ਨਸ਼ਾਖੋਰੀ ਵਿਰੁੱਧ ਸਾਰਾ ਸਮਾਜ ਇਕਜੁੱਟ ਹੋਵੇ : ਸਿਵਲ ਸਰਜਨ

ਐਸ.ਏ.ਐਸ ਨਗਰ, 26 ਜੂਨ (ਸ.ਬ.) ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਵਾਲਾ ਵਿਅਕਤੀ ਜਿਥੇ ਆਪਣਾ ਅਤੇ ਆਪਣੇ ਪਰਿਵਾਰ ਦਾ ਨੁਕਸਾਨ ਕਰਦਾ ਹੈ, ਉਥੇ ਸਮਾਜ ਅਤੇ ਦੇਸ਼ ਤੇ ਵੀ ਭਾਰੀ ਬੋਝ ਹੁੰਦਾ ਹੈ| ਅਜਿਹੇ ਵਿਅਕਤੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਨਿਜਾਤ ਦਿਵਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੈਕਟਰ 66 ਦੇ ਸਰਕਾਰੀ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਉਹਨਾਂ ਕਿਹਾ ਕਿ ਨਸ਼ੇ ਦੀ ਆਦਤ ਸ਼ੌਕ ਨਾਲ ਸ਼ੁਰੂ ਹੁੰਦੀ ਹੈ ਜਿਹੜੀ ਬਹੁਤ ਛੇਤੀ ਹੀ ਲੋੜ ਬਣ ਜਾਂਦੀ ਹੈ| ਫਿਰ ਇਹੋ ਲੋੜ ਵਿਅਕਤੀ ਕੋਲੋਂ ਚੋਰੀਆਂ ਕਰਵਾਉਂਦੀ ਹੈ, ਘਰ ਵਿੱਚ ਕਲੇਸ਼ ਹੁੰਦਾ ਹੈ, ਪਰਿਵਾਰ ਛੁਟਦਾ ਹੈ, ਬਿਮਾਰੀਆਂ ਲਗਦੀਆਂ ਹਨ ਤੇ ਕਈ ਵਾਰੀ ਮੌਤ ਦਾ ਮੂੰਹ ਵੀ ਵੇਖਣਾ ਪੈਂਦਾ ਹੈ| ਉਨ੍ਹਾਂ ਕਿਹਾ ਕਿ ਨਸ਼ੇ ਦੀ ਲਾਹਨਤ ਤੋਂ ਨਿਜਾਤ ਹਾਸਲ ਕਰਨਾ ਔਖੀ ਗੱਲ ਨਹੀਂ| ਉਨ੍ਹਾਂ ਕਿਹਾ ਕਿ ਨਸ਼ੇ ਵਿਰੁਧ ਪੂਰਾ ਸਮਾਜ ਇਕਜੁਟ ਹੋ ਜਾਵੇ ਤਾਂ ਇਸ ਤੋਂ ਸਹਿਜੇ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ|
ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਨਸ਼ਾ ਵਿਰੋਧੀ ਦਿਵਸ ਦੀ ਸ਼ੁਰੂਆਤ ਅਤੇ ਅਹਿਮੀਅਤ ਉਤੇ ਚਾਨਣਾ ਪਾਇਆ| ਉਨ੍ਹਾਂ ਦੱਸਿਆ ਕਿ ਜਿੱਥੇ ਇਸ ਦਿਨ ਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਅਸਰ ਤੋਂ ਵਾਕਫ਼ ਕਰਾਉਣਾ ਹੈ, ਉਥੇ ਨਸ਼ੇ ਦੇ ਮਰੀਜ਼ਾਂ ਨੂੰ ਇਸ ਮਾੜੇ ਰਾਹ ਤੋਂ ਚੰਗੇ ਰਾਹ ਵਲ ਤੋਰਨ ਲਈ ਪ੍ਰੇਰਿਤ ਕਰਨਾ ਵੀ ਹੈ| ਉਨ੍ਹਾਂ ਕਿਹਾ ਕਿ ਨਸ਼ਾ ਅਪਣੇ ਆਪ ਵਿਚ ਇਕ ਬੀਮਾਰੀ ਹੈ ਅਤੇ ਇਸ ਲਈ ਕਿਸੇ ਹੱਦ ਤੱਕ ਆਪਾਂ ਸਾਰੇ ਜ਼ਿੰਮੇਵਾਰ ਹਨ| ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ, ਉਨ੍ਹਾਂ ਦੇ ਬਾਹਰ ਜਾਣ-ਆਉਣ ਬਾਰੇ ਪੂਰੀ ਜਾਣਕਾਰੀ ਰੱਖਣ ਅਤੇ ਉਨ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਦਾ ਪੂਰਾ ਖ਼ਿਆਲ ਰੱਖਣ| ਜ਼ਿਲ੍ਹੇ ਦੇ ਤਿੰਨ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਵਿਚ ਵੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ| ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਵੀ ਨਸ਼ਾ ਵਿਰੋਧੀ ਦਿਵਸ ਮੌਕੇ ਕਰਵਾਏ ਗਏ ਸਮਾਗਮਾਂ ਵਿਚ ਲੋਕਾਂ ਨੂੰ ਨਸ਼ਿਆਂ ਦਾ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ|

Leave a Reply

Your email address will not be published. Required fields are marked *