ਨਸ਼ੇ ਵਿੱਚ ਟੱਲੀ ਇਰਾਨੀ ਔਰਤ ਨੇ ਜਹਾਜ਼ ਵਿੱਚ ਕੀਤਾ ਹੰਗਮਾ, ਪਤੀ ਤੇ ਲਾਇਆ ਧੋਖਾਬਾਜ਼ੀ ਦਾ ਦੋਸ਼

ਚੇਨਈ/ਕਤਰ, 7 ਨਵੰਬਰ (ਸ.ਬ.)  ‘ਕਤਰ ਏਅਰਵੇਜ਼’ ਦੀ ਦੋਹਾ-ਬਾਲੀ ਨਾਨਸਟਾਪ ਉਡਾਣ ਨੂੰ ਉਸ ਸਮੇਂ ਆਪਣਾ ਰਸਤਾ ਬਦਲ ਕੇ ਚੇਨਈ ਵਿੱਚ ਰੁਕਣਾ ਪਿਆ ਜਦ ਨਸ਼ੇ ਵਿੱਚ ਟੱਲੀ ਇਕ ਇਰਾਨੀ ਔਰਤ ਨੇ ਜਹਾਜ਼ ਵਿੱਚ ਭੜਥੂ ਪਾ ਦਿੱਤਾ| ਔਰਤ ਨੇ ਕਿਹਾ ਕਿ ਉਸ ਦਾ ਪਤੀ ਉਸ ਨਾਲ ਧੋਖਾ ਕਰ ਰਿਹਾ ਹੈ| ਸੂਤਰਾਂ ਮੁਤਾਬਕ ਔਰਤ ਨੇ ਫਲਾਈਟ ਵਿੱਚ ਸੌਂ ਰਹੇ ਆਪਣੇ ਪਤੀ ਦਾ ਮੋਬਾਈਲ ਫੋਨ ਦੇਖਿਆ ਤਾਂ ਉਸ ਵਿੱਚ ਉਸ ਨੂੰ ਕੁੱਝ ਇਤਰਾਜ਼ਯੋਗ ਦਿਖਾਈ ਦਿੱਤਾ| ਇਸ ਮਗਰੋਂ ਗੁੱਸੇ ਵਿੱਚ ਇਸ ਔਰਤ ਨੇ ਆਪਣੇ ਪਤੀ ਨਾਲ ਕਾਫੀ ਬਹਿਸ ਕੀਤੀ ਅਤੇ ਫਲਾਈਟ ਵਿੱਚ ਭੜਥੂ ਪਾ ਦਿੱਤਾ| ਔਰਤ ਨੂੰ ਸ਼ਾਂਤ ਕਰ ਰਹੇ ਹੋਰ ਯਾਤਰੀ ਤੇ ਫਲਾਈਟ ਦੇ ਕਰੂ ਮੈਂਬਰ ਵੀ ਔਰਤ ਦੇ ਗੁੱਸੇ ਦਾ ਸ਼ਿਕਾਰ ਹੋਏ| ਵਧਦੇ ਝਗੜੇ ਨੂੰ ਦੇਖ ਪਾਇਲਟ ਨੂੰ ਚੇਨਈ ਵਿੱਚ ਫਲਾਈਟ ਲੈਂਡ ਕਰਵਾਉਣੀ ਪਈ| ਕਤਰ ਏਅਰਵੇਜ਼ ਤੋਂ ਦੋਹਾ-ਬਾਲੀ ਦਾ ਬਿਨਾਂ ਰੁਕੇ ਸਫਰ 10 ਘੰਟਿਆਂ ਦਾ ਹੈ, ਜਿਸ ਵਿੱਚ ਚੇਨਈ ਵੀ ਰਸਤੇ ਵਿੱਚ ਪੈਂਦਾ ਹੈ| ਇਰਾਨੀ ਜੋੜੇ ਤੇ ਉਨ੍ਹਾਂ ਦੇ ਬੱਚਿਆਂ ਨੂੰ ਚੇਨਈ ਉਤਾਰ ਕੇ ਬੋਇੰਗ ਜਹਾਜ਼ 777 ਆਪਣੀ ਬਚੀ ਹੋਈ ਯਾਤਰਾ ਲਈ ਦੋਬਾਰਾ ਨਿਕਲ ਗਿਆ| ਉਧਰ ਚੇਨਈ ਹਵਾਈਅੱਡੇ ਤੇ ਪਰਿਵਾਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕਮਰੇ ਵਿੱਚ ਲੈ ਜਾਇਆ ਗਿਆ| ਔਰਤ ਦੇ ਸ਼ਾਂਤ ਹੋ ਜਾਣ ਮਗਰੋਂ ਪਰਿਵਾਰ ਨੂੰ ਕੁਆਲੰਲਪੁਰ ਭੇਜ ਦਿੱਤਾ ਗਿਆ|

Leave a Reply

Your email address will not be published. Required fields are marked *