ਨਸ਼ੇ ਦੇ ਕਾਰੋਬਾਰ ਦੀਆਂ ਵੱਡੀਆਂ ਮੱਛੀਆਂ ਨੂੰ ਫੜੇ ਬਿਨਾ ਨਹੀਂ ਹੋਵੇਗਾ ਇਸਤੇ ਕਾਬੂ

ਡੇਢ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਲਗਾਤਾਰ ਵੱਧਦੀ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦਾ ਇਹ ਕਾਰੋਬਾਰ ਪਹਿਲਾਂ ਵਾਂਗ ਹੀ ਚਲ ਰਿਹਾ ਹੈ| ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਨਸ਼ਿਆਂ ਦੀ ਸਮੱਸਿਆ ਨੂੰ ਮੁੱਦਾ ਬਣਾਉਣ ਅਤੇ ਸੱਤਾ ਤੇ ਕਾਬਿਜ ਹੋਣ ਦੇ ਇੱਕ ਮਹੀਨੇ ਵਿੱਚ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਦਾ ਇਹ ਦਾਅਵਾ ਪੂਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ ਹੈ ਅਤੇ ਇਹ ਸਮੱਸਿਆ ਪਹਿਲਾਂ ਵਾਂਗ ਹੀ ਜਾਰੀ ਹੈ|
ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਹੁਤ ਜਿਆਦਾ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਆਦਤ ਇੰਨੀ ਜਿਆਦਾ ਵੱਧ ਗਈ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਇਹ ਗੱਲ ਆਮ ਆਖੀ ਜਾਂਦੀ ਹੈ ਕਿ ਪੰਜ ਦਰਿਆਵਾਂ ਦੀ ਇਸ ਧਰਤੀ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵੀ ਵੱਗਦਾ ਹੈ| ਨੌਜਵਾਨਾਂ ਦੀ ਨਸ਼ੇ ਦੀ ਇਸ ਵੱਧਦੀ ਆਦਤ ਨੇ ਜਿੱਥੇ ਸਾਡੇ ਸਮਾਜ ਨੂੰ ਵੱਡਾ ਖੋਰਾ ਲਗਾਇਆ ਹੈ ਉੱਥੇ ਇਸਦਾ ਅਸਰ ਸਾਡੇ ਸਮਾਜਿਕ ਤਾਣੇ ਬਾਣੇ ਤੇ ਵੀ ਪਿਆ ਹੈ| ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਸ਼ੇੜੀ ਹੋ ਜਾਂਦਾ ਹੈ ਤਾਂ ਇਸ ਕਾਰਨ ਉਸਦੇ ਪਰਿਵਾਰ ਨੂੰ ਕਿੰਨੀ ਮਾਨਸਿਕ ਪਰੇਸ਼ਾਨੀ, ਨਮੋਸ਼ੀ ਅਤੇ ਜਿੱਲਤ ਸਹਿਣੀ ਪੈਂਦੀ ਹੈ ਇਸਨੂੰ ਬਿਆਨ ਕਰਨਾ ਵੀ ਔਖਾ ਹੈ|
ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਪੰਜਾਬ ਵਿੱਚ ਨਸ਼ਿਆਂ ਦੇ ਲਗਾਤਾਰ ਵੱਧਦੇ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਲਈ ਇਸਦੇ ਕਾਰੋਬਾਰੀਆਂ ਨੂੰ ਕਾਬੂ ਕਰਕੇ ਨਸ਼ਿਆਂ ਦੀ ਸਪਲਾਈ ਲਾਈਨ ਤੇ ਰੋਕ ਲਗਾਈ ਜਾਵੇ| ਪਰੰਤੂ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ਸਿਰਫ ਛੋਟੀਆਂ ਮੱਛੀਆਂ ਦੇ ਖਿਲਾਫ ਕਾਰਵਾਈ ਤੱਕ ਹੀ ਸੀਮਿਤ ਰਹੀ ਹੈ ਅਤੇ ਸਰਕਾਰ ਸੂਬੇ ਵਿੱਚ ਵੱਡੇ ਪੱਧਰ ਤੇ ਹੁੰਦੀ ਨਸ਼ਿਆਂ ਦੀ ਵਿਕਰੀ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ| ਪੰਜਾਬ ਵਿੱਚ ਸੱਤਾ ਵਿੱਚ ਹੋਈ ਤਬਦੀਲੀ ਤੋਂ ਬਾਅਦ ਇਸ ਸੰਬੰਧੀ ਸੱਤਾਧਾਰੀ ਆਗੂਆਂ ਵਲੋਂ ਜੁਬਾਨੀ ਜਮਾਂ ਖਰਚ ਤਾਂ ਬਹੁਤ ਕੀਤਾ ਗਿਆ ਹੈ ਪਰੰਤੂ ਇਸ ਨਾਲ ਹਾਲਾਤ ਵਿੱਚ ਕੋਈ ਖਾਸ ਫਰਕ ਪਿਆ ਨਜਰ ਨਹੀਂ ਆ ਰਿਹਾ ਹੈ|
