ਨਸ਼ਿਆਂ ਦੇ ਖਾਤਮੇ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ

ਬੀਤੇ ਦਿਨੀਂ ਪੁਲੀਸ ਵੱਲੋਂ ਲੁਧਿਆਣਾ ਵਿੱਚ ਨਸ਼ਾਂ ਸਮਗਲਰਾਂ ਖਿਲਾਫ ਆਰੰਭੀ ਮੁਹਿੰਮ ਦੇ ਤਹਿਤ ਲਗਭਗ 2 ਅਰਬ ਰੁਪਏ ਕੀਮਤ ਦੀ ਹੈਰੋਈਨ ਫੜੀ ਗਈ ਹੈ| ਇਸ ਤੋਂ ਇਲਾਵਾ ਆਏ ਦਿਨ ਪੰਜਾਬ ਵਿੱਚ ਕਿਸੇ ਨਾ ਕਿਸੇ ਪਾਸੇ ਹੈਰੋਈਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਣ ਦੀਆਂ ਖਬਰਾਂ ਲਗਾਤਾਰ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਨਾਲ ਇਹ ਜਾਹਿਰ ਹੁੰਦਾ ਹੈ ਕਿ ਪੰਜਾਬ ਵਿੱਚ ਨਸ਼ਾ ਬਹੁਤ ਵੱਡੇ ਪੱਧਰ ਤੇ ਵੇਚਿਆ ਅਤੇ ਵਰਤਿਆ ਜਾ ਰਿਹਾ ਹੈ| ਨਸ਼ੇ ਦੀ ਵਰਤੋਂ ਪੰਜਾਬ ਦੇ ਹਰ ਵਰਗ ਵਿੱਚ ਬਹੁਤ ਜਿਆਦਾ ਹੈ| ਇੱਥੇ ਹਰ ਉਮਰ ਦੇ ਵਿਅਕਤੀ ਨਸ਼ਾ ਕਰਦੇ ਹਨ| ਹੋਰ ਤਾਂ ਹੋਰ ਹੁਣ ਤਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵੀ ਨਸ਼ਾ ਕਰਦੇ ਵੇਖੇ ਜਾ ਸਕਦੇ ਹਨ| ਕੁੜੀਆਂ ਵੀ ਇਸ ਮਾਮਲੇ ਵਿੱਚ ਘੱਟ ਨਹੀਂ ਹਨ ਅਤੇ ਵੱਡੀ ਗਿਣਤੀ ਲੜਕੀਆਂ ਵੀ ਨਸ਼ਾ ਕਰਨ ਦੀ ਆਦੀ ਹੋ ਚੁੱਕੀਆਂ ਹਨ| ਹੋਸਟਲਾਂ ਵਿੱਚ ਰਹਿੰਦੀਆਂ ਲੜਕੀਆਂ ਇਸ ਆਦਤ ਦੀਆਂ ਜਿਆਦਾ ਆਦੀ ਹਨ ਅਤੇ ਨਸ਼ੇ ਦੀ ਇਹ ਬਿਮਾਰੀ ਬਹੁਤ ਦੂਰ ਤਕ ਘਰ ਕਰ ਗਈ ਹੈ|
ਨਸ਼ਾ ਇਕ ਅਜਿਹੀ ਵਸਤੂ ਹੈ, ਜੋ ਕਿ ਗਰੀਬ ਅਮੀਰ ਦਾ ਫਰਕ ਮਿਟਾ ਦਿੰਦੀ ਹੈ| ਜਿਹੜੇ ਅਮੀਰ ਲੋਕ ਹੁੰਦੇ ਹਨ ਉਹ ਵੀ ਨਸ਼ਾ ਕਰਦੇ ਕਰਦੇ ਇਕ ਦਿਨ ਗਰੀਬ ਹੋ ਜਾਂਦੇ ਹਨ| ਅਮੀਰ ਲੋਕ ਕਾਫੀ ਮਹਿੰਗੇ ਨਸ਼ੇ ਕਰਦੇ ਹਨ ਜਦੋਂਕਿ ਗਰੀਬ ਤੇ ਆਮ ਲੋਕ ਸਸਤੇ ਨਸ਼ੇ ਨੂੰ ਵਰਤਦੇ ਹਨ| ਗਰਮੀਆਂ ਵਿੱਚ ਅਕਸਰ ਸੜਕਾਂ ਕਿਨਾਰੇ ਖੜੀ ਭੰਗ ਬੂਟੀ ਨੂੰ ਤੋੜ ਕੇ ਮਸਲਦੇ ਲੋਕ ਆਮ ਦਿਖ ਜਾਂਦੇ ਹਨ| ਇਹ ਲੋਕ ਭੰਗ ਦੇ ਬੂਟਿਆਂ ਦੇ ਇਸ ਰਸ ਦਾ ਨਸ਼ਾ ਕਰਦੇ ਹਨ| ਇਸ ਤਰ੍ਹਾਂ ਅਨੇਕਾਂ ਲੋਕ ਮੁਫਤ ਦਾ ਨਸ਼ਾ ਵੀ ਕਰਦੇ ਹਨ| ਪੰਜਾਬ ਵਿੱਚ ਵੱਡੀ ਗਿਣਤੀ ਲੋਕ ਸ਼ਰਾਬ ਪੀਂਦੇ ਹਨ| ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜੋ ਕਿ ਭੰਗ ਅਤੇ ਸਰਾਬ ਨੂੰ ਕੋਈ ਨਸ਼ਾ ਹੀ ਨਹੀਂ ਗਿਣਦੇ| ਜਿੱਥੇ ਮਜਦੂਰ ਵਰਗ ਸ਼ਰਾਬ ਤੇ ਹੋਰ ਨਸ਼ੇ ਦੀ ਵਰਤੋਂ ਪਿੱਛੇ ਆਪਣੀ ਥਕਾਵਟ ਦੂਰ ਕਰਨ ਦਾ ਤਰਕ ਦਿੰਦਾ ਹੈ ਉੱਥੇ ਅਮੀਰ ਲੋਕ ਮੌਜ ਮਸਤੀ ਕਰਨ ਜਾਂ ਵਪਾਰਕ ਟੈਂਸਨ ਦੂਰ ਕਰਨ ਲਈ ਮਹਿੰਗੀ ਸ਼ਰਾਬ ਅਤੇ ਮਹਿੰਗੇ ਨਸ਼ਿਆਂ ਦਾ ਸਹਾਰਾ ਲੈਣ ਦੀ ਗੱਲ ਕਰਦੇ ਹਨ ਅਤੇ ਸਮਾਜ ਦਾ ਹਰ ਵਰਗ ਹੀ ਨਸ਼ੇ ਦੀ ਲਪੇਟ ਵਿੱਚ ਆਇਆ ਹੋਇਆ ਹੈ|
ਪੰਜਾਬ ਵਿੱਚ ਭਾਵੇਂ ਵੱਖ ਵੱਖ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸੂਬੇ ਵਿੱਚ ਸ਼ਰਾਬ ਬੰਦੀ ਦੀ ਮੰਗ ਉਠਾਈ ਜਾਂਦੀ ਹੈ ਪਰੰਤੂ ਸਰਕਾਰ ਇਸ ਮੰਗ ਨੂੰ ਪੂਰੀ ਤਰ੍ਹਾਂ ਅਣਸੁਣਿਆ ਕਰ ਦਿੰਦੀ ਹੈ| ਪੰਜਾਬ ਸਰਕਾਰ ਸਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਹਰ ਸਾਲ ਅਰਬਾਂ ਖਰਬਾਂ ਰੁਪਏ ਕਮਾਉਂਦੀ ਹੈ ਅਤੇ ਸੂਬੇ ਵਿੱਚ ਸ਼ਰਾਬ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਉਪਰ ਚੱਲ ਰਿਹਾ ਹੈ| ਅਕਸਰ ਹੀ ਨਾਬਾਲਗ ਬੱਚਿਆਂ ਨੂੰ ਵੀ ਸ਼ਰਾਬ ਖਰੀਦਦੇ ਅਤੇ ਪੀਂਦੇ ਵੇਖਿਆ ਜਾਂਦਾ ਹੈ ਜਦੋਂ ਕਿ ਨਾਬਾਲਗ ਬਚਿਆਂ ਨੂੰ ਸਰਾਬ ਵੇਚਣ ਉੱਪਰ ਕਾਨੂੰਨੀ ਤੌਰ ਉੱਪਰ ਪਾਬੰਦੀ ਹੈ| ਸ਼ਰਾਬ ਦੇ ਠੇਕਿਆਂ ਉੱਪਰ ਲੱਗੇ ਬੋਰਡ ਉੱਪਰ ਇਹ ਵੀ ਲਿਖਿਆ ਹੁੰਦਾ ਹੈ ਕਿ 25 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨ ਨੂੰ ਸ਼ਰਾਬ ਨਹੀਂ ਵੇਚੀ ਜਾਵੇਗੀ ਪਰ ਉਸੇ ਹੀ ਠੇਕੇ ਤੋਂ ਸਰਾਬ ਲੈ ਰਹੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਇਸ ਬੇਰਡ ਦਾ ਮੂੰਹ ਚਿੜਾ ਰਹੇ ਹੁੰਦੇ ਹਨ|
ਪਿਛਲੀ ਵਾਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਕ ਚੋਣ ਰੈਲੀ ਵਿੱਚ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਚੁਕੀ ਸੀ ਕਿ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸਿਰਫ ਚਾਰ ਹਫਤਿਆਂ ਵਿੱਚ ਹੀ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦੇਣਗੇ ਪਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਏ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰੰਤੂ ਇਹ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ| ਭਾਵੇਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੰਜਾਬ ਪੁਲੀਸ ਨੇ ਵੀ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਹੈ ਪਰ ਇਸਦੇ ਬਾਵਜੂਦ ਨਸ਼ੇ ਨੂੰ ਕਰਨ ਵਾਲੇ ਅਤੇ ਛੋਟੇ ਮੋਟੇ ਨਸ਼ੇ ਦੇ ਹੇਠਲੇ ਪੱਧਰ ਦੇ ਵਪਾਰੀਆਂ ਨੂੰ ਹੀ ਕਾਬੂ ਕੀਤਾ ਗਿਆ ਹੈ ਜਦੋਂ ਕਿ ਨਸ਼ਾ ਸਪਲਾਈ ਕਰਨ ਵਾਲੀਆਂ ਵੱਡੀਆਂ ਮੱਛੀਆਂ ਨੂੰ ਕਿਸੇ ਨੇ ਵੀ ਹੱਥ ਨਹੀਂ ਪਾਇਆ|
ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਭਰੋਸਾ ਕਰਕੇ ਪੰਜਾਬ ਵਿੱਚ ਕਾਂਗਰਸ ਨੂੰ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ ਸੀ ਅਤੇ ਪੰਜਾਬ ਵਾਸੀਆਂ ਨੂੰ ਆਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਇਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਵਿੱਚੋਂ ਨਸ਼ੇ ਨੂੰ ਚਾਰ ਹਫਤਿਆਂ ਵਿੱਚ ਹੀ ਖਤਮ ਕਰ ਦੇਣਗੇ ਪਰ ਮੁੱਖ ਮੰਤਰੀ ਆਪਣੇ ਇਸ ਚੋਣ ਵਾਇਦੇ ਨੂੰ ਪੂਰਾ ਕਰਨ ਵਿੱਚ ਨਾਕਾਮ ਸਾਬਿਤ ਹੋਏ ਹਨ ਅਤੇ ਪੰਜਾਬ ਵਿੱਚ ਇਸ ਸਮੇਂ ਵੀ ਨਸ਼ੇ ਦਾ ਵਪਾਰ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ| ਚਾਹੀਦਾ ਤਾਂ ਇਹ ਹੈ ਕਿ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਾਂਝੇ ਤੌਰ ਉਪਰ ਉਪਰਾਲੇ ਕੀਤੇ ਜਾਣ, ਇਸ ਕੰਮ ਲਈ ਸਰਕਾਰ ਨੂੰ ਨਵੀਂ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਸਰਕਾਰ ਦੀ ਇਸ ਮੁਹਿੰਮ ਵਿੱਚ ਆਮ ਲੋਕਾਂ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਹੋ ਸਕੇ|

Leave a Reply

Your email address will not be published. Required fields are marked *