ਨਸ਼ਿਆਂ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰੇ ਸਰਕਾਰ

ਪਿਛਲੇ ਕਈ ਹਫਤਿਆਂ ਤੋਂ ਪੰਜਾਬ ਅੰਦਰ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਜਾ ਚੁੱਕੀ ਪੰਜਾਬ ਦੀ ਜਵਾਨੀ ਨੇ ਪੰਜਾਬ ਦੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਜਿਸਦੀ ਦੀ ਚਿੰਤਾ ਅਤੇ ਚਿੰਤਨ ਕਰਦਿਆਂ ਪੰਜਾਬ ਦੇ ਕੁਝ ਜਾਗਦੀ ਜ਼ਮੀਰ ਵਾਲੇ ਨੌਜਵਾਨਾਂ ਤੇ ਹੋਰ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ‘ਮਰੋ ਜਾਂ ਵਿਰੋਧ ਕਰੋ’ ਮੁੰਹਿਮ ਦਾ ਆਗਾਜ਼ ਕੀਤਾ ਅਤੇ 1 ਜੁਲਾਈ ਤੋਂ 7 ਜੁਲਾਈ ਤੱਕ ਚਿੱਟੇ ਖਿਲਾਫ਼ ਕਾਲਾ ਹਫਤਾ ਮਨਾਇਆ|
ਇਸ ਮੁਹਿੰਮ ਨੇ ਜਿੱਥੇ ਪੰਜਾਬ ਦੇ ਲੋਕਾਂ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਲਿਆਂਦੀ ਹੈ ਉਥੇ ਬਹੁਤ ਸਾਰੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਸ ਮੁਹਿੰਮ ਨੇ ਨਸ਼ੇ ਛੱਡਣ ਲਈ ਪ੍ਰੇਰਿਤ ਵੀ ਕੀਤਾ ਹੈ ਜੋ ਕਿ ਇੱਕ ਸ਼ਾਲਾਘਾਯੋਗ ਕਾਮਯਾਬੀ ਹੈ| ਇਸਦੇ ਨਾਲ ਹੀ ਇਸ ਮੁਹਿੰਮ ਨੇ ਨਸ਼ਿਆਂ ਦੇ ਮਾਮਲੇ ਵਿੱਚ ਸੁੱਤੀ ਪਈ ਕੈਪਟਨ ਸਰਕਾਰ ਦੀਆਂ ਅੱਖਾਂ ਵੀ ਖੋਲ੍ਹ ਦਿੱਤੀਆਂ ਹਨ, ਪਰ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਰੱਵਈਆ ‘ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ’ ਵਰਗਾ ਹੀ ਰਿਹਾ| ਕੁਝ ਕੁ ਮੀਟਿੰਗਾਂ ਕਰਕੇ, ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੇਂਦਰ ਸਰਕਾਰ ਤੋਂ ਕਰਨ ਦੀ ਗੱਲ ਕਰਕੇ, ਕੁਝ ਕੁ ਨਿੱਕੇ ਮੋਟੇ ਅਫ਼ਸਰਾਂ ਅਤੇ ਨਸ਼ੇੜੀਆਂ ਤੇ ਨਜ਼ਲਾ ਝਾੜ ਕੇ ਅਤੇ ਡੋਪ ਟੈਸਟ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਲੋਕਾਂ ਨੂੰ ਅਸਲ ਮੁੱਦੇ ਤੋਂ ਗੁੰਮਰਾਹ ਕਰਨ ਵਿੱਚ ਇੱਕ ਵਾਰ ਫਿਰ ਕਾਮਯਾਬ ਰਹੀ ਹੈ|
ਜਦ ਕਿ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਨਸ਼ਿਆਂ ਦੇ ਖਾਤਮੇ ਨੂੰ ਮੁੱਖ ਮੁੱਦਾ ਬਣਾ ਕੇ, ਗੁਟਕਾ ਸਾਹਿਬ ਦੀ ਸੌਂਹ ਖਾ ਕੇ ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦੇ ਵਾਅਦੇ ਅਤੇ ਦਾਅਵੇ ਕਰਕੇ ਲੋਕਾਂ ਦੀਆਂ ਵੋਟਾਂ ਹਾਸਿਲ ਕਰਨ ਵਾਲੀ ਕੈਪਟਨ ਸਰਕਾਰ ਚਾਹੇ ਤਾਂ ਚਾਰ ਦਿਨਾਂ ਵਿੱਚ ਨਸ਼ੇ ਦੇ ਵੱਡੇ ਤਸਕਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਸਖ਼ਤ ਸਜਾਵਾਂ ਦੇ ਸਕਦੀ ਹੈ| ਪਰ ਅਜਿਹਾ ਕੁਝ ਵੀ ਨਹੀਂ ਹੋਇਆ, ਹਾਲੇ ਤੱਕ ਇੱਕ ਵੀ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਵੱਡੇ ਮਗਰਮੱਛਾਂ ਨੂੰ ਫੜਨ ਲਈ ਸਰਕਾਰ ਨੇ ਕੋਈ ਠੋਸ ਕਾਰਵਾਈ ਕਰਨ ਦੇ ਹੁਕਮ ਨਹੀਂ ਦਿੱਤੇ| ਜਿਸ ਤੋਂ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਦੋਸ਼ੀ ਹੀ ਨਹੀਂ ਫੜਨੇ ਤਾਂ ਫਾਂਸੀ ਦੀ ਸਜ਼ਾ ਦੀ ਮੰਗ ਕਿਸ ਲਈ ਕਰੇਗੀ ਪੰਜਾਬ ਸਰਕਾਰ? ਜਾਂ ਕਰੇਗੀ ਵੀ ਜਾਂ ਨਹੀਂ? ਇਹ ਗੱਲਾਂ ਸੱਪ ਮਾਰਨ ਵਾਲੀਆਂ ਨਹੀਂ ਸੱਪ ਦੀ ਲੀਕ ਕੁੱਟਣ ਦੇ ਬਰਾਬਰ ਸਾਬਿਤ ਹੋ ਰਹੀਆਂ ਹਨ| ਨਸ਼ਿਆਂ ਵਿੱਚ ਰੁੜ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਿੱਚ ਨਾ-ਕਾਮਯਾਬ ਹੋਣਾ , ਪੰਜਾਬ ਨੂੰ ਨਸ਼ਾ ਮੁਕਤ ਕੀਤੇ ਬਿਨਾਂ ਅਤੇ ਕਿਸਾਨਾਂ ਦੀਆਂ ਨਿੱਤ ਦਿਹਾੜੇ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਤੋਂ ਅਸਮੱਰਥ ਪੰਜਾਬ ਸਰਕਾਰ ਵੱਲੋਂ ਮਿਸ਼ਨ ‘ਤੰਦਰੁਸਤ ਪੰਜਾਬ’ ਵਰਗੀਆਂ ਮੁੰਹਿਮਾਂ ਚਲਾ ਕੇ ਲੋਕਾਂ ਵਿੱਚ ਆਪਣੀ ਸ਼ਾਖ ਬਚਾਉਣ ਦੀ ਕੋਸ਼ਿਸ਼ ਅਤੇ ਇੱਕ ਪਾਖੰਡ ਤੋਂ ਇਲਾਵਾ ਹੋਰ ਕੁਝ ਵੀ ਨਹੀਂ| ਜੇਕਰ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਰਾਜ ਦੇ ਬਾਕੀ ਕੁਝ ਕੁ ਬਚੇ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਵਾਕਿਆ ਹੀ ਤੰਦਰੁਸਤ ਦੇਖਣਾ ਜਾਂ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਸ਼ਿਆਂ ਦੀ ਉਪਲੱਬਤਾ ਰੋਕਣੀ ਪਵੇਗੀ, ਨਸ਼ੇ ਦੇ ਵੱਡੇ ਸਮੱਗਲਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਸਖ਼ਤ ਸਜਾਵਾਂ ਦੇਣੀਆਂ, ਨਸ਼ੇ ਦੇ ਵਪਾਰੀਆਂ ਦੀਆਂ ਜਾਇਦਾਦਾਂ ਕੁਰਕ ਕਰਕੇ, ਨਸ਼ੇ ਕਾਰਨ ਉਜੜੇ ਘਰਾਂ ਦਾ ਮੁੜ ਵਸੇਬਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ|