ਇਸ ਦੌਰਾਨ ਪੰਜਾਬ ਪੁਲੀਸ ਵਲੋਂ ਨਸ਼ਿਆਂ ਦੇ ਵਪਾਰੀਆਂ ਖਿਲਾਫ ਜੰਗੀ ਪੱਧਰ ਤੇ ਕਾਰਵਾਈ ਕੀਤੇ ਜਾਣ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਬਹੁਤ ਹੋਏ ਹਨ ਪਰੰਤੂ ਪੁਲੀਸ ਦੀ ਇਹ ਕਾਰਵਾਈ ਕੋਈ ਖਾਸ ਅਸਰ ਨਹੀਂ ਛੱਡ ਪਾਈ ਅਤੇ ਇਹ ਸਮੱਸਿਆ ਹੁਣ ਵੀ ਪਹਿਲਾਂ ਵਾਂਗ ਹੀ ਬਣੀ ਹੋਈ ਹੈ| ਪੰਜਾਬ ਪੁਲੀਸ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਰੋਬਾਰ ਦੇ ਖਾਤਮੇ ਲਈ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਆਪਣੀ ਇਸ ਮੁਹਿੰਮ ਦੇ ਦੌਰਾਨ ਪੁਲੀਸ ਵਲੋਂ ਜਾਂ ਤਾਂ ਸਿਰਫ ਨਸ਼ੇੜੀਆਂ ਨੂੰ ਹੀ ਕਾਬੂ ਕੀਤਾ ਗਿਆ ਹੈ ਜਾਂ ਫਿਰ ਬਹੁਤ ਛੋਟੇ ਪੱਧਰ ਤੇ ਇਹ ਕੰਮ ਕਰਨ ਵਾਲੇ ਅਜਿਹੇ ਵਿਅਕਤੀ ਕਾਬੂ ਕੀਤੇ ਗਏ ਜਿਹੜੇ ਇਸ ਕਾਰੋਬਾਰ ਦੇ ਮਾਮੂਲੀ ਮੋਹਰੇ ਸਨ ਜਦੋਂਕਿ ਸੂਬੇ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਲਈ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਉਸ ਵੇਲੇ ਤਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਇਸ ਕਾਰੋਬਾਰ ਦੇ ਵੱਡੇ ਖਿਡਾਰੀਆਂ ਨੂੰ ਕਾਬੂ ਨਹੀਂ ਕੀਤਾ ਜਾਵੇਗਾ|
ਉਂਝ ਵੀ ਨਸ਼ਿਆਂ ਦਾ ਇਹ ਕਾਲਾ ਕਾਰੋਬਾਰ ਸਿਆਸੀ ਅਤੇ ਪ੍ਰਸ਼ਾਸ਼ਨਿਕ ਸਰਪਰਸਤੀ ਹੇਠ ਹੀ ਪਨਪਦਾ ਹੈ ਅਤੇ ਸਾਡੇ ਸੂਬੇ ਵਿੱਚ ਵੀ ਅਜਿਹੇ ਕਈ ਰਾਜਨੇਤਾਵਾਂ ਅਤੇ ਵੱਡੇ ਅਧਿਕਾਰੀਆਂ ਉੱਪਰ ਨਸ਼ਿਆਂ ਦੇ ਇਸ ਕਾਰੋਬਾਰ ਦੀ ਪੁਸ਼ਤ ਪਨਾਹੀ ਕਰਨ ਦੇ ਇਲਜਾਮ ਲੱਗਦੇ ਰਹੇ ਹਨ| ਸੂਬਾ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸੂਬੇ ਵਿੱਚ ਵੱਡੀ ਪੱਧਰ ਤੇ ਚਲ ਰਹੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਦੇ ਮੁਕੰਮਲ ਖਾਤਮੇ ਲਈ ਇਸ ਕੰਮ ਵਿੱਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ| ਇਸ ਸੰਬੰਧੀ ਪੁਲੀਸ ਵਲੋਂ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਉਸ ਵੇਲੇ ਤਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤਕ ਸਰਕਾਰ ਵਲੋਂ ਸੂਬੇ ਵਿੱਚ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਸਰਪਰਸਤੀ ਦੇਣ ਵਾਲੇ ਉੱਚ ਅਧਿਕਾਰੀਆਂ ਅਤੇ ਰਾਜਨੇਤਾਵਾਂ ਦੇ ਖਿਲਾਫ ਸਖਤੀ ਨਹੀਂ ਕੀਤੀ ਜਾਵੇਗੀ| ਪੁਲੀਸ ਵਲੋਂ ਸਭ ਤੋਂ ਪਹਿਲਾਂ ਇਸ ਕੰਮ ਵਿੱਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਖਤਮ ਕਰਕੇ ਨਸ਼ਿਆਂ ਵਿੱਚ ਡੁੱਬ ਰਹੇ ਸੂਬੇ ਦੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *