ਨਵੇਂ ਸਾਲ ਦੀ ਆਮਦ ਦੇ ਨਾਲ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਨੇ ਫੜੀ ਤੇਜੀ

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਸਾਲ 2019 ਦੇ ਸ਼ੁਰੂ ਹੋਣ ਸਾਰ ਮੁੱਖ ਰਾਜਸੀ ਪਾਰਟੀਆਂ ਵਲੋਂ ਆਪਣੀਆਂ ਰਾਜਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਜਿਹਨਾਂ ਦਾ ਸਾਲ 2019 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੇ ਡੂੰਘਾ ਅਸਰ ਹੋਣਾ ਹੈ| ਲੋਕ ਸਭਾ ਚੋਣਾਂ ਇਸ ਸਾਲ ਮਈ ਦੇ ਵਿੱਚ ਹੋਣੀਆਂ ਨਿਸ਼ਚਿਤ ਹਨ ਅਤੇ ਅਗਲੇ ਇੱਕ ਦੋ ਮਹੀਨਿਆਂ ਵਿੱਚ ਲੋਕ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਹੋ ਸਕਦਾ ਹੈ|
ਚੋਣਾ ਦੀ ਆਹਟ ਦੇ ਨਾਲ ਹੀ ਸਾਰੀਆਂ ਪਾਰਟੀਆਂ ਲੋਕ ਸਭਾ ਚੋਣਾਂ ਲੜਨ ਲਈ ਪੱਬਾਂ ਭਾਰ ਹੋ ਗਈਆਂ ਹਨ| ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਹੋ ਰਹੀ ਪੰਜਾਬ ਫੇਰੀ ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਭਾਜਪਾ ਆਗੂ ਤਾਂ ਇਹ ਵੀ ਕਹਿ ਰਹੇ ਹਨ ਕਿ ਮੋਦੀ ਵਲੋਂ ਪੰਜਾਬ ਫੇਰੀ ਨਾਲ ਅਗਾਮੀ ਲੋਕ ਸਭਾ ਚੋਣਾਂ ਦੀ ਰਸਮੀ ਸ਼ੁਰੂਆਤ ਕੀਤੀ ਜਾਣੀ ਹੈ| ਭਾਜਪਾ ਵਲੋਂ ਲੋਕ ਸਭਾ ਚੋਣਾਂ ਲਈ ਭਰਪੁਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਸਨੂੰ ਹੋਈਆਂ ਹਨ| ਭਾਜਪਾ ਨੂੰ ਆਸ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਾਂਗ ਅਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੂੰ ਬਹੁਮਤ ਮਿਲੇਗਾ|
ਭਾਜਪਾ ਲੋਕ ਸਭਾ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣਾ ਚਾਹੁੰਦੀ ਹੈ| ਭਾਜਪਾ ਦੀ ਮਾਂ ਪਾਰਟੀ ਆਰ ਐਸ ਐਸ ਨੇ ਲੋਕ ਸਭਾ ਚੋਣਾਂ ਲਈ ਪਲਾਨ ਬੀ ਵੀ ਤਿਆਰ ਕੀਤਾ ਹੋਇਆ ਹੈ| ਇਸ ਅਨੁਸਾਰ ਜੇ ਭਾਜਪਾ ਨੂੰ ਬਹੁਮਤ ਮਿਲ ਜਾਂਦਾ ਹੈ, ਤਾਂ ਕੁਝ ਕਰਨ ਦੀ ਲੋੜ ਨਹੀਂ ਹੈ ਪਰ ਪਲਾਨ ਬੀ ਅਨੁਸਾਰ ਜੇ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਬਹੁਮਤ ਨਹੀਂ ਮਿਲਦਾ ਹੈ ਤੇ ਤ੍ਰਿਸ਼ਕੂੰ ਲੋਕ ਸਭਾ ਬਣਨ ਦੇ ਆਸਾਰ ਬਣਦੇ ਹਨ ਤਾਂ ਇਸ ਲਈ ਹੋਰਨਾਂ ਪਾਰਟੀਆਂ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ| ਭਾਜਪਾ ਨੂੰ ਬਹੁਮਤ ਨਾ ਮਿਲਣ ਤੇ ਪਲਾਨ ਬੀ ਅਨੁਸਾਰ ਮੋਦੀ ਸ਼ਾਹ ਦੀ ਜੋੜੀ ਦੀ ਥਾਂ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ|
ਦੂਜੇ ਪਾਸੇ ਕਾਂਗਰਸ ਵਲੋਂ ਵੀ ਲੋਕ ਸਭਾ ਚੋਣਾਂ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ| ਕਾਂਗਰਸ ਨੂੰ ਤਿੰਨ ਹਿੰਦੀ ਭਾਸ਼ੀ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਮੌਕੇ ਮਿਲੀ ਜਿਤ ਕਾਰਨ ਕਾਂਗਰਸ ਆਗੂ ਬਹੁਤ ਹੌਂਸਲੇ ਵਿੱਚ ਹਨ, ਇਹਨਾਂ ਕਾਂਗਰਸੀ ਆਗੂਆਂ ਨੂੰ ਯਕੀਨ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਭਰਵੀਂ ਜਿੱਤ ਹੋਵੇਗੀ ਅਤੇ ਭਾਰਤ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ| ਕਾਂਗਰਸ ਵਲੋਂ ਭਾਜਪਾ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਗਠਜੋੜ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ| ਕਾਂਗਰਸ ਵਲੋਂ ਅਗਾਮੀ ਲੋਕ ਸਭਾ ਚੋਣਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਲੜਨਾ ਤੈਅ ਹੈ| ਕਾਂਗਰਸ ਵਲੋਂ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੂੰ ਵੀ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਸਟਾਰ ਪ੍ਰਚਾਰਕ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ|
ਤੀਜੇ ਪਾਸੇ ਦੇਸ਼ ਦੀਆਂ ਕੁਝ ਪਾਰਟੀਆਂ ਅਜਿਹੀਆਂ ਹਨ, ਜੋ ਕਿ ਭਾਜਪਾ ਅਤੇ ਕਾਂਗਰਸ ਤੋਂ ਇੱਕ ਪਾਸੇ ਹੋ ਕੇ ਤੀਜਾ ਮਹਾਂਗਠਜੋੜ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ| ਇਹਨਾਂ ਪਾਰਟੀਆਂ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਭਾਰਤ ਦਾ ਜਿੰਨਾ ਨੁਕਸਾਨ ਕਾਂਗਰਸ ਨੇ ਕੀਤਾ ਹੈ, ਉਨ੍ਹਾਂ ਨੁਕਸਾਨ ਭਾਜਪਾ ਨੇ ਕੀਤਾ ਹੈ| ਦੋਵੇਂ ਪਾਰਟੀਆਂ ਭਾਰਤੀਆਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ, ਜਿਸ ਲਈ ਭਾਰਤ ਵਾਸੀਆਂ ਨੂੰ ਤੀਜੇ ਰਾਜਸੀ ਬਦਲ ਦੀ ਲੋੜ ਹੈ, ਜਿਸ ਨੂੰ ਤੀਜਾ ਮਹਾਂਗਠਜੋੜ ਬਣਾ ਕੇ ਪੂਰਾ ਕੀਤਾ ਜਾ ਸਕਦਾ ਹੈ|
ਆਮ ਆਦਮੀ ਪਾਰਟੀ ਦਾ ਝਾੜੂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਤੀਲਾ ਤੀਲਾ ਹੋ ਚੁੱਕਿਆ ਹੈ ਅਤੇ ਕਿਸੇ ਸਮੇਂ ਦੇਸ਼ ਨੂ ੰਤੀਜਾ ਰਾਜਸੀ ਬਦਲ ਦੇਣ ਦਾ ਦਾਅਵਾ ਕਰਨ ਵਾਲੀ ਇਹ ਪਾਰਟੀ ਖਖੜੀਆਂ ਖਖੜੀਆਂ ਹੋਈ ਪਈ ਹੈ| ਇਸ ਪਾਰਟੀ ਵਿੱਚ ਵੀ ਰਵਾਇਤੀ ਪਾਰਟੀਆਂ ਵਾਂਗ ਨਰਾਜਗੀ ਅਤੇ ਧੜੇਬੰਦੀ ਭਾਰੂ ਹੋ ਗਈ ਹੈ, ਜਿਸ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਖਾਸ ਕਾਰਗੁਜਾਰੀ ਨਿਭਾਉਣ ਦੀ ਆਸ ਮੱਧਮ ਹੈ| ਇਹ ਵੀ ਕਿਆਸ ਲਗ ਰਹੇ ਹਨ ਕਿ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਕਾਂਗਰਸ ਨਾਲ ਚੋਣ ਸਮਝੌਤਾ ਕਰ ਸਕਦੀ ਹੈ| ਜੇ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਇਕ ਤਰ੍ਹਾਂ ਕਾਂਗਰਸ ਦੀ ਪਿਛਲਗੂ ਪਾਰਟੀ ਬਣ ਕੇ ਰਹਿ ਜਾਣ ਦੇ ਆਸਾਰ ਬਣ ਸਕਦੇ ਹਨ|
ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਸਾਰੀਆਂ ਰਾਜਸੀ ਧਿਰਾਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋ ਗਈਆਂ ਹਨ ਅਤੇ ਹਰ ਪਾਰਟੀ ਨੂੰ ਆਪਣੀ ਜਿੱਤ ਦੀ ਆਸ ਹੈ| ਲੋਕ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਰਾਜਸੀ ਪਾਰਟੀਆਂ ਵਲੋਂ ਰੈਲੀਆਂ ਦੀ ਰਣਨੀਤੀ ਵੀ ਸ਼ੁਰੂ ਕਰ ਦਿਤੀ ਗਈ ਹੈ, ਆਉਣ ਵਾਲੇ ਦਿਨਾਂ ਦੌਰਾਨ ਲੋਕ ਸਭਾ ਚੋਣਾਂ ਲਈ ਚੋਣ ਸਰਗਰਮੀਆਂ ਹੋਰ ਵੀ ਤੇਜ ਹੋ ਜਾਣੀਆਂ ਹਨ ਜਿਹੜੀਆਂ ਚੋਣਾਂ ਤਕ ਲਗਾਤਾਰ ਜਾਰੀ ਰਹਿਣੀਆਂ ਹਨ|

Leave a Reply

Your email address will not be published. Required fields are marked *