ਇਸ ਤੋਂ ਇਲਾਵਾ ਬੇਰੁਜਗਾਰਾਂ ਨੂੰ ਆਪਣੇ ‘ਘਰ ਘਰ ਨੌਕਰੀ’ ਵਾਲੇ ਵਾਅਦਿਆਂ ਮੁਤਾਬਕ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਨੌਕਰੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ| ਜਿਸ ਨਾਲ ਪੰਜਾਬ ਦੇ ਲੋਕ ਖੁਸ਼ਹਾਲ ਅਤੇ ਤੰਦਰੁਸਤ ਜ਼ਿੰਦਗੀ ਜੀਅ ਸਕਣਗੇ| ਪਰ ਸ਼ਾਇਦ ਇਹ ਗੱਲਾਂ ਪੰਜਾਬ ਵਾਸੀਆਂ ਲਈ ਸਿਰਫ਼ ਸੁਪਨਾ ਹੀ ਹਨ ਕਿਉਂਕਿ ਸਿਆਸਤ ਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਅਤੇ ਪੰਜਾਬ ਦੀ ਜਵਾਨੀ ਨੂੰ ਬੇਰੋਜ਼ਗਾਰ ਰੱਖੇ ਬਗੈਰ ਇਹ ਨਸ਼ਿਆਂ ਦਾ ਇਹ ਧੰਦਾ ਚੱਲ ਨਹੀ ਸਕਦਾ| ਇਹਨਾਂ ਦੇ ਘਰਾਂ ਵਿੱਚ ਰੌਸ਼ਨੀਆਂ ਗਰੀਬ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਹੁੰਦੀਆਂ ਹਨ| ਪੁੱਤਾਂ ਦੇ ਵਿਯੋਗ ਵਿੱਚ ਕੀਰਨੇ ਪਾਉਂਦੀਆਂ ਮਾਵਾਂ ਇਹਨਾਂ ਲਈ ਹਾਸਿਆਂ ਅਤੇ ਠਹਾਕਿਆਂ ਦਾ ਕੰਮ ਕਰਦੀਆਂ ਹਨ|
ਸੱਪ ਮਾਰਨ ਦੀ ਬਜਾਏ ਸੱਪਾਂ ਦੀਆਂ ਲੀਕਾਂ ਕੁੱਟਣ ਵਾਲੀ ਜਿਹੜੀ ਸਰਕਾਰ ਆਪਣੇ ਰਾਜ ਵਿੱਚ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਦੌਰਾਨ ਪਲਾਸਟਿਕ ਦੇ ਲਿਫਾਫੇ ਬੰਦ ਨਹੀਂ ਕਰਵਾ ਸਕੀ ਉਸ ਸਰਕਾਰ ਤੋਂ ਚਿੱਟਾ ਜਾਂ ਹੋਰ ਨਸ਼ਿਆਂ ਦੀ ਪਾਬੰਦੀ ਦੀ ਉਮੀਦ ਕਰਨਾ ਆਪਣੇ ਆਪ ਨਾਲ ਬੇਈਮਾਨੀ ਹੋਵੇਗੀ, ਪੰਜਾਬ ਦੇ ਲੋਕਾਂ ਲਈ ਆਪਣੇ ਆਪ ਨਾਲ ਵਾਅਦਾ ਖ਼ਿਲਾਫੀ ਹੋਵੇਗੀ| ਧੋਖਾ ਹੋਵੇਗਾ| ‘ਮਰੋ ਜਾਂ ਵਿਰੋਧ ਕਰੋ’ ਅਤੇ ਚਿੱਟੇ ਵਿਰੁੱਧ ਮਨਾਏ ਗਏ ਕਾਲੇ ਹਫ਼ਤੇ ਦੌਰਾਨ ਪੰਜਾਬ ਦੇ ਲੋਕਾਂ ਵਿੱਚ ਜੋ ਜਾਗਰੂਕਤਾ ਆਈ ਹੈ ਉਹ ਇਸ ਤਰ੍ਹਾਂ ਬਣੀ ਰਹਿਣੀ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਹਿੱਤ ਹੈ|
ਇਹੀ ਜਾਗਰੂਕਤਾ ਅਤੇ ਅਜਿਹੇ ਸੰਘਰਸ਼ ਸਰਕਾਰਾਂ ਦੀਆਂ ਕੁਰਸੀਆਂ ਹਿਲਾ ਦੇਣ ਦੀ ਤਾਕਤ ਰੱਖਦੀਆਂ ਹਨ| ਤਬਦੀਲੀ ਲਿਆਉਣ ਦੀ ਤਾਕਤ ਰੱਖਦੀਆਂ ਹਨ|
ਰੋਹਿਤ ਸੋਨੀ ਸਾਦਿਕ

Leave a Reply

Your email address will not be published. Required fields are marked *