ਨਵੇਂ ਬੱਸ ਅੱਡੇ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਨੂੰ ਹਲ ਕਰੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਵਿੱਚ ਬਣਾਏ ਗਏ ਨਵੇਂ ਅੰਤਰਰਾਜੀ ਬੱਸ ਅੱਡੇ (ਜਿਸਦਾ ਰਸਮੀ ਉਦਘਾਟਨ ਛੇ ਮਹੀਨੇ ਪਹਿਲਾਂ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਬਹੁਤ ਜੋਰ ਸ਼ੋਰ ਨਾਲ ਕੀਤਾ ਗਿਆ ਸੀ) ਦੇ ਚਾਲੂ ਹੋਣ ਤੋਂ ਬਾਅਦ ਤੋਂ ਹੀ ਸਾਡੇ ਸ਼ਹਿਰ ਤੋਂ ਹੋਰਨਾਂ ਥਾਵਾਂ ਤੇ ਆਉਣ ਜਾਣ ਵਾਲੀਆਂ ਬਸਾਂ ਹੁਣ ਇਸ ਨਵੇਂ ਬਸ ਅੱਡੇ ਤੋਂ ਹੀ ਆਉਂਦੀਆਂ ਜਾਂਦੀਆਂ ਹਨ, ਪਰੰਤੂ ਇਸ ਨਵੇਂ ਬੱਸ ਅੱਡੇ ਦੇ ਚਾਲੂ ਹੋਣ ਤੋਂ ਬਾਅਦ ਤੋਂ ਹੀ ਸ਼ਹਿਰ ਵਾਸੀਆਂ ਅਤੇ ਹੋਰਨਾਂ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਲਈ ਨਵੀਆਂ ਮੁਸ਼ਕਿਲਾਂ ਛਿੜ ਗਈਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਦੇ ਨਾਲ-ਨਾਲ ਦੂਜੇ ਸ਼ਹਿਰਾਂ ਵਿਚੋਂ ਆਉਣ ਵਾਲੇ ਲੋਕਾਂ ਨੂੰ ਵੀ ਬੁਰੀ ਤਰ੍ਹਾਂ ਖੱਜਲ ਖੁਆਰ ਹੋਣਾ ਪੈਂਦਾ ਹੈ|
ਇਸ ਨਵੇਂ ਬਸ ਅੱਡੇ ਨੂੰ ਚਾਲੂ ਹੋਏ ਨੂੰ ਛੇ ਮਹੀਨੇ ਤੋਂ ਵੱਧ ਹੋ ਚੁੱਕੇ ਹਨ ਪਰੰਤੂ ਹੁਣ ਤਕ ਸਥਾਨਕ ਪ੍ਰਸ਼ਾਸ਼ਨ ਵਲੋਂ ਸ਼ਹਿਰ ਦੇ ਬਿਲਕੁਲ ਬਾਹਰਵਾਰ ਬਣਾਏ ਗਏ ਇਸ ਬਸ ਅੱਡੇ ਕਾਰਨ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹਲ ਲਈ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ| ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਉਣ ਅਤੇ ਉੱਥੇ ਜਾਣ ਵਾਲੀਆਂ ਸਾਰੀਆਂ ਬਸਾਂ ਭਾਵੇਂ ਇਸ ਨਵੇਂ ਬੱਸ ਅੱਡੇ ਤੋਂ ਹੀ ਹੋ ਕੇ ਜਾਂਦੀਆਂ ਹਨ ਪਰੰਤੂ ਇਸ ਬਸ ਅੱਡੇ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਤਕ ਜਾਣ ਲਈ ਪ੍ਰਸ਼ਾਸ਼ਨ ਵਲੋਂ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਬਸ ਅੱਡੇ ਤਕ ਆਉਣ ਜਾਣ ਲਈ ਜਾਂ ਤਾਂ ਉਹਨਾਂ ਨੂੰ ਨਿੱਜੀ ਗੱਡੀਆਂ ਜਾਂ ਟੈਕਸੀਆਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਜਾਂ ਫਿਰ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ|
ਅਜਿਹੇ ਲੋਕ ਜਿਹਨਾਂ ਨੇ ਕੁੰਭੜਾਂ ਚੌਂਕ, ਫੇਜ਼-7, 8, 9, 10, 11, ਸੈਕਟਰ 66 ਤੋਂ 69 ਜਾਣਾ ਹੁੰਦਾ ਹੈ ਉਹਨਾਂ ਦੀ ਪਰੇਸ਼ਾਨੀ ਸਭ ਤੋਂ ਵੱਧ ਹੈ| ਸ਼ਹਿਰ ਵਿੱਚ ਪਹਿਲਾਂ ਕੰਮ ਕਰਨ ਵਾਲਾ ਬਸ ਅੱਡਾ (ਜਿਹੜਾ ਫੇਜ਼ 8 ਵਿੱਚ ਸਥਿਤ ਸੀ) ਤਕ ਆਉਣ ਜਾਣ ਵਾਲੀਆਂ ਸਾਰੀਆਂ ਬਸਾਂ ਕੁੰਭੜਾ ਚੌਂਕ ਤੋਂ ਹੀ ਹੋ ਕੇ ਲੰਘਿਆ ਕਰਦੀਆਂ ਸਨ ਅਤੇ ਇਹਨਾਂ ਤਮਾਮ ਖੇਤਰਾਂ ਦੇ ਲੋਕਾਂ ਨੂੰ ਵੱਡੀ ਸਹੂਲੀਅਤ ਹੁੰਦੀ ਸੀ ਪਰੰਤੂ ਹੁਣ ਬਸ ਅੱਡੇ ਦੇ ਫੇਜ਼ 6  ਵਿੱਚ ਤਬਦੀਲ ਹੋ ਜਾਣ ਨਾਲ ਇਹਨਾਂ ਲੋਕਾਂ ਨੂੰ ਆਪਣੇ ਘਰ ਤੋਂ ਬਸ ਸਟੈਂਡ ਤਕ ਆਉਣ ਜਾਣ ਲਈ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਸਮੱਸਿਆ ਇੱਕ ਸਿਰਦਰਦ ਬਣ ਗਈ ਹੈ|
ਇਸੇ ਤਰ੍ਹਾਂ ਸ਼ਹਿਰ ਦਾ ਫੇਜ਼-8 (ਜਿੱਥੇ ਜਿਆਦਾਤਰ ਵੱਡੇ ਸਰਕਾਰੀ ਦਫਤਰ ਜਿਵੇਂ ਪੂਡਾ, ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਹੋਰ ਅਹਿਮ ਦਫਤਰ ਵੀ ਬਣੇ ਹੋਏ ਹਨ) ਵੀ ਨਵੇਂ ਬਸ ਅੱਡੇ ਤੋਂ ਬਹੁਤ ਦੂਰ ਹੋ ਗਿਆ ਹੈ| ਪੰਜਾਬ ਭਰ ਤੋਂ ਲੋਕ ਇਹਨਾਂ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਾਜ ਲਈ ਪਹੁੰਚਦੇ ਹਨ| ਨਵਾਂ ਬਸ ਅੱਡਾ ਇੱਥੋਂ ਬਹੁਤ ਜਿਆਦਾ ਦੂਰ ਹੋਣ ਕਾਰਨ  ਅਤੇ ਕੋਈ ਸਿੱਧਾ ਆਟੋ ਇੱਥੋਂ ਤਕ ਨਾ ਆਉਂਦਾ ਹੋਣ ਕਾਰਨ ਲੋਕਾਂ ਨੂੰ ਆਟੋ ਬਦਲ ਕੇ ਇੱਥੇ ਪਹੁੰਚਣਾ ਪੈਂਦਾ ਹੈ ਜਿਸ ਦੌਰਾਨ ਉਹਨਾਂ ਨੂੰਨਾ ਸਿਰਫ ਦੁੱਗਣਾ ਕਿਰਾਇਆ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ ਬਲਕਿ ਉਹਨਾਂ ਦਾ ਕੀਮਤੀ ਸਮਾਂ ਵੀ ਖਰਾਬ ਹੁੰਦਾ ਹੈ| ਸ਼ਾਮ  ਵੇਲੇ ਜਦੋਂ ਪ੍ਰਾਈਵੇਟ ਅਤੇ ਸਰਕਾਰੀ ਦਫਤਰਾਂ ਵਿੱਚ ਛੁੱਟੀ ਹੁੰਦੀ ਹੈ ਉਸ ਵੇਲੇ ਦੂਰ ਨੇੜੇ ਤੋਂ ਸ਼ਹਿਰ ਵਿੱਚ ਆਉਣ ਵਾਲੇ ਕਰਮਚਾਰੀਆਂ ਨੂੰ ਵੀ ਆਪਣੇ ਘਰ ਜਾਣ ਲਈ ਪਹਿਲਾਂ ਸ਼ਹਿਰ ਦੇ ਬਾਹਰਵਾਰ ਬਣੇ ਬਸ ਅੱਡੇ ਤਕ ਜਾਣ ਲਈ ਦੋ ਵਾਰ ਆਟੋ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ| ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਕਾਰਨ ਉਹਨਾਂ ਨੂੰ ਸਮਾਂ ਵੀ ਵੱਧ ਲੱਗਦਾ ਹੈ ਅਤੇ ਇਹਨਾਂ ਕਰਮਚਾਰੀਆਂ ਦੀ ਹਾਲਤ ਉਦੋਂ ਹੋਰ ਵੀ ਤਰਸਯੋਗ ਹੋ ਜਾਂਦੀ ਹੈ ਜਦੋਂ ਬੱਸ ਅੱਡੇ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਬਸ ਤਾਂ ਪਹਿਲਾਂ ਹੀ ਨਿਕਲ ਚੁੱਕੀ ਹੈ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ  ਨਵੇਂ ਬਸ ਅੱਡੇ ਤੋਂ ਫੇਜ਼ 8 ਵਿਚਲੇ ਬਸ ਅੱਡੇ ਤਕ ਲਈ ਲੋਕਲ ਬਸ ਦਾ ਪ੍ਰਬੰਧ ਕੀਤਾ ਜਾਵੇ| ਸ਼ਹਿਰ ਦੀ ਆਪਣੀ ਸਿਟੀ ਬਸ ਸਰਵਿਸ ਦਾ ਪ੍ਰੋਜੈਕਟ ਪਿਛਲੇ ਲੰਬੇ ਸਮੇਂ ਤੋਂ ਲਮਕ ਰਿਹਾ ਹੈ ਅਤੇ  ਜਦੋਂ ਤਕ ਇਹ ਪ੍ਰੋਜੈਕਟ ਚਾਲੂ ਨਹੀਂ ਹੁੰਦਾ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ| ਇਸਦੇ ਨਾਲ ਨਾਲ ਪ੍ਰਸ਼ਾਸ਼ਨ ਵਲੋਂ ਆਟੋ ਚਾਲਕਾਂ ਦੇ ਕਿਰਾਏ ਤੈਅ ਕੀਤੇ ਜਾਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਆਮ ਲੋਕਾਂ ਦੀ ਲੁੱਟ ਦੀ ਕਾਰਵਾਈ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਆਮ ਲੋਕਾਂ ਨੂੰ ਕੁੱਝ ਰਾਹਤ ਮਿਲੇ|

Leave a Reply

Your email address will not be published. Required fields are marked *