ਨਵ ਨਿਯੁਕਤ 3582 ਅਧਿਆਪਕਾਂ ਨੇ ਜੱਦੀ ਜ਼ਿਲ੍ਹਿਆਂ ਵਿੱਚ ਹੀ ਸਟੇਸ਼ਨ ਦੇਣ ਦੀ ਰੱਖੀ ਮੰਗ

ਐਸ.ਏ.ਐਸ ਨਗਰ, 19 ਜੁਲਾਈ (ਸ.ਬ.) ਸੂਬਾ ਸਰਕਾਰ ਵੱਲੋਂ ਭਾਵੇਂ ਕਿ ਸਿੱਖਿਆ ਵਿਭਾਗ ਦੀਆਂ 3582 ਅਸਾਮੀਆਂ ਵਿੱਚੋਂ ਦੋ ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਨੋਸਨਲ ਤੌਰ ਤੇ ਹਾਜ਼ਰ ਕਰਵਾ ਕੇ ਸਿਖਲਾਈ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਅਜੇ ਵੀ ਸਟੇਸਨਾਂ ਦੀ ਵੰਡ ਨਾ ਹੋਣ ਕਾਰਨ ਅਤੇ ਸਿੱਖਿਆ ਮੰਤਰੀ ਵੱਲੋਂ ਵਾਰ-ਵਾਰ 75 ਪ੍ਰਤੀਸ਼ਤ ਨਿਯੁਕਤੀਆਂ ਸਰਹੱਦੀ ਜ਼ਿਲ੍ਹਿਆਂ ਵਿੱਚ ਕੀਤੇ ਜਾਣ ਦੇ ਐਲਾਨ ਨੇ ਅਧਿਆਪਕਾਂ ਦੀ ਬੈਚੇਨੀ ਵਧਾ ਦਿੱਤੀ ਹੈ|
ਅੱਜ ਸਥਾਨਕ ਵਿੱਦਿਆ ਭਵਨ ਅੱਗੇ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ 3582 ਮਾਸਟਰ ਕਾਡਰ ਯੂਨੀਅਨ ਦੇ ਆਗੂਆਂ ਮੈਡਮ ਅਨੂ ਬਾਲਾ, ਸੁਖਵਿੰਦਰ ਗਿਰ ਲਹਿਰਾ, ਦਲਜੀਤ ਸਿੰਘ ਸਫੀਪੁਰ, ਗੋਰਵਜੀਤ ਅਤੇ ਮੇਜਰ ਸਿੰਘ ਫਾਜਿਲਕਾ ਆਦਿ ਆਗੂਆਂ ਨੇ ਦੱਸਿਆ ਕਿ ਮੁਢਲੇ ਤਿੰਨ ਸਾਲ ਕੇਵਲ 10,300 ਮਾਸਿਕ ਤਨਖਾਹ ਤੇ ਘਰਾਂ ਤੋਂ ਦੂਰ ਸਟੇਸ਼ਨਾਂ ਦੀ ਸੰਭਾਵਿਤ ਨਿਯੁਕਤੀ ਨੇ ਅਧਿਆਪਕਾਂ ਦੀਆਂ ਫਿਕਰਾਂ ਵਧਾ ਦਿੱਤੀਆਂ ਹਨ| ਜਥੇਬੰਦੀ ਨੇ ਸਰਕਾਰ ਤੋਂ ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਕਾਂ ਨੂੰ ਜੱਦੀ ਜ਼ਿਲ੍ਹੇ ਦੇਣ ਅਤੇ ਅਸਾਮੀ ਖਾਲੀ ਨਾ ਹੋਣ ਦੀ ਸੂਰਤ ਵਿੱਚ ਨੇੜਲੇ ਜ਼ਿਲ੍ਹਿਆਂ ਦੀ ਚੋਣ ਕਰਵਾਉਣ ਦੀ ਮੰਗ ਕੀਤੀ| ਇੱਥੇ ਇਹ ਵੀ ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦੇ ਸਾਰੇ ਮਾਮਲੇ ਪਹਿਲਾਂ ਹੀ ਹੱਲ ਕਰਨ ਵਿੱਚ ਯਕੀਨ ਰੱਖਣ ਅਤੇ ਧਰਨੇ ਦੇਣ ਦੀ ਨੌਬਤ ਹੀ ਨਾ ਆਉਣ ਦੇਣ ਦੇ ਬਿਆਨ ਦੇ ਉਲਟ ਨਿਗੁਣੀਆਂ ਤਨਖਾਹਾਂ ਤੇ ਅਧਿਆਪਕਾਂ ਨੂੰ ਸੈਂਕੜੇ ਕਿਲੋਮੀਟਰ ਦੂਰ ਭੇਜਣ ਵਰਗੇ ਫੈਸਲਿਆਂ ਕਾਰਨ ਅਧਿਆਪਕ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕੀਤੇ ਜਾ ਰਹੇ ਹਨ|
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਡੀ.ਟੀ.ਐਫ) ਦੇ ਜਨਰਲ ਸਕੱਤਰ ਅਤੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਨੇ ਇਨ੍ਹਾਂ ਅਧਿਆਪਕਾਂ ਦੀ ਜੱਦੀ ਜਿਲ੍ਹਿਆਂ ਵਿੱਚ ਹੀ ਨਿਯੁਕਤੀ ਦੀ ਮੰਗ ਦਾ ਸਮਰਥਨ ਕਰਦਿਆਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਤੋਂ ਅਧਿਆਪਕਾਂ ਨੂੰ ਬਣਦੀ ਰਾਹਤ ਦੇਣ ਦੀ ਮੰਗ ਕੀਤੀ|
ਇਸ ਮੌਕੇ ਮਨਿੰਦਰ ਸਿੰਘ, ਹਰਬਚਨ ਸਿੰਘ, ਸੁਖਵਿੰਦਰ ਗੁਰਦਾਸਪੁਰ, ਹਰਦੀਪ ਮੱਤੀ, ਬਿਕਰਮ ਬਠਿੰਡਾ, ਯਾਦਵਿੰਦਰ ਭਦੌੜ, ਗਗਨ ਫਤਿਹਗੜ੍ਹ, ਪ੍ਰਵੀਨ ਅਲੀਸ਼ੇਰ, ਸੁਖਦੀਪ ਸਿੰਘ, ਜਸਵੰਤ ਰੋਪੜ, ਦਵਿੰਦਰ ਪਟਿਆਲਾ, ਸੋਹਨ ਰਾਜਪੁਰਾ, ਜਸਪਾਲ ਸਿੰਘ ਅਤੇ ਦਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕ ਮੌਜੂਦ ਸਨ|

Leave a Reply

Your email address will not be published. Required fields are marked *