ਨਸ਼ਿਆਂ ਵਿਰੋਧੀ ਮੁਹਿੰਮ : ਕੈਪਟਨ ਅਤੇ ਸੁਖਬੀਰ ਲਈ ਚੁਣੌਤੀ ਬਣਦਿਆਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈਸਟ

ਨਸ਼ਿਆਂ ਵਿਰੋਧੀ ਮੁਹਿੰਮ : ਕੈਪਟਨ ਅਤੇ ਸੁਖਬੀਰ ਲਈ ਚੁਣੌਤੀ ਬਣਦਿਆਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈਸਟ
ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪਹੁੰਚੇ ਡੋਪ ਟੈਸਟ ਕਰਵਾਉਣ, ਤਕਨੀਕੀ ਕਾਰਨਾਂ ਕਰਕੇ ਸੋਮਵਾਰ ਨੂੰ ਹੋਵੇਗਾ ਮੰਤਰੀ ਦਾ ਡੋਪ ਟੈਸਟ
ਐਸ ਏ ਐਸ ਨਗਰ, 5 ਜੁਲਾਈ (ਸ.ਬ.) ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਚਲ ਕਰੇ ਕਾਲੇ ਹਫਤੇ ਦੌਰਾਨ ਨਸ਼ਿਆਂ ਖਿਲਾਫ ਮਜਬੂਤ ਹੁੰਦੀ ਲੋਕ ਲਹਿਰ ਅਤੇ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਕਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦੇ ਫੈਸਲੇ ਦਾ ਅਸਰ ਦਿਖਣ ਲੱਗ ਪਿਆ ਹੈ| ਇਸ ਸੰਬੰਧੀ ਆਮ ਲੋਕਾਂ ਵਲੋਂ ਸਿਆਸੀ ਆਗੂਆਂ ਦਾ ਡੋਪ ਟੈਸਟ ਕਰਵਾਉਣ ਸੰਬੰਧੀ ਕੀਤੀ ਜਾ ਰਹੀ ਮੰਗ ਨੂੰ ਮਜਬੂਤੀ ਦਿੰਦਿਆਂ ਅੱਜ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਸ੍ਰੀ ਅਮਨ ਅਰੋੜਾ ਅੱਜ ਆਪੋ ਆਪਣਾ ਡੋਪ ਟੈਸਟ ਕਰਵਾਉਣ ਲਈ ਸਥਾਨਕ ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਪਹੁੰਚ ਗਏ ਅਤੇ ਡਾਕਟਰਾਂ ਤੋਂ ਉਹਨਾਂ ਦਾ ਡੋਪ ਟੈਸਟ ਕਰਨ ਦੀ ਮੰਗ ਕੀਤੀ| ਇਹਨਾਂ ਵੀ ਵੀ ਆਈ ਪੀ ਦੇ ਇਸ ਤਰ੍ਹਾਂ ਅਚਾਨਕ ਹਸਪਤਾਲ ਪਹੁੰਚਣ ਤੇ ਹਸਪਤਾਲ ਦੇ ਪ੍ਰਸ਼ਾਸ਼ਨ ਨੂੰ ਇੱਕ ਵਾਰ ਤਾਂ ਹੱਥਾਂ ਪੈਰਾਂ ਦੀ ਪੈ ਗਈ ਅਤੇ ਬਾਅਦ ਵਿੱਚ ਹਸਪਤਾਲ ਦੇ ਪ੍ਰਬੰਧਨ ਵਲੋਂ ਇਹਨਾਂ ਦੋਵਾਂ ਦੇ ਡੋਪ ਟੈਸਟ ਦੀ ਕਾਰਵਾਈ ਆਰੰਭ ਕੀਤੀ ਗਈ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਵਲੋਂ ਡੋਸਪ ਟੈਸਟ ਲਈ ਆਪਣੇ ਖੂਨ ਦਾ ਸੈਂਪਲ ਦਿੱਤਾ ਗਿਆ ਜਦੋਂਕਿ ਕੈਬਿਨਟ ਮੰਤਰੀ ਸ੍ਰੀ ਬਾਜਵਾ ਨੂੰ ਡਾਕਟਰਾਂ ਨੇ ਇਸ ਕਰਕੇ ਆਪਣਾ ਸੈਂਪਲ ਬਾਅਦ ਵਿੱਚ ਦੇਣ ਲਈ ਕਿਹਾ ਕਿ ਉਹ ਜਿਹੜੀ ਦਵਾਈ ਖਾ ਰਹੇ ਹਨ ਉਸ ਕਾਰਨ ਉਹਨਾਂ ਦੇ ਖੂਨ ਦੇ ਨਮੂਨੇ ਦੀ ਮੁਕੰਮਲ ਜਾਂਚ ਨਹੀਂ ਹੋ ਸਕਦੀ ਅਤੇ ਉਹ ਇਹ ਦਵਾਈਆਂ ਬੰਦ ਕਰਕੇ ਫਿਰ 72 ਘੰਟੇ ਬਾਅਦ ਡੋਪ ਟੈਸਟ ਲਈ ਆਪਣੇ ਖੂਨ ਦਾ ਨਮੂਨਾ ਦੇਣ|
ਇਸ ਮੌਕੇ ਸ੍ਰ. ਬਾਜਵਾ ਨੇ ਕਿਹਾ ਕਿ ਉਹਨਾਂ ਵਲੋਂ ਕੁੱਝ ਦਿਨ ਪਹਿਲਾਂ ਇਹ ਗੱਲ ਆਖੀ ਗਈ ਸੀ ਕਿ ਪੰਜਾਬ ਪੁਲੀਸ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਮਹਿਸੂਸ ਹੋਇਆ ਕਿ ਜੇਕਰ ਉਹ ਪੁਲੀਸ ਫੋਰਸ ਦੇ ਡੋਪ ਟੈਸਟ ਦੀ ਮੰਗ ਕਰ ਰਹੇ ਹਨ ਤਾਂ ਉਹਨਾਂ ਨੂੰ ਖੁਦ ਨੂੰ ਵੀ ਇਹ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਨੈਤਿਕ ਜਿੰਮੇਵਾਰੀ ਸਮਝਦਿਆਂ ਉਹ ਅੱਜ ਆਪਣਾ ਡੋਪ ਟੈਸਟ ਕਰਵਾਉਣ ਆਏ ਸਨ ਅਤੇ ਹੁਣ ਡਾਕਟਰਾਂ ਦੀ ਸਲਾਹ ਅਨੁਸਾਰ ਉਹ ਸੋਮਵਾਰ ਨੂੰ ਆਪਣਾ ਡੋਪ ਟੈਸਟ ਕਰਵਾਉਣ ਲਈ ਆਉਣਗੇ|
ਇਸ ਮੌਕੇ ਆਪਣੇ ਡੋਪ ਟੈਸਟ ਕਰਵਾਉਣ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਹਰ ਸਕਾਰਾਤਮਕ ਕਦਮ ਦਾ ਬਤੌਰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਸਾਥ ਦੇਵੇਗੀ| ਉਹਨਾਂ ਕਿਹਾ ਕਿ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਡੋਪ ਟੈਸਟ’ ਦੀ ਸੁਰੂਆਤ ਖੁਦ ਅਤੇ ਆਪਣੇ ਮੰਤਰੀਆਂ, ਵਿਧਾਇਕਾਂ ਤੋਂ ਕਰਦੇ| ਉਹਨਾਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਅੱਜ ਜਨਤਾ ਦੇ ਨੁਮਾਇੰਦਿਆਂ ਨੂੰ ‘ਡੋਪ ਟੈਸਟ’ ਵਰਗੀਆਂ ਨੈਤਿਕ ਚੁਣੌਤੀਆਂ ਤੋਂ ਲੰਘਣਾ ਪੈ ਰਿਹਾ ਹੈ, ਕਿਉਂਕਿ ਜਨਤਾ ਦੀ ਨੁਮਾਇੰਦਗੀ ਕਰਨ ਵਾਲੇ ਸਿਆਸੀ ਲੀਡਰਾਂ ਪੁਲੀਸ ਅਫਸਰਾਂ-ਕਰਮਚਾਰੀਆਂ ਦਾ ਇਕ ਵੱਡਾ ਹਿੱਸਾ ਡਰੱਗ ਮਾਫੀਆ ਨਾਲ ਰਲ ਗਿਆ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਤਬਾਹ ਹੋਣ ਕਿਨਾਰੇ ਪੁੱਜ ਗਿਆ ਹੈ| ਬੇਰੋਜਗਾਰੀ ਅਤੇ ਬੇਉਮੀਦੀ ਦੇ ਮਾਰੇ ਨੌਜਵਾਨ ਗੱਭਰੂ ਅਸਾਨੀ ਨਾਲ ਉਪੱਲਬਧ ਨਸ਼ਿਆਂ ਦੀ ਓਵਰਡੋਜ ਨਾਲ ਅਣਹੋਣੀ ਮੌਤ ਮਰੇ ਲੱਭਦੇ ਹਨ|
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਮੌਕੇ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਨਸ਼ਿਆਂ ਅਤੇ ਨਸ਼ਿਆਂ ਦੇ ਕਾਰੋਬਾਰੀਆਂ ਨੂੰ 4 ਹਫਤਿਆਂ ਦੇ ਅੰਦਰ ਖਤਮ ਕਰਨ ਅਤੇ ਜੇਲਾਂ ਵਿੱਚ ਸੁੱਟਣ ਦਾ ਵਾਅਦਾ ਕਰਨ ਦੇ ਬਾਵਜੂਦ ਸਵਾ ਸਾਲ ਕੋਈ ਕਦਮ ਨਹੀਂ ਉਠਾਇਆ, ਪਰੰਤੂ ਹੁਣ ਵਿਰੋਧੀ ਧਿਰ ਵਜੋਂ ‘ਆਪ’ ਵਲੋਂ ਇਸ ਸੰਬੰਧੀ ਆਵਾਜ ਬੁਲੰਦ ਕਰਨ ਅਤੇ ਲੋਕ ਰੋਹ ਦੇ ਅੱਗੇ ਝੁਕਦਿਆਂ ਸਰਕਾਰ ਨੂੰ ਕੁਝ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਜੜ੍ਹ ਉਦੋਂ ਤੱਕ ਖਤਮ ਨਹੀਂ ਹੋਵੇਗੀ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਦ੍ਰਿੜ ਇੱਛਾ ਸਕਤੀ ਨਾਲ ਡਰੱਗ ਮਾਫੀਆ ਵਿੱਚ ਸ਼ਾਮਲ ਸਿਆਸਤਦਾਨਾਂ, ਪੁਲੀਸ ਅਫਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਦੇ ਗਿਰੋਹ ਨੂੰ ਤਹਿਸ-ਨਹਿਸ ਨਹੀਂ ਕਰਦੇ|
ਉਨਾਂ ਕਿਹਾ ਕਿ ਉਹ ਪੰਚਾਇਤ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਹਰੇਕ ਲੋਕ ਨੁਮਾਇੰਦੇ ਨੂੰ ਨੈਤਿਕਤਾ ਦੇ ਆਧਾਰ ਤੇ ‘ਡੋਪ ਟੈਸਟ’ ਕਰਾਉਣ ਦੀ ਅਪੀਲ ਕਰਦੇ ਹਨ, ਤਾਂ ਕਿ ਪੁਲੀਸ ਵਾਂਗ ਸਿਆਸਤਦਾਨਾਂ ਤੋਂ ਵੀ ਉਠ ਚੁੱਕੇ ਲੋਕ ਵਿਸ਼ਵਾਸ਼ ਨੂੰ ਮੁੜ ਬਹਾਲ ਕੀਤਾ ਜਾ ਸਕੇ|

Leave a Reply

Your email address will not be published. Required fields are marked *