ਨਵੇਂ ਬੱਸ ਸਟੈਂਡ ਵਿੱਚ ਦੁਕਾਨਾਂ ਲੈਣ ਦੇ ਚਾਹਵਾਨ ਲੋਕਾਂ ਵਲੋਂ ਕੰਪਨੀ ਉੱਪਰ ਦੁਕਾਨਾਂ ਨਾ ਬਣਾ ਦੇ ਦੇਣ ਦਾ ਦੋਸ਼

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਅੱਜ ਸਥਾਨਕ ਫੇਜ਼ 6 ਵਿਚ ਬਣੇ ਨਵੇਂ ਬੱਸ ਸਟੈਂਡ ਵਿੱਚ ਦੁਕਾਨਾਂ ਲੈਣ ਦੇ ਚਾਹਵਾਨ ਵਿਅਕਤੀ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਅਤੇ ਬੱਸ ਸਟੈਂਡ ਬਣਾਉਣ ਵਾਲੀ ਕੰਪਨੀ ਸੀ ਐਂਡ ਸੀ ਕੰਸਟ੍ਰਕਸ਼ਨ ਲਿਮਟਿਡ ਦੇ ਅਧਿਕਾਰੀਆਂ ਤੋਂ ਬੱਸ ਸਟੈਂਡ ਵਿੱਚ ਦੁਕਾਨਾਂ ਬਣਾ ਕੇ ਦੇਣ ਜਾਂ ਫਿਰ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਦੀਪ ਸਿੰਘ ਨੇ ਦੱਸਿਆ ਕਿ ਇਸ ਕੰਪਨੀ ਨੇ ਸਥਾਨਕ ਬੱਸ ਸਟੈਂਡ ਵਿੱਚ ਦੁਕਾਨਾਂ ਬਣਾ ਕੇ ਦੇਣ ਦਾ ਭਰੋਸਾ ਦੇ ਕੇ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਲੋਕਾਂ ਤੋਂ  ਕਰੋੜਾਂ ਰੁਪਏ ਲੈ ਲਏ ਸਨ ਅਤੇ ਸਾਲ 2001 ਵਿੱਚ ਉਹਨਾਂ ਨੂੰ ਦੁਕਾਨਾਂ ਬਣਾ ਕੇ ਦੇਣੀਆਂ ਸਨ ਪਰ ਹੁਣ 2017 ਵੀ ਬੀਤ ਰਿਹਾ ਹੈ ਪਰ ਅਜੇ ਤੱਕ ਉਹਨਾਂ ਨੂੰ ਦੁਕਾਨਾਂ ਨਹੀਂ ਦਿੱਤੀਆਂ ਗਈਆਂ| ਉਹਨਾਂ ਕਿਹਾ ਕਿ ਉਹਨਾਂ ਨੂੰ ਕੰਪਨੀ ਨੇ ਦੁਕਾਨਾਂ ਤਾਂ ਕੀ ਅਲਾਟ ਕਰਨੀਆਂ ਸਨ ਸਗੋਂ ਅਜੇ ਤੱਕ ਇਹਨਾਂ ਦੁਕਾਨਾਂ ਦੀ ਉਸਾਰੀ ਵੀ ਸ਼ੁਰੂ ਨਹੀਂ ਕੀਤੀ ਗਈ| ਹੁਣ ਪਤਾ ਨਹੀਂ ਇਹ ਦੁਕਾਨਾਂ ਕਦੋਂ ਬਣਨਗੀਆਂ ਅਤੇ ਕਦੋਂ ਉਹਨਾਂ ਨੂੰ ਦੁਕਾਨਾਂ ਦੇ ਕਬਜੇ ਦਿੱਤੇ ਜਾਣਗੇ| ਉਹਨਾਂ ਕਿਹਾ ਕਿ ਇਹ ਕੰਪਨੀ ਨਾ ਤਾਂ ਬੱਸ ਸਟੈਂਡ ਵਿੱਚ ਉਹਨਾਂ ਨੂੰ ਦੁਕਾਨਾਂ ਬਣਾ ਕੇ ਦੇ ਰਹੀ ਹੈ ਅਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕਰ ਰਹੀ ਹੈ| ਉਹਨਾਂ ਕਿਹਾ ਕਿ ਉਹ ਪਹਿਲਾਂ 27 ਸਤੰਬਰ ਨੂੰ ਵੀ ਆ ਕੇ ਕੰਪਨੀ ਦੇ ਜੀ ਐਮ ਸੀ ਜੇ ਐਸ ਸਹਿਗਲ ਨੂੰ ਮਿਲੇ ਸਨ ਅਤੇ ਜੀ ਐਮ ਨੇ ਉਹਨਾਂ ਨੂੰ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤਕ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ| ਉਹਨਾਂ ਨੇ ਇਸ ਮੌਕੇ ਕੰਪਨੀ ਅਧਿਕਾਰੀਆਂ ਨੂੰ ਅਲਟੀਮੇਟਮ ਦਿੱਤਾ ਕਿ  ਜਾਂ ਤਾਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਕੰਪਨੀ ਖਿਲਾਫ ਮਾਮਲਾ ਦਰਜ ਕਰਵਾ ਦੇਣਗੇ|
ਇਸ ਮੌਕੇ ਕੰਪਨੀ ਦੇ ਜੀ ਐਮ ਸ੍ਰੀ ਸਹਿਗਲ ਨੇ ਉਹਨਾਂ ਨੂੰ ਭਰੋਸਾ ਦਿਤਾ ਕਿ ਉਹ ਉਹਨਾਂ ਦੀ ਮੰਗ ਕੰਪਨੀ ਦੇ ਮਾਲਕਾਂ ਤਕ ਪਹੁੰਚਾ ਦੇਣਗੇ|

Leave a Reply

Your email address will not be published. Required fields are marked *