ਨਵੰਬਰ ਤੱਕ ਸਾਰੇ ਕਿਸਾਨਾਂ ਦਾ ਹੋਵੇਗਾ ਕਰਜ਼ਾ ਮੁਆਫ : ਕੈਪਟਨ

ਨਵੰਬਰ ਤੱਕ ਸਾਰੇ ਕਿਸਾਨਾਂ ਦਾ ਹੋਵੇਗਾ ਕਰਜ਼ਾ ਮੁਆਫ : ਕੈਪਟਨ
ਕਿਸਾਨਾਂ ਨੂੰ ਘੱਟ ਪਾਣੀ ਪੀਣ ਵਾਲੀਆਂ ਫਸਲਾਂ ਬੀਜਣ ਦੀ ਕੀਤੀ ਅਪੀਲ
ਨਕੋਦਰ , 14 ਮਾਰਚ (ਸ.ਬ.) ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਮੁਹਿੰਮ ਤਹਿਤ ਦੂਜੀ ਕਿਸ਼ਤ ਵੰਡਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨਕੋਦਰ ਦੀ ਦਾਣਾ ਮੰਡੀ ਵਿੱਚ ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ 162.16 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਗਏ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੰਬਰ 2018 ਤੱਕ ਸਾਰੇ 10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੀਮਤ ਉਤੇ ਕਿਸੇ ਵੀ ਯੋਗ ਕਿਸਾਨ ਨੂੰ ਕਰਜ਼ਾ ਰਾਹਤ ਸਕੀਮ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ|
ਉਹਨਾ ਕਿਹਾ ਕਿ ਪੰਜਾਬ ਵਿੱਚ ਨਦੀਆਂ ਦਾ ਜਲ ਪੱਧਰ ਘਟਦਾ ਜਾ ਰਿਹਾ ਹੈ, ਜੇਕਰ ਜਲਦੀ ਹੀ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ਾਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ 50 ਸਾਲਾਂ ਵਿੱਚ ਪੰਜਾਬ ਰੇਗਿਸਤਾਨ ਵਿੱਚ ਤਬਦੀਲ ਹੋ ਜਾਵੇਗਾ| ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਫਸਲਾਂ ਨੂੰ ਉਗਾਉਣ ਦੀ ਕੋਸ਼ਿਸ਼ ਕਰਨ, ਜਿਨ੍ਹਾਂ ਵਿੱਚ ਪਾਣੀ ਦੀ ਵਰਤੋਂ ਘੱਟ ਅਤੇ ਆਮਦਨੀ ਜ਼ਿਆਦਾ ਹੋਵੇ|
ਉਹਨਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਸੁਧਰ ਰਹੇ ਹਨ ਜਦੋਂਕਿ ਵਿਰੋਧੀ ਸਿਰਫ ਚਿੱਕੜ ਉਛਾਲਣ ਦਾ ਕੰਮ ਕਰ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਾਲਾਤ ਨੂੰ ਸੁਧਾਰਣ ਲਈ ਕੋਸ਼ਿਸ਼ਾਂ ਕਰ ਰਹੀ ਹੈ| ਉਹਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਦੇ ਟਿਊਬਵੈਲ ਦਾ ਕੋਈ ਬਿੱਲ ਨਹੀਂ ਆਵੇਗਾ| ਕਿਸਾਨਾਂ ਨੂੰ ਪਾਣੀ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ|
ਮੁੱਖ ਮੰਤਰੀ ਵੱਲੋਂ ਅੱਜ ਇਸ ਸਮਾਗਮ ਦੌਰਾਨ ਜ਼ਿਲ੍ਹਾ ਜਲੰਧਰ, ਕਪੂਰਥਲਾ, ਮੋਗਾ, ਲੁਧਿਆਣਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਰਜ਼ੇ ਹੇਠਾਂ ਦੱਬੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ| ਇਸ ਲਿਸਟ ਵਿੱਚ ਜਲੰਧਰ ਦੇ 7,625 ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ 4370 ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿੱਤੀ ਗਈ| ਇਨ੍ਹਾਂ ਕਿਸਾਨਾਂ ਤੇ 17 ਕਰੋੜ 88 ਲੱਖ ਰੁਪਏ ਦਾ ਕਰਜ਼ਾ ਸੀ| ਸਹਿਕਾਰੀ ਕਮੇਟੀਆਂ ਦੇ ਡੀ. ਆਰ. ਰਾਮ ਲਾਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਢਾਈ ਏਕੜ ਜਾਂ ਇਸ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਵਿੱਚੋਂ 4370 ਦੀ ਮਾਲੀਆ ਵਿਭਾਗ ਵੱਲੋਂ ਜਾਂਚ ਕਰਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ| ਅਜੇ ਵੀ ਡਾਟਾ ਅਪਲੋਡ ਕੀਤਾ ਜਾ ਰਿਹਾ ਹੈ| ਇਸ ਸ਼੍ਰੇਣੀ ਵਿੱਚ ਕਾਫੀ ਕਿਸਾਨ ਹੋਰ ਵੀ ਆਉਣਗੇ|

Leave a Reply

Your email address will not be published. Required fields are marked *