿਭਾਸ਼ਾਲੀ ਕਿ੍ਰਕੇਟਰਾਂ ਦੀ ਕਮੀ ਨਹੀਂ ਹੈ। ਸ਼ੁਭਮਨ ਗਿਲ ਅਤੇ ਪਿ੍ਰਥਵੀ ਸ਼ਾ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ, ਪਰ ਆਉਣ ਵਾਲੇ ਸਾਲਾਂ ਵਿੱਚ ਯਸ਼ਸਵੀ ਜੈਸਵਾਲ, ਪਿ੍ਰਅਮ ਗਰਗ, ਦੇਵੀਦੱਤ ਪਡਿੱਕਲ, ਰਵੀ ਬਿਸ਼ਨੋਈ ਅਤੇ ਕਾਰਤਿਕ ਤਿਆਗੀ ਟੀਮ ਇੰਡੀਆ ਦਾ ਸਿਤਾਰਾ ਬੁਲੰਦ ਕਰਦੇ ਨਜ਼ਰ ਆ ਸਕਦੇ ਹਨ।
ਮਹਿਲਾ ਕਿ੍ਰਕੇਟ ਚੈਂਪੀਅਨਸ਼ਿਪ
ਭਾਰਤੀ ਮਹਿਲਾ ਕਿ੍ਰਕੇਟ ਟੀਮ ਦੀ ਕਪਤਾਨ ਮਿਤਾਲੀ ਰਾਜ ਆਪਣੀ ਅਗਵਾਈ ਵਿੱਚ ਟੀਮ ਨੂੰ 2017 ਵਿਸ਼ਵ ਕੱਪ ਵਿੱਚ ਫਾਈਨਲ ਤੱਕ ਤਾਂ ਲੈ ਗਈ ਪਰ ਚੈਂਪੀਅਨ ਨਹੀਂ ਬਣਾ ਸਕੀ ਸੀ। ਟੀ – 20 ਕਿ੍ਰਕੇਟ ਤੋਂ ਉਹ ਸੰਨਿਆਸ ਲੈ ਚੁੱਕੀ ਹੈ ਪਰ 2022 ਵਿੱਚ ਨਿਊਜੀਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਦਾ ਸੁਪਨਾ ਦੇਖ ਰਹੀ ਹੈ। ਉਨ੍ਹਾਂ ਦਾ ਇਹ ਸੁਫ਼ਨਾ ਸ਼ੇਫਾਲੀ ਵਰਮਾ ਅਤੇ ਜੇਮਿਮਾ ਰੋਡਰਿਗ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਹੀ ਪੂਰਾ ਕਰ ਸਕਦੀਆਂ ਹਨ। ਕੁਲ ਮਿਲਾ ਕੇ ਅਸੀਂ ਇਹ ਜਰੂਰ ਕਹਿ ਸਕਦੇ ਹਾਂ ਕਿ ਮੌਜੂਦਾ ਦਹਾਕਾ ਭਾਰਤੀ ਖੇਡਾਂ ਲਈ ਪਿਛਲੇ ਦਹਾਕਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਫਲਤਾਵਾਂ ਦਿਵਾਉਣ ਵਾਲਾ ਸਾਬਿਤ ਹੋਵੇਗਾ।
ਮਨੋਜ ਚਤੁਰਵੇਦੀ