ਨਵੇਂ ਬੱਸ ਅੱਡੇ ਜਾਣ ਵਾਲੀਆਂ ਸਵਾਰੀਆਂ ਆਟੋ ਚਾਲਕਾਂ ਤੋਂ ਪਰੇਸ਼ਾਨ ਆਟੋ ਰਿਕਸ਼ਿਆਂ ਦਾ ਕਿਰਾਇਆ ਤੈਅ ਕਰਨ ਦੀ ਮੰਗ

ਐਸ ਏ ਐਸ ਨਗਰ, 23 ਦਸੰਬਰ (ਸ.ਬ.) ਜਦੋਂ ਤੋਂ ਸਾਡੇ ਸ਼ਹਿਰ ਦਾ ਨਵਾਂ ਬੱਸ ਸਟੈਂਡ ਚਾਲੂ ਹੋਇਆ ਹੈ ਉਦੋਂ ਤੋਂ ਹੀ ਆਟੋ ਰਿਕਸ਼ਿਆਂ ਵਾਲਿਆਂ ਵਲੋਂ ਲੋਕਾਂ ਤੋਂ ਮਨਮਰਜੀ ਦੇ ਰੇਟ ਵਸੂਲ ਕੇ ਦਿਨ ਦਿਹਾੜੇ ਲੁਟ ਕੀਤੀ ਜਾ ਰਹੀ ਹੈ| ਆਟੋ ਵਾਲਿਆਂ ਵਲੋਂ ਫੇਜ਼-3ਬੀ 2 ਤੋਂ ਨਵੇਂ ਬੱਸ ਸਟੈਂਡ ਤਕ ਜਾਣ ਦੇ 20 ਰੁਪਏ ਪ੍ਰਤੀ ਸਵਾਰੀ ਵਸੂਲੇ ਜਾ ਰਹੇ ਹਨ, ਜਦੋਂਕਿ ਇਹ ਕਿਰਾਇਆ ਸਿਰਫ 10 ਰੁਪਏ ਪ੍ਰਤੀ ਸਵਾਰੀ ਬਣਦਾ ਹੈ| ਇਸ ਤਰਾਂ ਆਟੋ ਚਾਲਕਾਂ ਵਲੋਂ ਆਮ ਲੋਕਾਂ ਤੋਂ ਵਾਧੂ ਕਿਰਾਇਆ (ਨਿਸਚਿਤ ਕਿਰਾਏ ਤੋਂ ਦੁੱਗਣਾ) ਵਸੂਲਿਆ ਜਾ ਰਿਹਾ ਹੈ ਅਤੇ ਇਹਨਾਂ ਨੂੰ ਰੋਕਣ ਵਾਲਾ ਹੀ ਕੋਈ ਨਹੀਂ| ਇਸ ਕਾਰਨ ਆਮ ਲੋਕਾਂ ਦੀ ਦਿਨ ਦਿਹਾੜੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ|
ਇਸ ਤੋਂ ਇਲਾਵਾ ਆਟੋ ਚਾਲਕਾਂ ਵਲੋਂ 10 ਰੁਪਏ ਦੇ ਸਿੱਕੇ ਵੀ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾਂ ਪੈ ਰਿਹਾ ਹੈ| ਸਵਾਰੀਆਂ ਦਾ ਇਲਜਾਮ ਹੈ ਕਿ ਆਟੋ ਵਾਲਿਆਂ ਵਲੋਂ ਕੀਤੀ ਜਾਂਦੀ ਇਸ ਲੁੱਟ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਇਹਨਾਂ ਉਪਰ ਕੋਈ ਕਾਨੂੰਨ ਹੀ ਲਾਗੂ ਨਾ ਹੁੰਦਾ ਹੋਵੇ|
