ਨਸ਼ਿਆਂ ਦੇ ਵਪਾਰ ਤੇ ਕਾਬੂ ਕਰਨ ਲਈ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਣਾ ਜਰੂਰੀ

ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕਾਬੂ ਕਰਨ ਲਈ ਹੋਂਦ ਵਿੱਚ ਲਿਆਂਦੀ ਗਈ ਸਪੈਸ਼ਲ ਟਾਸਕ ਫੋਰਸ ਵਲੋਂ ਪਿਛਲੇ ਦਿਨੀਂ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਪੰਜਾਬ ਪੁਲੀਸ ਦੇ ਇੰਸਪੈਕਟਰ ਪੱਧਰ ਦੇ ਇੱਕ ਅਧਿਕਾਰੀ ਨੂੰ ਕਾਬੂ ਕੀਤੇ ਜਾਣ ਨਾਲ ਪੰਜਾਬ ਵਿੱਚ ਵੱਡੇ ਪੱਧਰ ਤੇ ਚਲਣ ਵਾਲੇ ਨਸ਼ਿਆਂ ਦੇ ਇਸ ਕਾਰੋਬਾਰ ਦੀਆਂ ਪਰਤਾਂ ਖੁੱਲਣ ਦੀ ਸੰਭਾਵਨਾ ਬਣਦੀ ਦਿਖ ਰਹੀ ਹੈ| ਪੰਜਾਬ ਪੁਲੀਸ ਦੇ ਡੀ ਜੀ ਪੀ ਦੇ ਅਹੁਦੇ ਤੇ ਰਹੇ ਸਾਬਕਾ ਆਈ ਪੀ ਐਸ ਅਧਿਕਾਰੀ ਸ੍ਰੀ ਸ਼ਸ਼ੀ ਕਾਂਤ (ਜਿਹਨਾਂ ਵਲੋਂ ਪੰਜਾਬ ਵਿੱਚ ਰਸੂਖਦਾਰ ਸਿਆਸੀ ਆਗੂਆਂ  ਅਤੇ ਵੱਡੇ ਪੁਲੀਸ ਅਤੇ ਸਿਵਲ ਅਧਿਕਾਰੀਆਂ ਦੀ ਸਰਪਰਸਤੀ ਵਿੱਚ ਚਲਣ ਵਾਲੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਬਾਰੇ ਜਨਤਕ ਤੌਰ ਤੇ ਖੁਲਾਸੇ ਕੀਤੇ ਜਾਂਦੇ ਰਹੇ ਹਨ) ਵਲੋਂ ਵੀ ਇਸ ਪੁਲੀਸ ਇੰਸਪੈਕਟਰ ਦੇ ਕਾਬੂ ਕੀਤੇ ਜਾਣ ਦੀ ਐਸ ਟੀ ਐਫ ਦੀ ਕਾਰਵਾਈ ਤੇ ਤਸੱਲੀ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਪਹਿਲੀ ਵਾਰ ਇਸ ਕਾਰੋਬਾਰ ਦੀ ਇੱਕ ਅਹਿਮ ਕੜੀ ਦੇ ਕਾਬੂ ਆਉਣ ਨਾਲ ਇਸ ਕਾਰੋਬਾਰ ਵਿੱਚ ਸ਼ਾਮਿਲ ਹੋਰਨਾਂ ਵੱਡੀਆਂ ਮੱਛੀਆਂ ਨੂੰ ਵੀ ਕਾਬੂ ਕੀਤਾ ਜਾ ਸਕੇਗਾ|
ਐਸ ਟੀ ਐਫ ਵਲੋਂ ਕਾਬੂ ਕੀਤੇ ਗਏ ਇਸ ਪੁਲੀਸ ਇੰਪੈਕਟਰ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ ਹਥਿਆਰਾਂ ਦੀ ਬਰਾਮਦਗੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਪੁਲੀਸ ਦੇ ਅਧਿਕਾਰੀਆਂ ਉੱਪਰ ਲਗਣ ਨਸ਼ਿਆਂ ਦੇ ਕਾਲੇ ਕਾਰੋਬਾਰ ਦੀ ਪੁਸ਼ਤਪਨਾਹੀ ਕਰਨ ਸੰਬੰਧੀ ਲੱਗਣ ਵਾਲੇ ਇਲਜਾਮ ਬੇਬੁਨਿਆਦ ਨਹੀਂ ਹਨ|  ਪਿਛਲੇ ਸਾਲਾਂ ਦੌਰਾਨ ਜਿਸ ਤਰੀਕੇ ਨਾਲ ਇਸ ਇੰਸਪੈਕਟਰ ਉੱਪਰ ਪੁਲੀਸ ਦੇ ਸੀਨੀਅਰ ਅਧਿਕਾਰੀਆਂ (ਅਤੇ ਸਰਕਾਰ) ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਕਾਇਮ ਰਹੀ ਹੈ ਅਤੇ ਉਸਨੂੰ ਮਨਮਰਜੀ ਦੀਆਂ ਥਾਵਾਂ ਤੇ ਤੈਨਾਤ ਕੀਤਾ ਜਾਂਦਾ ਰਿਹਾ ਹੈ ਉਸ ਨਾਲ ਇਹ ਸਾਫ ਜਾਹਿਰ ਹੁੰਦਾ ਹੈ ਕਿ ਇਸ ਪੁਲੀਸ ਇੰਸਪੈਕਟਰ ਦੀ ਪਹੁੰਚ ਕਿੰਨੀ ‘ਉੱਪਰ’ ਤਕ ਸੀ|
ਹੈਰਾਨੀ ਦੀ ਗੱਲ ਇਹ ਹੈ ਕਿ (ਪਿਛਲੀ) ਸਰਕਾਰ ਵਲੋਂ ਨਸ਼ਿਆਂ ਦੇ ਵਪਾਰ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਜਿੰਮੇਵਾਰੀ ਜਿਸ ਅਧਿਕਾਰੀ ਨੂੰ ਸੌਂਪੀ ਗਈ ਸੀ ਉਹ ਖੁਦ ਹੀ ਇਸ ਵਪਾਰ ਦੀ ਇੱਥ ਅਹਿਮ ਕੜੀ ਦੇ ਰੂਪ ਵਿੱਚ ਸਾਮ੍ਹਣੇ ਆਇਆ ਹੈ ਅਤੇ ਇਸ ਨਾਲ (ਪਿਛਲੀ) ਸਰਕਾਰ ਵਲੋਂ ਨਸ਼ਿਆਂ ਤੇ ਕਾਬੂ ਕਰਨ ਵਾਲੀ ਪੂਰੀ ਕਾਰਵਾਈ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ| ਐਸ ਟੀ ਐਫ ਵਲੋਂ ਪੁਲੀਸ ਦੀ ਨੌਕਰੀ ਦੀ ਆੜ ਵਿੱਚ ਨਸ਼ਿਆਂ ਦਾ ਕਾਲਾ ਕਾਰੋਬਾਰ ਚਲਾਉਣ ਦੇ ਦੋਸ਼ ਅਧੀਨ ਕਾਬੂ ਕੀਤੇ ਗਏ ਇਸ ਇੰਸਪੈਕਟਰ ਦੇ ਸੰਪਰਕ ਸੂਤਰਾਂ ਅਤੇ ਉਸਦੀ ਪੁਸ਼ਤ ਪਨਾਹੀ ਕਰਨ ਵਾਲੇ ਵੱਡੇ ਪੁਲੀਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਬੇਨਕਾਬ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਪਰੰਤੂ ਕੀ ਸਰਕਾਰ ਵਾਕਈ ਅਜਿਹਾ ਕਰਨ ਦੀ ਸਮਰਥ ਹੋ ਪਾਏਗੀ| ਇਸ ਸੰਬੰਧੀ ਹੁਣ ਤਕ ਜਿਹੜੀ ਜਾਣਕਾਰੀ ਸਾਮ੍ਹਣੇ ਆਈ ਹੈ ਉਸ ਅਨੁਸਾਰ ਇਹ ਇੰਸਪੈਕਟਰ ਨਾ ਸਿਰਫ ਕੁੱਝ ਸੀਨੀਅਰ ਪੁਲੀਸ ਅਧਿਕਾਰੀਆਂ ਦਾ ਚਹੇਤਾ ਸੀ ਬਲਕਿ ਉਸਦੀ ਪੰਜਾਬ ਦੀ ਸੱਤਾ ਤੇ ਕਾਬਿਜ ਅਕਾਲੀ ਦਲ ਦੇ ਪ੍ਰਮੁਖ ਨੇਤਾਵਾਂ ਨਾਲ ਵੀ ਨੇੜਤਾ ਦੇ ਚਰਚੇ ਹਨ|
