ਨਸ਼ਿਆਂ ਦੀ ਸਮੱਸਿਆ ਤੇ ਹਲ ਲਈ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਕਾਬੂ ਕਰੇ ਪੁਲੀਸ

ਮਨੁੱਖ ਵਿੱਚ ਨਸ਼ੇ ਦੀ ਲੋਰ ਵਿੱਚ ਡੁੱਬਣ ਦੀ ਲਤ ਬਹੁਤ ਪੁਰਾਣੀ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਦੀ ਸਾਡੀ ਇਹ ਸਭਿਅਤਾ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਮਨੁੱਖ ਦਾ ਨਸ਼ੇ ਵਿੱਚ ਡੁੱਬਣ ਦਾ ਰੁਝਾਨ ਵੀ ਚਲਦਾ ਆ ਰਿਹਾ ਹੈ| ਇਸ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਵੱਧਦੀ ਨਸ਼ਾਖੋਰੀ ਦੀ ਸਮੱਸਿਆ ਇੱਕ ਵੱਡੇ ਮੁੱਦੇ ਦੇ ਰੂਪ ਵਿੱਚ ਉਭਰ ਕੇ ਸਾਮ੍ਹਣੇ ਆਈ ਹੈ ਅਤੇ ਇਸ ਮੁੱਦੇ ਤੇ ਜਿੱਥੇ ਵਿਰੋਧੀ ਪਾਰਟੀਆਂ ਵਲੋਂ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਲਪੇਟੇ ਵਿੱਚ ਲਿਆ ਗਿਆ ਹੈ| ਸਿਆਸੀ ਮਾਹਿਰ ਤਾਂ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਸਰਕਾਰ ਦੀ ਨਾਕਾਮੀ ਦਾ ਮੁੱਦਾ ਇਹਨਾਂ ਚੋਣਾਂ ਦੌਰਾਨ ਵੋਟਰਾਂ ਦੇ ਨਾਂਹ ਪੱਖੀ ਰੁਝਾਨ ਦੇ ਰੂਪ ਵਿੱਚ ਉਭਰ ਕੇ ਸਾਮ੍ਹਣੇ ਆਉਣਾ ਹੈ|
ਸਾਡੇ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਨੌਜਵਾਨਾਂ ਦੇ ਨਸ਼ੇ ਦੀ ਸਮੱਸਿਆ ਦਾ ਸ਼ਿਕਾਰ ਹੋਣ ਦੀ ਸਮੱਸਿਆ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਹੈ ਅਤੇ ਇਸਦਾ ਅੰਦਾਜਾ ਸ਼ਹਿਰ ਵਿੱਚ ਨਸ਼ੇੜੀਆਂ ਦੀ ਲਗਾਤਾਰ ਵੱਧਦੀ ਗਿਣਤੀ ਨਾਲ ਲਗਾਇਆ ਜਾ ਸਕਦਾ ਹੈ| ਇਸਦਾ ਇੱਕ ਅਰਥ ਇਹ ਵੀ ਨਿਕਲਦਾ ਹੈ ਕਿ ਨਸ਼ੇ ਦੇ ਵਪਾਰੀਆਂ ਵਲੋਂ ਇੱਕ ਵਾਰ ਫਿਰ ਇਸ ਖੇਤਰ ਵਿੱਚ ਆਪਣੀ ਪਕੜ ਫਿਰ ਮਜਬੂਤ ਕੀਤੀ ਜਾ ਚੁੱਕੀ ਹੈ ਅਤੇ ਇਹਨਾਂ ਨਸ਼ੇੜੀਆਂ ਨੂੰ ਨਸ਼ੇ ਦੀ ਖੁਰਾਕ ਦੀ ਬੇਰੋਕਟੋਕ ਸਪਲਾਈ ਚਾਲੂ ਹੋ ਗਈ ਹੈ|  ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਦਰਜਨਾਂ ਦੇ ਹਿਸਾਬ ਨਾਲ ਬਣਾਈਆਂ ਗਈਆਂ ਸ਼ਰਾਬ ਦੀਆਂ ਦੁਕਾਨਾਂ ਤਾਂ ਹਨ ਹੀ (ਜਿਨ੍ਹਾਂ ਦੀ ਗਿਣਤੀ ਸਰਕਾਰੀ ਸਕੂਲਾਂ ਨਾਲੋਂ ਕਿਤੇ ਵੱਧ ਹੈ) ਇਸਤੋਂ ਇਲਾਵਾ  ਚਰਸ, ਅਫੀਮ, ਭੂਕੀ, ਗਾਂਜਾ, ਸਮੈਕ, ਕੋਕੀਨ, ਹੀਰੋਈਨ ਅਤੇ ਅਜਿਹੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਹਨ ਜਿਹੜੇ ਇਹਨਾਂ ਨਸ਼ੇੜੀਆਂ ਵਲੋਂ ਅਮਲ ਵਿੱਚ ਲਿਆਂਦੇ ਜਾਂਦੇ ਹਨ| ਇਸਤੋਂ ਇਲਾਵਾ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਨਸ਼ੇੜੀਆਂ ਦੀ ਖੁਰਾਕ ਪੂਰਾ ਕਰਨ ਦੇ ਕੰਮ ਆਉਂਦੀਆਂ ਹਨ| ਖਾਂਸੀ ਦੀਆਂ ਪੀਣ ਵਾਲੀਆਂ ਦਵਾਈਆਂ, ਦਰਦ ਦੇ ਕੈਪਸੂਲ, ਨੀਂਦ ਦੀਆਂ ਗੋਲੀਆਂ ਅਤੇ ਅਜਿਹੀਆਂ ਪਤਾ ਨਹੀਂ ਹੋਰ ਕਿੰਨੀਆਂ ਦਵਾਈਆਂ ਹਨ ਜਿਹੜੀਆਂ ਸਿਰਫ ਨਸ਼ੇ ਦੀ ਖੁਰਾਕ ਨੂੰ ਪੂਰਾ ਕਰਨ ਲਈ ਹੀ ਖਰੀਦੀਆਂ-ਵੇਚੀਆਂ ਜਾਂਦੀਆਂ ਹਨ|
ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ, ਪਾਰਕਾਂ ਦੇ ਕੋਨਿਆਂ ਅਤੇ ਮਾਰਕੀਟਾਂ ਦੀਆਂ ਪਾਰਕਿਗਾਂ ਅਤੇ ਗ੍ਰੀਨ ਬੈਲਟਾਂ ਵਿੱਚ ਡਿੱਗੀਆਂ ਪਈਆਂ ਅਜਿਹੀਆਂ ਪੀਣ ਵਾਲੀਆਂ ਦਵਾਈਆਂ ਦੀਆਂ ਖਾਲੀਆਂ ਸ਼ੀਸ਼ੀਆਂ (ਜਿਹਨਾਂ ਨੂੰ ਨਸ਼ੇੜੀਆਂ ਵਲੋਂ ਆਪਣੇ ਨਸ਼ੇ ਦੀ ਖੁਰਾਕ ਪੂਰੀ ਕਰਨ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ) ਜਾਹਿਰ ਕਰਦੀਆਂ ਹਨ ਕਿ ਸ਼ਹਿਰ ਵਿੱਚ ਨਸ਼ੇੜੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ| ਇਸਦੇ ਨਾਲ  ਹੀ ਸ਼ਹਿਰ ਦੇ ਪਾਰਕਾਂ ਦੇ ਕੋਨਿਆਂ ਅਤੇ ਖਾਲੀ ਥਾਵਾਂ ਤੇ ਨਸ਼ੇੜੀਆਂ ਨੂੰ ਆਪਣੇ ਨਸ਼ੇ ਦੀ ਖੁਰਾਕ ਲੈਂਦਿਆਂ ਵੇਖਿਆ ਜਾ ਸਕਦਾ ਹੈ| ਇਸ ਸੰਬੰਧੀ ਪੁਲੀਸ ਵਲੋਂ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰੰਤੂ ਨਸ਼ੇੜੀਆਂ ਦੀ ਲਗਾਤਾਰ ਵੱਧਦੀ ਗਿਣਤੀ ਪੁਲੀਸ ਫੋਰਸ ਦੇ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ| ਇਹਨਾਂ ਨਸ਼ੇੜੀਆਂ ਨੂੰ ਲੋੜੀਂਦੇ ਹਰ ਤਰ੍ਹਾਂ ਦੇ ਨਸ਼ੇ ਦੀ ਉਪਲਬਧਤਾ ਆਮ  ਹੋਣ ਕਾਰਨ ਇਹ ਸਮੱਸਿਆ ਇੱਕ ਵਾਰ ਫੇਰ ਵੱਧਣ ਲੱਗ ਪਈ ਹੈ| ਨੌਜਵਾਨਾਂ ਵਿੱਚਲੀ ਨਸ਼ਿਆਂ ਦੀ ਇਹ ਆਦਤ ਜਿੱਥੇ ਉਹਨਾਂ ਨੂੰ  ਅੰਦਰੋਂ ਅੰਦਰ ਖੋਖਲਾ ਕਰਦੀ ਹੈ ਉੱਥੇ ਇਸ ਕਾਰਨ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ|
ਜਿਲ੍ਹਾ ਪੁਲੀਸ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਢਿੱਲੀ ਪੈ ਚੁੱਕੀ ਕਾਰਵਾਈ ਨੂੰ ਨਵੇਂ ਸਿਰੇ ਤੋਂ ਤਿੱਖਾ ਅਤੇ ਅਸਰਦਾਰ ਬਣਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਅਤੇ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰ ਵਿੱਚ             ਨਵੇਂ ਸਿਰੇ ਤੋਂ ਆਪਣੇ ਟਿਕਾਣੇ ਕਾਇਮ ਕਰਨ ਵਾਲੇ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਜਾਵੇ| ਇਸਦੇ ਨਾਲ ਨਾਲ ਸ਼ਹਿਰ ਵਿੱਚ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਰੂਪ ਵਿੱਚ ਨਸ਼ਿਆਂ ਦਾ ਸਾਮਾਨ ਵੇਚਣ ਵਾਲੇ ਅਜਿਹੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਆਪਣੇ ਪੇਸ਼ੇ ਨਾਲ ਖਿਲਵਾੜ ਕਰਦੇ ਹਨ ਅਤੇ ਆਪਣੇ ਮੁਨਾਫੇ ਦੇ ਲਾਲਚ ਵਿੱਚ ਨੋਜਵਾਨਾਂ ਵਿੱਚ ਨਸ਼ਿਆਂ ਦੇ ਰੂਪ ਵਿੱਚ ਜਹਿਰ ਵੇਚਦੇ ਹਨ| ਇਸ ਸੰਬੰਧੀ ਪੁਲੀਸ ਵਲੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਦੇ ਇਸ ਕੋਹੜ ਨੂੰ ਖਤਮ ਕਰਕੇ  ਸਾਡੇ ਸਮਾਜ ਨੂੰ ਅੰਦਰ ਹੀ ਅੰਦਰ ਖੋਖਲਾ ਹੋਣ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *