ਨਹੀਂ ਨਿਕਲ ਰਿਹਾ ਢਕੋਲੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ

ਨਹੀਂ ਨਿਕਲ ਰਿਹਾ ਢਕੋਲੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ
ਗੰਦੇ ਪਾਣੀ ਕਾਰਨ ਡੇਂਗੂ ਤੇ ਮਲੇਰੀਆ ਫੈਲਣ ਦਾ ਖਤਰਾ
ਜੀਰਕਪੁਰ, 10 ਨਵੰਬਰ (ਦੀਪਕ ਸ਼ਰਮਾ) ਪੰਚਕੂਲਾ ਦੇ ਸੈਕਟਰ-20 ਦੇ ਸੀਵਰੇਜ ਟਰੀਟਮੈਂਟ ਪਲਾਟ ਤੋਂ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਦੇ ਹਲ ਨਾ ਹੋਣ ਕਾਰਨ ਢਕੋਲੀ ਦੇ ਐਮ ਐਮ ਇਨਕਲੇਵ ਦੇ ਵਸਨੀਕ ਬਹੁਤ ਪ੍ਰੇਸ਼ਾਨ ਹਨ|
ਢਕੋਲੀ ਵਿੱਚ ਕਈ ਦਿਨਾਂ ਤੋਂ ਪੰਚਕੂਲਾ ਦਾ ਗੰਦਾ ਪਾਣੀ ਆ ਰਿਹਾ ਹੈ, ਜਿਸਦੀ ਨਿਕਾਸੀ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ|
ਮੀਡੀਆ ਵਿੱਚ ਇਸ ਸੰਬੰਧੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਦੀ ਕੁੰਭਕਰਨੀ ਨੀਂਦ ਨਹੀਂ ਖੁੱਲੀ| ਇਸ ਗੰਦੇ ਪਾਣੀ ਕਾਰਨ ਇਲਾਕੇ ਵਿਚ ਡੇਂਗੂ ਅਤੇ ਮਲੇਰੀਆ ਸਮੇਤ ਕਈ ਬਿਮਾਰੀਆਂ ਵੱਡੇ ਪੱਧਰ ਉੱਪਰ ਫੈਲ ਰਹੀਆਂ ਹਨ ਜਿਸਦੀ ਜਿੰਮੇਵਾਰੀ ਕੋਈ ਵੀ ਅਧਿਕਾਰੀ ਲੈਣ ਨੂੰ ਤਿਆਰ ਨਹੀਂ ਹੈ|
ਇਲਾਕਾ ਵਾਸੀ ਦਿਨੇਸ਼ ਭਾਰਦਵਾਜ ਪ੍ਰਧਾਨ ਡੀਲਰ, ਬਿਲਡਰ ਐਸੋਸੀਏਸ਼ਨ ਪ੍ਰਧਾਨ, ਵਿਵੇਕ ਸਿੰਗਲਾ, ਅਜੈ ਸਿੰਘ, ਸੁੰਦਰ ਗੋਇਲ, ਪਰਮਿੰਦਰ ਸਿੰਘ ਨੇ ਦਸਿਆ ਕਿ ਕਾਫੀ ਸਮੇਂ ਤੋਂ ਪੰਚਕੂਲਾ ਸੈਕਟਰ-20 ਦੇ ਟਰੀਟਮੈਂਟ ਪਲਾਂਟ ਦਾ ਪਾਣੀ ਇੱਥੇ ਆ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਫੈਲ ਰਹੀਆਂ ਹਨ|
ਇਸ ਸੰਬੰਧੀ ਜਦੋਂ ਇਲਾਕੇ ਦੇ ਕੌਂਸਲਰ ਦਵਿੰਦਰ ਬਰਾੜ ਨਾਲ ਗਲ ਕੀਤੀ ਤਾਂ ਉਹਨਾਂ ਕੋਈ ਟਿੱਪਣੀ ਨਹੀਂ ਕੀਤੀ|
ਠੇਕੇਦਾਰ ਸੰਦੀਪ ਨੇ ਦਸਿਆ ਕਿ ਉਹਨਾਂ ਵੱਲੋਂ ਉੱਥੇ ਖੱਡੇ ਖੋਦ ਦਿਤੇ ਗਏ ਹਨ, ਹੁਣ ਪਾਈਪਾਂ ਪਾਉਣ ਦਾ ਕੰਮ ਰਹਿ ਗਿਆ ਹੈ| ਇਸ ਸੰਬੰਧੀ ਜਦੋਂ ਜੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸੋਹੀ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਇੱਕ ਦੋ ਦਿਨਾਂ ਵਿਚ ਇਸਨੂੰ ਚੈਕ  ਕਰਵਾਉਣਗੇ|
ਹੁਣ ਸਵਾਲ ਇਹ ਉਠਦਾ ਹੈ ਕਿ ਇਸ ਗੰਦੇ ਪਾਣੀ ਕਾਰਨ ਫੈਲੀਆਂ ਬਿਮਾਰੀਆਂ ਕਾਰਨ ਜੇ ਕਿਸੇ ਵਿਅਕਤੀ ਦੀ ਮੌਤ ਹੋ ਗਈ ਤਾਂ ਉਸਦਾ ਜਿੰਮੇਵਾਰ ਕੌਣ ਹੋਵੇਗਾ|

Leave a Reply

Your email address will not be published. Required fields are marked *