ਨਵੇਂ ਸਾਲ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਤੋਹਫਾ ਮੁਹਾਲੀ ਅੱਡੇ ਤੇ ਆਉਣ ਵਾਲੀਆਂ ਬੱਸਾਂ ਦੇ ਕਿਰਾਏ ਵਿੱਚ ਚੁਪ ਚਪੀਤੇ ਵਾਧਾ, ਕਿਲੋਮੀਟਰਾਂ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਬੱਸ ਕਿਰਾਇਆ

ਐਸ ਏ ਐਸ ਨਗਰ, 28 ਦਸੰਬਰ (ਸ.ਬ.) ਪੰਜਾਬ ਸਰਕਾਰ ਨੇ ਮੁਹਾਲੀ ਸ਼ਹਿਰ ਵਿੱਚ ਜਿਥੇ ਨਵਾਂ ਬੱਸ ਸਟੈਂਡ ਬਣਾ ਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਹੈ, ਉੱਥੇ ਹੀ ਮੁਹਾਲੀ ਵਿਖੇ ਨਵਾਂ ਬੱਸ ਸਟੈਂਡ ਬਣਨ ਤੋਂ ਬਾਅਦ ਬੱਸ ਕਿਰਾਏ ਵਿੱਚ ਵਾਧਾ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਹੀ ਤੋਹਫਾ ਦੇ ਦਿੱਤਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਪੰਜਾਬ ਵਾਸੀਆਂ ਉਪਰ ਭਾਰੀ ਵਿਤੀ ਬੋਝ ਪੈ ਗਿਆ ਹੈ, ਜੋ ਕਿ ਪਹਿਲਾਂ ਹੀ ਮਹਿੰਗਾਈ ਦੇ ਨਾਲ ਹੀ ਮੋਦੀ ਸਰਕਾਰ ਦੀ ਨੋਟਬੰਦੀ ਦੇ ਝੰਬੇ ਪਏ ਹਨ|
ਇਥੇ ਇਹ ਦਸਣਾ ਜਰੂਰੀ ਹੈ ਕਿ ਪੰਜਾਬ ਸਰਕਾਰ ਵਲੋਂ ਬੱਸ ਕਿਰਾਏ ਵਿੱਚ ਵਾਧਾ ਦੂਜੇ ਸ਼ਹਿਰਾਂ ਤੋਂ  ਸਿਰਫ ਮੁਹਾਲੀ ਦੇ ਨਵਾਂ ਬੱਸ ਸਟੈਂਡ ਆਉਣ ਵਾਲੀਆਂ ਬੱਸਾਂ ਦੇ ਕਿਰਾਏ ਵਿੱਚ ਹੀ ਕੀਤਾ ਹੈ,ਬਾਕੀ ਸਾਰੇ ਪੰਜਾਬ ਵਿੱਚ ਬੱਸ ਕਿਰਾਏ ਪਹਿਲਾਂ ਵਾਂਗ ਹੀ ਹਨ| ਕਹਿਣ ਦਾ ਭਾਵ ਇਹ ਹੈ ਕਿ ਹੁਣ ਪਟਿਆਲਾ ਤੋਂ ਮੁਹਾਲੀ ਆਉਣ ਲਈ ਬੱਸ ਕਿਰਾਏ ਵਿੱਚ ਪ੍ਰਤੀ ਸਵਾਰੀ ਪੰਜ ਰੁਪਏ ਦਾ ਵਾਧਾ ਕਰ ਦਿਤਾ ਗਿਆ ਹੈ, ਇਸਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਮੁਹਾਲੀ ਦਾ ਨਵਾਂ ਬੱਸ ਅੱਡਾ ਪਟਿਆਲਾ ਅਤੇ ਹੋਰ ਸ਼ਹਿਰਾਂ  ਤੋਂ ਦੂਰ ਪੈਂਦਾ ਹੈ, ਅਤੇ ਬੱਸਾਂ ਦਾ ਕਿਰਾਇਆ ਕਿਲੋਮੀਟਰਾਂ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ| ਇਸ ਲਈ ਮੁਹਾਲੀ ਤੋਂ ਲਾਂਡਰਾ, ਰਾਜਪੁਰਾ, ਬਨੂੰੜ ਤੇ ਪਟਿਆਲਾ ਆਉਣ ਜਾਣ ਅਤੇ ਹੋਰ ਸ਼ਹਿਰਾਂ ਵਿੱਚ ਜਾਣ ਲਈ ਬੱਸ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ| ਇਹ ਵਾਧਾ ਪੰਜਾਬ ਸਰਕਾਰ ਵਲੋਂ ਚੁੱਪ ਚਪੀਤੇ ਹੀ ਕੀਤਾ ਗਿਆ ਹੈ,ਜਿਸ ਕਰਕੇ ਨਾ ਤਾਂ ਮੀਡੀਆਂ ਨੂੰ ਇਸ ਦੀ ਭਣਕ ਮਿਲੀ ਹੈ ਨਾ ਹੀ ਵਿਰੋਧੀ ਪਾਰਟੀਆਂ ਨੂੰ ਇਸ ਦਾ ਪਤਾ ਚਲਿਆ ਹੈ| ਪੰਜਾਬ ਸਰਕਾਰ ਵਲੋਂ ਮੁਹਾਲੀ ਤੋਂ ਪਟਿਆਲਾ ਰੂਟ ਉਪਰ ਕੀਤੇ ਗਏ ਬੱਸ ਕਿਰਾਏ ਵਿੱਚ ਵਾਧੇ ਦਾ ਸ਼ਿਕਾਰ ਰੋਜਾਨਾ ਸਫਰ ਕਰਨ ਵਾਲੇ ਹੋ ਰਹੇ ਹਨ, ਉਹਨਾਂ ਨੂੰ ਹੁਣ ਹਰ ਗੇੜੇ ਪ੍ਰਤੀ ਸਵਾਰੀ ਪੰਜ ਰੁਪਏ ਵਧੇਰੇ ਦੇਣੇ ਪੈ ਰਹੇ ਹਨ| ਇਸ ਤਰ੍ਹਾਂ ਇਸ ਰੂਟ ਉਪਰ ਸਫਰ ਕਰਨ ਵਾਲੇ ਲੋਕਾਂ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ|
ਇਥੇ ਹੀ ਬੱਸ ਨਹੀਂ ਸਗੋਂ ਮੁਹਾਲੀ ਸ਼ਹਿਰ ਦੇ ਵਸਨੀਕਾਂ ਨੂੰ ਨਵੇਂ ਬੱਸ ਸਟੈਂਡ ਕਾਰਨ ਵੀ ਕਈ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਜਿਸ ਥਾਂ ਇਹ ਬੱਸ ਅੱਡਾ ਬਣਾਇਆ ਗਿਆ ਹੈ, ਉਥੇ ਜਾਣ ਲਈ ਫੇਜ ਗਿਆਰਾਂ ਤੋਂ ਲੈ ਕੇ 3ਬੀ2 ਅਤੇ ਪੰਜ ਫੇਜ ਤੋਂ ਵੀ ਆਟੋ ਰਿਕਸ਼ਿਆਂ ਵਲੋਂ ਮਨ ਮਰਜੀ ਦਾ ਰੇਟ ਵਸੂਲਿਆ ਜਾ ਰਿਹਾ ਹੈ| ਕਈ ਆਟੋ ਵਾਲੇ ਤਾਂ ਇਕ ਸਵਾਰੀ ਤੋਂ ਬੱਸ ਸਟੈਂਡ ਤਕ ਜਾਣ ਦਾ ਪੰਜਾਹ ਰੁਪਏ ਹੀ ਕਿਰਾਇਆ ਮੰਗ ਲੈਂਦੇ ਹਨ| ਕਈ  ਆਟੋ ਵਾਲੇ ਵੀਹ ਰੁਪਏ ਪ੍ਰਤੀ ਸਵਾਰੀ ਲੈਂਦੇ ਹਨ ਪਰ ਇਹ ਕਿਰਾਇਆ ਤਾਂ ਬਣਦਾ ਸਿਰਫ ਦਸ ਰੁਪਏ ਪ੍ਰਤੀ ਸਵਾਰੀ ਹੀ ਹੈ| ਇਸ ਤਰ੍ਹਾਂ ਆਮ ਲੋਕਾਂ ਦੀ ਆਟੋ ਅਤੇ ਬੱਸ ਕਿਰਾਏ ਵਿੱਚ ਵਾਧੇ ਕਾਰਨ ਦੋਹਰੀ ਲੁੱਟ ਹੋਣੀ ਸੁਰੂ ਹੋ ਗਈ ਹੈ| ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਜਵਾਬ ਉਹ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਦੇਣਗੇ|

Leave a Reply

Your email address will not be published. Required fields are marked *