ਨਵੇਂ ਬੱਸ ਅੱਡੇ ਤੱਕ ਜਾਣ ਲਈ ਕੋਈ ਪ੍ਰਬੰਧ ਕੀਤੇ ਬਿਨਾਂ ਫੇਜ਼ 8 ਦੇ ਬੱਸ ਅੱਡੇ ਨੂੰ ਬੰਦ ਕਰਨ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ

ਨਵੇਂ ਬੱਸ ਅੱਡੇ ਤੱਕ ਜਾਣ ਲਈ ਕੋਈ ਪ੍ਰਬੰਧ ਕੀਤੇ ਬਿਨਾਂ ਫੇਜ਼ 8 ਦੇ ਬੱਸ ਅੱਡੇ ਨੂੰ ਬੰਦ ਕਰਨ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧੀਆਂ

ਹਰ ਪੰਦਰਾਂ ਮਿੰਟਾਂ ਬਾਅਦ ਨਵੇਂ ਅੱਡੇ ਲਈ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ : ਕੁਲਜੀਤ ਸਿੰਘ ਬੇਦੀ
ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਸ਼ਹਿਰ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚਲ ਰਹੇ ਬੱਸ ਅੱਡੇ ਨੂੰ ਸਰਕਾਰ ਦੀਆਂ ਹਿਦਾਇਤਾਂ ਉਪੰਰਤ ਅਚਾਨਕ ਬੰਦ ਕਰਨ ਦੀ ਗਮਾਡਾ ਦੀ ਕਾਰਵਾਈ ਕਾਰਨ ਜਿੱਥੇ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਉੱਥੇ ਆਮ ਲੋਕਾਂ ਵਿੱਚ ਸਰਕਾਰ ਦੀ ਇਸ ਕਾਰਵਾਈ ਪ੍ਰਤੀ ਰੋਸ ਵੀ ਵੱਧਣਾ ਸ਼ੁਰੂ ਹੋ ਗਿਆ ਹੈ| ਫੇਜ਼ 8 ਵਿਚਲੇ ਇਸ ਪੁਰਾਣੇ ਬਸ ਅੱਡੇ ਤੋਂ ਸ਼ਹਿਰ ਦੇ ਬਾਹਰਵਾਰ ਫੇਜ਼ 6 ਵਿੱਚ ਬਣਾਏ ਗਏ ਨਵੇਂ ਬਸ ਅੱਡੇ ਤੱਕ ਪਹੁੰਚਣ ਦਾ ਕੋਈ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਜਾਂ ਤਾਂ ਲੋਕ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਜਾਂ ਫਿਰ ਉਹ ਫੇਜ਼ 6 ਵਾਲੇ ਬੱਸ ਅੱਡੇ ਤੱਕ ਜਾਣ ਦੀ ਥਾਂ ਚੰਡੀਗੜ੍ਹ ਦੇ ਸੈਕਟਰ 43 ਵਿਚਲੇ ਬੱਸ ਅੱਡੇ ਤੇ ਜਾਣ ਨੂੰ ਤਰਜੀਹ ਦੇ ਰਹੇ ਹਨ|
ਗਮਾਡਾ ਵਲੋਂ ਭਾਵੇਂ ਬਸ ਅੱਡੇ ਦੀ ਥਾਂ ਦੇ ਪਲੇਟਫਾਰਮ ਅਤੇ ਬੱਸਾਂ ਦੇ ਖੜ੍ਹਣ ਵਾਲੀ ਪਾਰਕਿੰਗ ਨੂੰ ਜੇ ਸੀ ਬੀ ਮਸ਼ੀਨ ਚਲਾ ਕੇ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਪਾਈਵੇਟ ਬੱਸਾਂ ਵਾਲੇ ਇਸ ਬੱਸ ਅੱਡੇ ਦੇ ਬਾਹਰਵਾਰ ਬੱਸਾਂ ਖੜ੍ਹੀਆਂ ਕਰਕੇ ਉੱਥੋਂ ਸਵਾਰੀਆਂ ਢੋ ਰਹੇ ਹਨ| ਹਾਲਾਂਕਿ ਇਸ ਅੱਧੀ ਅਧੂਰੀ ਬੱਸ ਸਰਵਿਸ ਦਾ ਸ਼ਹਿਰ ਵਾਸੀਆਂ ਨੂੰ ਪੂਰਾ ਫਾਇਦਾ ਨਹੀਂ ਹੋ ਰਿਹਾ ਉਲਟਾ ਉਹਨਾਂ ਵਿੱਚ ਇਹ ਭੁਲੇਖਾ ਬਣਦਾ ਹੈ ਕਿ ਉਹ ਬੱਸ ਲੈਣ ਲਈ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਜਾਣ ਜਾਂ ਫਿਰ ਨਵੇਂ ਬੱਸ ਅੱਡੇ ਵਿੱਚ ਜਾਣ|
