ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਭੂਮੀ ਪੂਜਨ


ਨਵੀਂ ਦਿੱਲੀ, 10 ਦਸੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਮੀ ਪੂਜਨ ਕਰਨ ਦੇ ਨਾਲ ਹੀ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ| ਚਾਰ ਮੰਜ਼ਿਲਾ ਨਵੇਂ ਭਵਨ ਦਾ ਨਿਰਮਾਣ ਕੰਮ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੱਕ ਪੂਰਾ ਕਰ ਲਏ ਜਾਣ ਦੀ ਸੰਭਾਵਨਾ ਹੈ| ਵੈਦਿਕ ਮੰਤਰਾਂ ਦਰਮਿਆਨ ਭੂਮੀ ਪੂਜਨ ਪ੍ਰੋਗਰਾਮ ਸ਼ੁਰੂ ਹੋਇਆ ਅਤੇ ਇਸ ਦੇ ਸੰਪੰਨ ਹੋਣ ਤੋਂ ਬਾਅਦ ਸ਼ੁੱਭ ਮਹੂਰਤ ਵਿੱਚ ਪ੍ਰਧਾਨ ਮੰਤਰੀ ਨੇ ਰਵਾਇਤੀ ਰੀਤੀ-ਰਿਵਾਜ ਨਾਲ ਨੀਂਹ ਪੱਥਰ ਰੱਖਿਆ| ਲੋਕ ਸਭਾ ਸਪੀਕਰ ਓਮ ਬਿਰਲਾ, ਵੱਖ-ਵੱਖ ਸਿਆਸੀ ਦਲਾਂ ਦੇ ਨੇਤਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ, ਵੱਡੀ ਗਿਣਤੀ ਵਿੱਚ ਸੰਸਦ ਮੈਂਬਰ ਅਤੇ ਕਈ ਦੇਸ਼ਾਂ ਦੇ ਰਾਜਦੂਤ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ| ਨਵੇਂ ਸੰਸਦ ਭਵਨ ਦਾ ਨਿਰਮਾਣ 971 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 64,500 ਵਰਗ ਮੀਟਰ ਖੇਤਰ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ|
ਜਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦੇ ਨਿਰਮਾਣ ਦਾ ਪ੍ਰਸਤਾਵ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਐਮ.ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ 5 ਅਗਸਤ 2019 ਨੂੰ ਕੀਤਾ ਸੀ| ਨਵੇਂ ਭਵਨ ਦਾ ਡਿਜ਼ਾਈਨ ਅਹਿਮਦਾਬਾਦ ਦੇ ਮੈਸਰਸ ਐਚ.ਸੀ.ਪੀ. ਡਿਜ਼ਾਈਨ ਅਤੇ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਟਾਟਾ ਪ੍ਰੋਜੈਕਟਸ ਵਲੋਂ ਕੀਤਾ ਜਾਵੇਗਾ| ਨਵੇਂ ਭਵਨ ਨੂੰ ਸਾਰੇ ਆਧੁਨਿਕ ਦ੍ਰਿਸ਼-ਸੰਚਾਰ ਸਹੂਲਤਾਵਾਂ ਅਤੇ ਡਾਟਾ ਨੈਟਵਰਕ ਪ੍ਰਣਾਲੀਆਂ ਨਾਲ ਲੈਸ ਕੀਤਾ               ਜਾਵੇਗਾ| ਇਹ ਯਕੀਨੀ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿ ਨਿਰਮਾਣ ਕੰਮ ਦੌਰਾਨ ਸੰਸਦ ਦੇ ਸੈਸ਼ਨਾਂ ਦੇ ਆਯੋਜਨ ਵਿੱਚ ਘੱਟੋ-ਘੱਟ ਰੁਕਾਵਟ ਹੋਵੇ ਅਤੇ ਵਾਤਾਵਰਣ ਸੰਬੰਧੀ ਸਾਰੇ ਸੁਰੱਖਿਆ ਉਪਾਵਾਂ ਦਾ ਪਾਲਣ ਕੀਤਾ ਜਾਵੇ| ਲੋਕ ਸਭਾ ਸਕੱਤਰੇਤ ਅਨੁਸਾਰ ਨਵੇਂ ਸੰਸਦ ਭਵਨ ਦੇ ਲੋਕ ਸਭਾ ਕਮਰੇ ਵਿੱਚ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ               ਹੋਵੇਗੀ, ਜਿਸ ਵਿੱਚ ਸੰਯੁਕਤ ਸੈਸ਼ਨ ਦੌਰਾਨ 1224 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ| ਨਵਾਂ ਸੰਸਦ ਭਵਨ ਭਾਰਤ ਦੇ ਲੋਕਤੰਤਰ ਅਤੇ ਭਾਰਤ ਵਾਸੀਆਂ ਦੇ ਮਾਣ ਦਾ ਪ੍ਰਤੀਕ ਹੋਵੇਗਾ ਜੋ ਨਾ ਸਿਰਫ ਦੇਸ਼ ਦੇ ਗੌਰਵਸ਼ਾਲੀ ਇਤਿਹਾਸ ਸਗੋਂ ਇਸ ਦੀ ਏਕਤਾ ਵੀ ਦਰਸਾਏਗਾ|

Leave a Reply

Your email address will not be published. Required fields are marked *