ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਵਿੱਚ ਧਿਆਨ ਲਗਾਉਣ ਵਿਦਿਆਰਥੀ : ਰਮਨਦੀਪ ਸਿੰਘ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਪੂਰਾ ਧਿਆਨ ਪੜ੍ਹਾਈ ਵਿਚ ਲਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀ ਐਸ ਪੀ ਸਿਟੀ 2 ਰਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ| ਉਹ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਮੁਹਾਲੀ ਦੇ ਆਡੀਟੋਰੀਅਮ ਵਿਚ ਨੌਜਵਾਨਾਂ ਵੱਧ ਰਹੇ ਨਸ਼ਿਆਂ ਦੇ ਰੁਝਾਨ ਦੇ ਨੁਕਸਾਨ ਅਤੇ ਇਸ ਦੇ ਪਰਿਵਾਰਕ ਅਤੇ ਬੁਰੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸੰਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਤੋਂ 10 ਪਾਸ ਕਰਨ ਉਪਰੰਤ ਬੀ. ਏ. ਦੇ ਫਾਈਨਲ ਸਾਲ ਵਿੱਚ ਹੀ ਏ. ਐਸ. ਆਈ. ਦੀ ਨੌਕਰੀ ਪ੍ਰਾਪਤ ਕਰ ਲਈ ਸੀ ਅਤੇ ਨਸ਼ਿਆਂ ਤੋਂ ਦੂਰ ਰਹਿੰਦਿਆਂ ਉਹ ਦੇਸ਼ ਦੀ ਸੇਵਾ ਕਰ ਰਹੇ ਹਨ| ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਮਿਹਨਤ ਅਤੇ ਲਗਨ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਜਨਰਲ ਰਿਟਾ. ਰਾਜ ਮਹਿਤਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਵੱਧ ਰਿਹਾ ਨਸ਼ੇ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੇ ਅੰਦਰ ਪਰਮਾਤਮਾ ਦਾ ਵਾਸ ਹੈ, ਇਸ ਲਈ ਅੱਜ ਲੋੜ ਹੈ ਕਿ ਹਰ ਵਿਅਕਤੀ ਉਸ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪ੍ਰਣ ਕਰੇ ਕਿ ਉਹ ਕਦੇ ਨਸ਼ਾ ਨਹੀਂ ਕਰੇਗਾ| ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਤੁਹਾਡਾ ਫ਼ੈਸਲਾ ਹੈ ਕਿ ਤੁਸੀਂ ਨਸ਼ੇ ਕਰਨੇ ਹਨ ਜਾਂ ਨਹੀਂ ਅਤੇ ਉਨ੍ਹਾਂ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਤਾਂ ਸੜਕ ਹਾਸਦਿਆਂ ਵਿੱਚ ਅਜਾਈ ਜਾਂਦੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ|
ਇਸ ਦੌਰਾਨ ਸੰਭਵ ਫਾਊਂਡੇਸ਼ਨ ਦੀ ਪ੍ਰੋਜੈਕਟ ਕੋਆਰਡੀਨੇਟਰ ਮੈਡਮ ਅਮੋਲ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਕੜਿਆਂ ਅਨੁਸਾਰ ਇੰਨੀਆਂ ਜਾਨਾਂ ਦੰਗਿਆਂ ਵਿੱਚ ਨਹੀਂ ਜਾਂਦੀਆਂ, ਜਿੰਨੀਆਂ ਜਾਨਾਂ ਨਸ਼ੇ ਕਰਕੇ ਵਾਹਨ ਚਲਾਉਣ ਕਾਰਨ ਸੜਕ ਹਾਦਸਿਆਂ ਵਿੱਚ ਜਾਂਦੀਆਂ ਹਨ| ਉਨ੍ਹਾਂ ਦੱਸਿਆ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਕਾਰਨ ਰੋਜ਼ਾਨਾ 19 ਵਿਅਕਤੀਆਂ ਦੀ ਮੌਤ ਹੁੰਦੀ ਹੈ ਅਤੇ ਜੇਕਰ ਇਨ੍ਹਾਂ ਨਸ਼ਿਆਂ ਨੂੰ ਠੱਲ੍ਹ ਪਾ ਲਈ ਜਾਵੇ ਤਾਂ ਇਨ੍ਹਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ|
ਇਸ ਸੈਮੀਨਾਰ ਵਿੱਚ ਮੁਹਾਲੀ ਦੇ ਮਨੋਵਿਗਿਆਨਕ ਦਿਲਬਾਗ ਸਿੰਘ ਸਮੇਤ ਹੋਰ ਕਈ ਹਸਤੀਆਂ ਨੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ| ਇਸ ਮੌਕੇ ਤੇ ਵਿਦਿਆਰਥੀਆਂ ਨੇ ਬੁੱਧੀਜੀਵੀਆਂ ਤੋਂ ਕਈ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਬਿਹਤਰੀਨ ਤਰੀਕੇ ਨਾਲ ਦਿੱਤਾ|

Leave a Reply

Your email address will not be published. Required fields are marked *