ਫੇਜ਼ 8 ਦੇ ਇਸ ਪੁਰਾਣੇ ਬੱਸ ਅੱਡੇ ਤੋਂ ਜਿੱਥੇ ਵੱਖ ਵੱਖ ਸ਼ਹਿਰਾਂ ਲਈ ਬੱਸਾਂ ਚਲਦੀਆਂ ਸਨ ਉਥੇ ਇਸ ਥਾਂ ਤੋਂ ਪੀ ਆਰ ਟੀ ਸੀ ਵਲੋਂ ਪਟਿਆਲਾ ਲਈ ਬੱਸ ਸਰਵਿਸ ਚਲਾਈ ਜਾ ਰਹੀ ਸੀ| ਇਹ ਬੱਸਾਂ ਹੁਣੇ ਵੀ ਇੱਥੋਂ ਹੀ ਚਲ ਰਹੀਆਂ ਹਨ ਪਰੰਤੂ ਗਮਾਡਾ ਵਲੋਂ ਬੱਸ ਅੱਡਾ ਤੋੜ ਦਿੱਤੇ ਜਾਣ ਕਾਰਨ ਇਹ ਬੱਸਾਂ ਹੁਣ ਬੱਸ ਸਟੈਂਡ ਦੇ ਅੱਗੇ ਬਣੀ ਸੜਕ ਜਾਂ ਆਸ ਪਾਸ ਦੀ ਖਾਲੀ ਥਾਂ ਤੇ ਖੜ੍ਹੀਆਂ ਰਹਿੰਦੀਆਂ ਹਨ ਅਤੇ ਉੱਥੋਂ ਹੀ ਸਵਾਰੀਆਂ ਚੁੱਕ ਲੈਂਦੀਆਂ ਹਨ| ਇਸ ਸੰਬੰਧੀ ਗੱਲ ਕਰਨ ਤੇ ਇਨ੍ਹਾਂ ਬੱਸਾਂ ਦੇ ਡ੍ਰਾਈਵਰ ਕੰਡਕਟਰ ਕਹਿੰਦੇ ਹਨ ਕਿ ਉਹਨਾਂ ਨੂੰ ਨਵੇਂ ਬੱਸ ਅੱਡੇ ਤੋਂ ਸਵਾਰੀਆਂ ਨਹੀਂ ਮਿਲਦੀਆਂ ਅਤੇ ਇਸ ਅੱਡੇ ਤੋਂ ਹੀ ਸਵਾਰੀਆਂ ਮਿਲਦੀਆਂ ਹੋਣ ਕਾਰਨ ਉਹ ਫੇਜ਼ 8 ਤੋਂ ਹੀ ਸਵਾਰੀਆਂ ਚੁੱਕ ਰਹੇ ਹਨ|
ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਕਹਿੰਦੇ ਹਨ ਕਿ ਗਮਾਡਾ ਵਲੋਂ ਬਿਨਾ ਕਿਸੇ ਤਿਆਰੀ ਦੇ ਅਤੇ ਲੋਕਾਂ ਲਈ ਬਦਲਵਾਂ ਪ੍ਰਬੰਧ ਕੀਤੇ ਬਿਨਾ ਇਸ ਬਸ ਅੱਡੇ ਦੀ ਢਾਹ ਢੁਹਾਈ ਦੀ ਕਾਰਵਾਈ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਸ਼ਹਿਰ ਦੇ ਲਗਭਗ ਸਾਰੇ ਦਫਤਰ ਜਿਹਨਾਂ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ, ਗਮਾਡਾ ਦਾ ਮੁੱਖ ਦਫਤਰ, ਫੋਰਟਿਸ ਹਸਪਤਾਲ, ਵਨ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਿਖਿਆ ਵਿਭਾਗ ਅਤੇ ਹੋਰ ਕਈ ਅਹਿਮ ਦਫਤਰ ਇਸ ਖੇਤਰ ਵਿੱਚ ਹੀ ਬਣੇ ਹੋਏ ਹਨ ਜਿਹਨਾਂ ਵਿੱਚ ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ| ਬਾਹਰੋਂ ਆਉਣ ਵਾਲੀਆਂ ਬੱਸਾਂ ਫੇਜ਼ 6 ਦੇ ਬੱਸ ਅੱਡੇ ਤੇ ਇਹ ਸਵਾਰੀਆਂ ਉਤਾਰ ਦਿੰਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਫੇਜ਼ 8 ਤੱਕ ਪਹੁੰਚਣ ਵਾਸਤੇ ਆਟੋ ਚਾਲਕਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ| ਅਜਿਹਾ ਹੀ ਵਾਪਸ ਮੁੜਣ ਵੇਲੇ ਵੀ ਹੁੰਦਾ ਹੈ| ਆਟੋ ਵਾਲੇ ਇੱਕ ਪਾਸੇ ਦੇ 50 ਰੁਪਏ (ਸਵਾਰੀ) ਤੋਂ ਘੱਟ ਨਹੀਂ ਲੈਂਦੇ, ਜਿਸ ਕਰਕੇ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ| ਉਹਨਾਂ ਕਿਹਾ ਕਿ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਚਾਲੂ ਹੋਣਾ ਅਜੇ ਦੂਰ ਦੀ ਗਲ ਹੈ ਅਤੇ ਪ੍ਰਸਾਸਨ ਨੂੰ ਚਾਹੀਦਾ ਹੈ ਕਿ ਪੁਰਾਣੇ ਬੱਸ ਅੱਡੇ ਤੋਂ ਹਰ 15 ਮਿੰਟ ਬਾਅਦ ਫੇਜ਼ 6 ਦੇ ਨਵੇਂ ਬੱਸ ਅੱਡੇ ਲਈ ਬੱਸ ਸਰਵਿਸ ਸ਼ੁਰੂ ਚਾਲੂ ਕਰੇ ਤਾਂ ਜੋ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲੇ|

Leave a Reply

Your email address will not be published. Required fields are marked *