ਨਸ਼ਿਆਂ ਖਿਲਾਫ ਮੁਹਿੰਮ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ. ਸਿੰਘ ਨੇ ਵੀ ਕਰਵਾਇਆ ਡੋਪ ਟੈਸਟ

ਨਸ਼ਿਆਂ ਖਿਲਾਫ ਮੁਹਿੰਮ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ. ਸਿੰਘ ਨੇ ਵੀ ਕਰਵਾਇਆ ਡੋਪ ਟੈਸਟ

ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਬਣੇ ਡੋਪ ਟੈਸਟ ਕਰਵਾਉਣ ਵਾਲੇ ਸ਼ਹਿਰ ਦੇ ਪਹਿਲੇ ਨੁਮਾਇੰਦੇ
ਐਸ. ਏ. ਐਸ ਨਗਰ, 6 ਜੁਲਾਈ (ਸ.ਬ.) ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਚੱਲ ਰਹੀ ਲੋਕ ਮੁਹਿੰਮ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਡੋਪ ਟੈਸਟ ਕਰਵਾਉਣ ਦੀ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਸਥਾਨਕ ਫੇਜ਼-6 ਵਿੱਚ ਸਥਿਤ ਸਿਵਲ ਹਸਪਤਾਲ ਪਹੁੰਚ ਕੇ ਡੋਪ ਟੈਸਟ ਕਰਵਾਉਣ ਲਈ ਨਮੂਨਾ ਦਿੱਤਾ| ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਮੌਜੂਦਾ ਸਮੇਂ ਰਾਜ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ| ਉਨ੍ਹਾਂ ਸੱਦਾ ਦਿੱਤਾ ਕਿ ਇਸ ਬੁਰਾਈ ਨੂੰ ਖਤਮ ਕਰਨ ਲਈ ਸਾਰੇ ਵਰਗਾਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ|
ਸਪੀਕਰ ਨੇ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਿਸੇ ਇਕ ਖਾਸ ਵਰਗ, ਗਰੁੱਪ ਜਾਂ ਉਮਰ ਵਰਗ ਦੀ ਸਮੱਸਿਆ ਨਹੀਂ ਅਤੇ ਇਸ ਨੂੰ ਦੂਰ ਕਰਨ ਲਈ ਵੀ ਸਾਂਝੇ ਯਤਨ ਕਰਨੇ ਹੋਣਗੇ| ਉਨ੍ਹਾਂ ਦਾਗੀ ਪੁਲੀਸ ਅਫਸਰਾਂ ਤੇ ਹੋ ਰਹੀ ਕਾਰਵਾਈ ਦੇ ਸੰਦਰਭ ਵਿਚ ਕਿਹਾ ਕਿ ਸਾਰੇ ਪੁਲੀਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਗਲਤ ਠਹਿਰਾਉਣਾ ਜਾਇਜ਼ ਨਹੀਂ ਕਿਉਂ ਕਿ ‘ਕਾਲੀਆ ਭੇਡਾਂ’ ਕਿਸੇ ਵੀ ਥਾਂ ਹੋ ਸਕਦੀਆਂ ਹਨ|
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲਾਫ ਜੰਗ ਲੜਨੀ ਚਾਹੀਦੀ ਹੈ ਅਤੇ ਆਪੋ-ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ|
ਇਸੇ ਦੌਰਾਨ ਮਿਉਂਸਪਲ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਸਿਵਲ ਹਸਪਤਾਲ ਪਹੁੰਚ ਕੇ ਡੋਪ ਟੈਸਟ ਕਰਵਾਉਣ ਲਈ ਸੈਂਪਲ ਦਿੱਤਾ| ਇਸ ਮੌਕੇ ਉਹਨਾਂ ਕਿਹਾ ਕਿ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਵਿਚਰਨ ਵਾਲੇ ਸਾਰੇ ਆਗੂਆਂ ਦੀ ਇਹ ਇੱਕ ਨੈਤਿਕ ਜਿੰਮੇਵਾਰੀ ਹੈ ਕਿ ਉਹ ਖੁਦ ਅੱਗੇ ਆ ਕੇ ਆਪਣਾ ਡੋਪ ਟੈਸਟ ਕਰਵਾਉਣ| ਉਹਨਾਂ ਕਿਹਾ ਕਿ ਉਹ ਲੋਕ ਭਲਾਈ ਲਈ ਸਿਆਸਤ ਵਿੱਚ ਆਏ ਅਤੇ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਡੋਪ ਟੈਸਟ ਵਾਸਤੇ ਸੈਂਪਲ ਦੇਣ ਆਏ ਹਨ| ਉਹਨਾਂ ਕਿਹਾ ਕਿ ਅੱਜ ਕੱਲ੍ਹ ਲੋਕ ਸਿਆਸੀ ਆਗੂਆਂ ਦੇ ਕਿਰਦਾਰ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਸਿਆਸੀ ਆਗੂਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕਿਰਦਾਰ ਤੇ ਕੋਈ ਦਾਗ ਨਾ ਲੱਗਣ ਦੇਣ| ਉਹਨਾਂ ਕਿਹਾ ਕਿ ਨਸ਼ਿਆਂ ਦੇ ਖਿਲਾਫ ਲੜੀ ਜਾ ਰਹੀ ਇਸ ਜੰਗ ਵਿੱਚ ਸ਼ਹਿਰ ਦੇ ਸਮੂਹ ਸਿਆਸੀ ਆਗੂਆਂ ਨੂੰ ਡੋਪ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਨੈਤਿਕ ਜਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *