ਨਸ਼ਿਆਂ ਦੇ ਰਾਹ ਪੈਣ ਤੋਂ ਬਚਾਉਣ ਲਈ ਨੌਜਵਾਨਾਂ ਦੇ ਬੁਨਿਆਦੀ ਮਸਲਿਆਂ ਦਾ ਹਲ ਕੀਤਾ ਜਾਣਾ ਜਰੂਰੀ

ਇਤਿਹਾਸ ਗਵਾਹ ਹੈ ਕਿ ਸਾਡੇ ਨੌਜਵਾਨਾਂ ਨੇ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਖਤਰਿਆਂ ਦਾ ਨਾ ਸਿਰਫ ਅੱਗੇ ਹੋ ਕੇ ਟਾਕਰਾ ਕੀਤਾ ਹੈ ਬਲਕਿ ਉਹਨਾਂ ਨੇ ਹਰ ਮੁਸੀਬਤ ਨੂੰ ਆਪਣੇ ਸੀਨੇ ਤੇ ਹੰਢਾਉਂਦਿਆਂ ਦੇਸ਼ ਸਮਾਜ ਦੀ ਰਾਖੀ ਕੀਤੀ ਹੈ| ਸਾਡੇ ਨੌਜਵਾਨ ਹਮੇਸ਼ਾ ਦੇਸ਼ ਅਤੇ ਦੁਨੀਆ ਲਈ ਮਿਸਾਲ ਬਣਦੇ ਰਹੇ ਹਨ ਅਤੇ ਦੇਸ਼ ਦੀ ਆਜਾਦੀ ਦੀ ਲੜਾਈ ਹੋਵੇ ਜਾਂ ਵਿਦੇਸ਼ੀ ਧਾੜਵੀਆਂ ਦੇ ਹਮਲੇ, ਪੰਜਾਬ ਦੇ ਜਵਾਨਾਂ ਨੇ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦਿਆਂ ਹਰ ਜੁਲਮ ਦਾ ਟਾਕਰਾ ਕਰਕੇ ਉਸਦੇ ਖਿਲਾਫ ਆਵਾਜ ਬੁਲੰਦ ਕੀਤੀ ਹੈ| ਪੰਜਾਬੀ ਜਵਾਨਾਂ ਦੇ ਜੋਸ਼, ਹਿੰਮਤ, ਜਜਬੇ ਅਤੇ ਹੌਂਸਲੇ ਅੱਗੇ ਪੂਰੀ ਦੁਨੀਆਂ ਪਾਣੀ ਭਰਦੀ ਹੈ ਅਤੇ ਪੰਜਾਬੀ ਨੌਜਵਾਨਾਂ ਦੇ ਜੁੱਸੇ ਦਾ ਦਮ ਪੂਰੀ ਦੁਨੀਆ ਵਿੱਚ ਸਰਾਹਿਆ ਜਾਂਦਾ ਹੈ|
ਪਰੰਤੂ ਮੌਜੂਦਾ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਪੰਜਾਬ ਦੇ ਮਜਬੂਤ ਜੁੱਸੇ ਵਾਲੇ ਸਾਡੇ ਨੌਜਵਾਨ ਇਸ ਵੇਲੇ ਨਸ਼ਿਆਂ ਦੀ ਲਾਹਨਤ ਦਾ ਸ਼ਿਕਾਰ ਹਨ| ਸ਼ਰਾਬ ਦੇ ਨਸ਼ੇ ਦਾ ਚਲਨ ਤਾਂ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਹੈ ਪਰੰਤੂ ਹੁਣ ਤਾਂ ਸਾਡੇ ਨੌਜਵਾਨ ਕਈ ਹੋਰ ਨਸ਼ਿਆਂ ਵਿੱਚ ਜਕੜੇ ਗਏ ਹਨ| ਅਫੀਮ, ਪੋਸਤ, ਚਰਸ, ਡੋਡੇ, ਕੈਪਸੂਲ, ਪੀਣ ਵਾਲੀਆਂ ਕਈ ਤਰ੍ਹਾਂ ਦੀਆਂ ਦਵਾਈਆਂ, ਸਮੈਕ, ਹੀਰੋਈਨ, ਟੀਕੇ ਅਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਹਨ ਜਿਹੜੇ ਨਸ਼ੇੜੀਆਂ ਵਲੋਂ ਆਪਣੀ ਨਸ਼ੇ ਦੀ ਖੁਰਾਕ ਨੂੰ ਪੂਰਾ ਕਰਨ ਲਈ ਵਰਤੇ ਜਾਂਦੇ ਹਨ ਅਤੇ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਨਸ਼ਿਆਂ ਵਿੱਚ ਬੁਰੀ ਤਰ੍ਹਾਂ ਜਕੜੀ ਗਈ ਹੈ|