ਪੰਜਾਬ ਦੀ ਨਵੀਂ ਸਰਕਾਰ (ਜਿਹੜੀ ਨਸ਼ਿਆਂ ਦੇ ਕਾਰੋਬਾਰ ਦੇ ਵਾਇਦੇ ਨਾਲ ਸੱਤਾ ਵਿੱਚ ਆਈ ਹੈ) ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਨਾ ਸਿਰਫ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਬੇਨਕਾਬ ਕੀਤਾ ਜਾਵੇ ਬਲਕਿ ਉਹਨਾਂ ਨੂੰ ਕਾਬੂ ਕਰਕੇ ਇਸ ਕਾਰੋਬਾਰ ਦਾ ਮੁਕੰਮਲ ਖਾਤਮਾ ਕੀਤਾ ਜਾਵੇ| ਇਸ ਕਾਰੋਬਾਰ ਦੀ ਇੱਕ ਅਹਿਮ ਕੜੀ ਦੇ ਕਾਬੂ ਵਿੱਚ ਆਉਣ ਨਾਲ ਸਰਕਾਰ ਦਾ ਰਾਹ ਪੱਧਰਾ ਜਰੂਰ ਹੋਇਆ ਹੈ ਪਰੰਤੂ ਨਸ਼ਿਆਂ ਦੇ ਇਸ ਕਾਰੋਬਾਰ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਸ਼ਿਆਂ ਦੇ ਇਸ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਕੇ ਇਸ ਕਾਰੋਬਾਰ ਦਾ ਖਾਤਮਾ ਕੀਤਾ ਜਾਵੇ| ਇਹ ਕੰਮ ਇੰਨਾ ਆਸਾਨ ਨਹੀਂ ਹੈ ਅਤੇ ਆਪਣੇ ਵਿਰੁੱਧ ਹੋਣ ਵਾਲੀ ਕਿਸੇ ਵੀ ਸੰਭਾਵੀ ਕਾਰਵਾਈ ਨੂੰ ਰੋਕਣ ਲਈ ਉੱਚ ਅਹੁਦਿਆਂ ਤੇ ਤੈਨਾਤ ਵੱਡੇ ਅਧਿਕਾਰੀਆਂ ਅਤੇ ਰਾਜਨੇਤਾਵਾਂ ਨੇ ਹਰ ਸੰਭਵ ਯਤਨ ਕਰਨੇ ਹਨ| ਇਸ ਕਾਰਵਾਈ ਨੂੰ ਉਸਦੇ ਅੰਜਾਮ ਤਕ ਪਹੁੰਚਾਉਣ ਲਈ ਸਰਕਾਰ (ਮੁੱਖ ਮੰਤਰੀ) ਨੂੰ ਪ੍ਰੂਰੀ ਦ੍ਰਿੜਤਾ  ਨਾਲ ਕੰਮ ਕਰਨਾ ਪੈਦਾ ਹੈ ਅਤੇ ਵੇਖਣਾ ਇਹ ਹੈ ਕਿ ਸਰਕਾਰ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਰੋਬਾਰ ਦਾ ਖਾਤਮਾ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੀ ਹੈ|

Leave a Reply

Your email address will not be published. Required fields are marked *