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਚਲ ਰਹੇ ਵੱਡੀ ਗਿਣਤੀ ਆਟੋ ਚਾਲਕਾਂ ਕੋਲ ਲੋੜੀਂਦੇ ਕਾਗਜ ਹੀ ਪੂਰੇ ਨਹੀਂ ਹੁੰਦੇ, ਇਸ ਤੋਂ ਇਲਾਵਾ ਇਹ ਆਟੋ ਧੂੰਆ ਵੀ ਬਹੁਤ ਮਾਰਦੇ ਹਨ| ਸ਼ਹਿਰ ਵਿੱਚ ਚਲ ਰਹੇ ਵੱਡੀ ਗਿਣਤੀ ਆਟੋ ਰਿਕਸ਼ਿਆਂ ਦੇ ਡਰਾਇਵਰਾਂ ਕੋਲ ਸ਼ਾਇਦ ਡਰਾਇਵਿੰਗ ਲਾJਸੈਂਸ ਹੀ ਨਹੀਂ| ਇਸ ਤੋਂ ਇਲਾਵਾ ਨਾਬਾਲਿਗ ਬੱਚਿਆਂ ਨੂੰ ਵੀ ਆਟੋ ਰਿਕਸ਼ੇ ਚਲਾਉਂਦੇ ਹੋਏ  ਵੇਖਿਆ ਜਾ ਸਕਦਾ ਹੈ|  ਆਟੋ ਚਾਲਕ ਆਟੋਆਂ ਨੂੰ ਏਨੇ ਗਲਤ ਢੰਗ ਨਾਲ ਚਲਾਉਂਦੇ ਹਨ ਕਿ ਹਾਦਸਾ ਵਾਪਰਨ ਦਾ ਡਰ ਪੈਦਾ ਹੋ ਜਾਂਦਾ ਹੈ| ਪੂਰੀ ਸਪੀਡ ਉਪਰ ਜਾ ਰਹੇ ਆਟੋ ਨੂੰ ਆਟੋ ਚਾਲਕ ਕੋਈ ਸਵਾਰੀ ਦੇਖਕੇ ਇਕ ਦਮ ਹੀ ਬ੍ਰੇਕਾਂ ਹੀ ਮਾਰ ਦਿੰਦੇ ਹਨ, ਜਿਸ ਕਰਕੇ ਇਹਨਾਂ ਦੇ ਪਿੱਛੇ ਆ ਰਹੇ ਵਾਹਨ ਚਾਲਕ ਇਹਨਾਂ ਨਾਲ ਟਕਰਾਅ ਜਾਂਦੇ ਹਨ, ਜਿਸ ਕਾਰਨ ਝੱਗੜਾ ਹੋ ਜਾਂਦਾ ਹੈ| ਫਾਲਤੂ ਦੀ ਲੜਾਈ ਲਈ ਇਹ ਆਟੋ ਚਾਲਕ ਪਹਿਲਾਂ ਹੀ ਮੰਨੇ ਹੋਏ ਹਨ| ਇਹ ਆਟੋ ਵਾਲੇ ਅਕਸਰ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਰਹਿੰਦੇ ਹਨ ਪਰ ਟ੍ਰੈਫਿਕ ਪੁਲੀਸ ਵੀ ਇਹਨਾਂ ਆਟੋ ਵਾਲਿਆਂ ਨੂੰ ਕੁਝ ਨਹੀਂ ਕਹਿੰਦੀ| ਇਸ ਕਰਕੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹ ਆਪਣੀ ਫਰਿਆਦ ਲੈ ਕੇ ਕਿਸ ਕੋਲ ਜਾਣ|
ਲੋਕਾਂ ਦੀ ਮੰਗ ਹੈ ਕਿ ਸ਼ਹਿਰ ਵਿੱਚ ਆਟੋ ਰਿਕਸ਼ਿਆਂ ਦੇ ਕਿਰਾਏ ਨਿਸਚਿਤ ਕੀਤੇ ਜਾਣ  ਅਤੇ ਵੱਧ ਕਿਰਾਇਆ ਲੈਣ ਵਾਲੇ ਆਟੋ ਰਿਕਸ਼ਿਆਂ ਦੇ ਸੜਕਾਂ ਉਪਰ ਚੱਲਣ ਉੱਪਰ ਪਾਬੰਦੀ ਲਗਾ ਕੇ ਉਹਨਾਂ ਨੂੰ ਜਬਤ ਕੀਤਾ ਜਾਵੇ ਤਾਂ ਜੋ ਇਹਨਾਂ ਆਟੋ ਚਾਲਕਾਂ ਦੀ ਮਨਮਰਜੀ ਨੂੰ ਨੱਥ ਪਾਈ ਜਾ ਸਕੇ|

Leave a Reply

Your email address will not be published. Required fields are marked *