ਨੌਜਵਾਨਾਂ ਦੇ ਨਸ਼ਿਆਂ ਦੇ ਜਾਲ ਵਿੱਚ ਜਕੜੇ ਜਾਣ ਦੇ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਤੇ ਗੌਰ ਕੀਤਾ ਜਾਣਾ ਬਹੁਤ ਜਰੂਰੀ ਹੈ| ਸਾਡੇ ਪੜ੍ਹੇ ਲਿਖੇ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ ਅਤੇ ਡਿਗਰੀਆਂ ਕੋਲ ਹੋਣ ਦੇ ਬਾਵਜੂਦ ਉਹਨਾਂ ਨੂੰ ਕਿਤੇ ਨੌਕਰੀ ਨਹੀਂ ਮਿਲਦੀ| ਬੇਰੁਜ਼ਗਾਰੀ ਕਾਰਨ ਪੈਦਾ ਹੋਣ ਵਾਲੀ ਮਾਯੂਸੀ ਉਹਨਾਂ ਨੂੰ ਨਸ਼ੇ ਵੱਲ ਖਿੱਚਦੀ ਹੈ| ਨੌਜਵਾਨਾਂ ਦੀ ਦੂਜੀ ਵੱਡੀ ਸਮੱਸਿਆ ਦਿਨੋਂ ਦਿਨ ਵਾਹੀ ਯੋਗ ਜ਼ਮੀਨਾਂ ਦਾ ਘੱਟ ਹੁੰਦੇ ਜਾਣਾ ਹੈ| ਦੋ ਦਹਾਕੇ ਪਹਿਲਾਂ ਤਕ ਜਿਹੜੇ ਪਰਿਵਾਰ ਖੁਦ ਕੋਲ ਵਾਧੂ ਜਮੀਨ ਹੋਣ ਤੇ ਮਾਣ ਕਰਦੇ ਸੀ, ਉਹ ਪਰਿਵਾਰ ਜਮੀਨਾਂ ਦੀ ਵੰਡ ਹੋ ਜਾਣ ਤੋਂ ਕਾਰਨ ਬਹੁਤ ਥੋੜ੍ਹੀ ਥੋੜ੍ਹੀ ਜਮੀਨ ਦੇ ਮਾਲਿਕ ਰਹਿ ਗਏ ਹਨ| ਇਸ ਦੌਰਾਨ ਜਿੱਥੇ ਪਰਿਵਾਰਾਂ ਦੀਆਂ ਜਮੀਨਾਂ ਘਟੀਆਂ ਹਨ ਉੱਥੇ ਉਹਨਾਂ ਦੇ ਖਰਚੇ ਲਗਾਤਾਰ ਵਧਦੇ ਗਏ ਹਨ| ਆਪਣੇ ਇਹਨਾਂ ਖਰਚਿਆਂ ਨੂੰ ਪੂਰੇ ਨਾ ਕਰ ਸਕਣ ਦੀ ਨਮੋਸ਼ੀ ਸਾਡੇ ਨੌਜਵਾਨਾਂ ਵਿੱਚ ਆਪਣੇ ਭਵਿੱਖ ਪ੍ਰਤੀ ਬੇਭਰੋਸਗੀ ਪੈਦਾ ਕਰਦੀ ਹੈ ਅਤੇ ਆਪਣੇ ਭਵਿੱਖ ਤੋਂ ਮਾਯੂਸ ਇਹ ਨੌਜਵਾਨ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ|
ਹਾਲਾਂਕਿ ਸਾਡੇ ਨੌਜਵਾਨਾਂ ਦੀ ਨਸ਼ੇ ਦੀ ਆਦਤ ਦਾ ਇਕਲੌਤਾ ਕਾਰਨ ਸਿਰਫ ਮਾਯੂਸੀ ਅਤੇ ਤਨਾਓ ਹੀ ਨਹੀਂ ਹੈ| ਸਾਡੇ ਸਮਾਜ ਵਿੱਚ ਇਸ ਤੋਂ ਇਲਾਵਾ ਵੀ ਹੋਰ ਕਈ ਅਜਿਹੇ ਕਾਰਨ ਮੌਜੂਦ ਹਨ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਖਿੱਚ ਕੇ ਲੈ ਜਾਂਦੇ ਹਨ| ਇੱਥੇ ਰੱਜੇ ਪੁਜੇ ਘਰਾਂ ਦੇ ਅਜਿਹੇ ਵਿਗੜੇ ਕਾਕਿਆਂ ਦੀ ਗਿਣਤੀ ਵੀ ਕਾਫੀ ਜਿਆਦਾ ਹੈ ਜਿਹੜੇ ਸ਼ੌਕ ਸ਼ੌਕ ਵਿੱਚ ਨਸ਼ਿਆਂ ਦੀ ਚਪੇਟ ਵਿੱਚ ਆ ਜਾਂਦੇ ਹਨ ਅਤੇ ਫਿਰ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ|
