ਨਵੇਂ ਸਾਲ ਮੌਕੇ ਦਿੱਲੀ ਵਿੱਚ ਰਹੇਗਾ ਨਾਈਟ ਕਰਫਿਊ
ਨਵੀਂ ਦਿੱਲੀ, 31 ਦਸੰਬਰ (ਸ.ਬ.) ਸਾਲ 2020 ਨੂੰ ਖ਼ਤਮ ਹੋਣ ਵਿੱਚ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਤਮਾਮ ਦੇਸ਼ ਸਾਲ 2021 ਦੇ ਸਵਾਗਤ ਲਈ ਤਿਆਰ ਹਨ। ਸਾਲ 2021 ਹਰ ਕਿਸੇ ਲਈ ਵਧੀਆ ਚੜ੍ਹੇ, ਇਹ ਹੀ ਅਰਦਾਸ ਹਰ ਕੋਈ ਕਰ ਰਿਹਾ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਆਫ਼ਤ ਅਜੇ ਟਲੀ ਨਹੀਂ ਹੈ ਅਤੇ ਇਸ ਦਾ ਨਵਾਂ ਰੂਪ ਸਾਹਮਣੇ ਆਉਣ ਕਾਰਨ ਨਵੇਂ ਸਾਲ ਦਾ ਜਸ਼ਨ ਥੋੜ੍ਹਾ ਫਿੱਕਾ ਰਹੇਗਾ। ਦੁਨੀਆ ਦੇ ਕਈ ਦੇਸ਼ਾਂ ਨੇ ਨਵੇਂ ਸਾਲ 2021 ਤੋਂ ਪਹਿਲਾਂ ਹੀ ਪਾਬੰਦੀਆਂ ਲਗਾ ਦਿੱਤੀਆਂ ਹਨ। ਭਾਰਤ ਵਿਚ ਵੀ ਕਈ ਸੂਬਿਆਂ ਨੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਵੇਖਦਿਆਂ ਨਵੇਂ ਸਾਲ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਅਤੇ ਕੱਲ੍ਹ ਨਾਈਟ ਕਰਫਿਊ ਰਹੇਗਾ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐਮ. ਏ.) ਮੁਤਾਬਕ ਨਾਈਟ ਕਰਫਿਊ ਦੌਰਾਨ ਨਵੇਂ ਸਾਲ ਦੇ ਜਸ਼ਨ ਅਤੇ ਸਮੂਹਕ ਪ੍ਰੋਗਰਾਮਾਂ ਦੇ ਆਯੋਜਨ ਦੀ ਮਨਾਹੀ ਰਹੇਗੀ। ਨਾਈਟ ਕਰਫਿਊ ਦਾ ਸਮਾਂ 31 ਦਸੰਬਰ ਦੀ ਰਾਤ 11.00 ਵਜੇ ਤੋਂ 1 ਜਨਵਰੀ 2021 ਦੀ ਸਵੇਰ 6 ਵਜੇ ਤੱਕ ਤੈਅ ਕੀਤਾ ਗਿਆ ਹੈ। ਬਿਆਨ ਮੁਤਾਬਕ ਦੋ ਦਿਨ ਦੇ ਨਾਈਟ ਕਰਫਿਊ ਵਿਚ ਜਨਤਕ ਥਾਵਾਂ ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਦਿੱਲੀ-ਐਨ. ਸੀ. ਆਰ. ਵਿੱਚ ਨਵੇਂ ਸਾਲ ਦੇ ਜਸ਼ਨ ਵਿੱਚ ਪਟਾਕੇ ਚਲਾਉਣ ਤੇ ਪਾਬੰਦੀ ਜਾਰੀ ਹੈ।