ਸੂਬਾ ਸਰਕਾਰ ਵਲੋਂ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰੰਤੂ ਉਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਇਹਨਾਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਣ ਦੀ ਕੋਸ਼ਿਸ਼ (ਜਿਹੜੀ ਕੁਝ ਸਮੇਂ ਬਾਅਦ ਫਿਰ ਬਹਾਲ ਹੋ ਜਾਂਦੀ ਹੈ) ਤਕ ਹੀ ਸੀਮਿਤ ਹੁੰਦੀ ਹੈ ਅਤੇ ਨਸ਼ਿਆਂ ਦੀ ਸਮੱਸਿਆ ਦੇ ਇਹਨਾਂ ਮੂਲ ਕਾਰਨਾਂ ਦਾ ਹੱਲ ਉਸਦੀ ਪਹਿਲ ਵਿੱਚ ਨਹੀਂ ਹੈ| ਜਦੋਂ ਤਕ ਨਸ਼ਿਆਂ ਦੀ ਸੱਮਸਿਆ ਲਈ ਜਿੰਮੇਵਾਰ ਮੂਲ ਕਾਰਨਾਂ ਦੇ ਹਲ ਦੀ ਸਾਰਥਕ ਕੋਸ਼ਿਸ਼ ਨਹੀਂ ਹੋਵੇਗੀ ਇਸ ਸਮੱਸਿਆ ਦਾ ਮੁਕੰਮਲ ਹਲ ਨਹੀਂ ਹੋ ਸਕਦਾ|
ਸਰਕਾਰਾਂ ਵਲੋਂ ਦਿੱਤੇ ਜਾਣ ਵਾਲੇ ਵੱਡੇ ਵੱਡੇ ਵਿਗਿਆਪਨ, ਇਸ ਸੰਬੰਧੀ ਆਯੋਜਿਤ ਕੀਤੇ ਜਾਂਦੇ ਸੈਮੀਨਾਰ ਅਤੇ ਭਾਸ਼ਣ, ਨੌਜਵਾਨਾਂ ਨੂੰ ਨਸ਼ੇ ਦੀ ਇਸ ਲਤ ਤੋਂ ਛੁਟਕਾਰਾ ਨਹੀਂ ਦਿਵਾ ਸਕਦੇ ਬਲਕਿ ਇਸ ਲਈ ਜਰੂਰੀ ਹੈ ਕਿ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਸਹਾਰਾ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਦਾ ਸਮਰਥ ਬਣਾਇਆ ਜਾਵੇ| ਨਸ਼ਿਆਂ ਦੀ ਸਮੱਸਿਆ ਦਾ ਸ਼ਿਕਾਰ ਹੋ ਚੁੱਕੇ ਇਹਨਾਂ ਨੌਜਵਾਨਾਂ ਨੂੰ ਇਸ ਗਲਤਾਨ ਤੋਂ ਬਾਹਰ ਕੱਢਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਾਲ ਨਾਲ ਉਹਨਾਂ ਨੂੰ ਇਹ ਸਮਝਾਉਣ ਦੀ ਵੀ ਲੋੜ ਹੈ ਕਿ ਨਸ਼ਾ ਉਹਨਾਂ ਦੀਆਂ ਸਮੱਸਿਆਵਾ ਵਿੱਚ ਸਿਰਫ ਵਾਧਾ ਹੀ ਕਰਦਾ ਹੈ ਅਤੇ ਉਹਨਾਂ ਦੀਆਂ ਆਰਥਿਕ, ਪਰਿਵਾਰਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਮਾਰੂ ਨਸ਼ੇ ਨਹੀਂ ਹਨ| ਇਹ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਵਾਸਤੇ ਲੋੜੀਂਦੇ ਰੁਜਗਾਰ ਦਾ ਪ੍ਰਬੰਧ ਕਰਕੇ ਇਸ ਸਮੱਸਿਆ ਤੇ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *