ਨਹੀਂ ਹੋ ਪਾਇਆ ਫੇਜ਼-4 ਦੇ ਐਚ ਐਮ ਕਵਾਟਰਾਂ ਸਾਮ੍ਹਣੇ ਲੈਵਲਿੰਗ ਦਾ ਕੰਮ

ਨਹੀਂ ਹੋ ਪਾਇਆ ਫੇਜ਼-4 ਦੇ ਐਚ ਐਮ ਕਵਾਟਰਾਂ ਸਾਮ੍ਹਣੇ ਲੈਵਲਿੰਗ ਦਾ ਕੰਮ
ਫੇਜ਼-5 ਦੇ ਵਸਨੀਕ ਪਹਿਲਾਂ ਫੇਜ਼-5 ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ-ਵੇ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਅੜੇ
ਐਸ. ਏ. ਐਸ. ਨਗਰ, 30 ਜੂਨ (ਸ.ਬ.) ਨਗਰ ਨਿਗਮ ਵਲੋਂ ਸਥਾਨਕ ਫੇਜ਼ -4 ਵਿੱਚ ਐਚ. ਐਮ ਕਵਾਟਰਾਂ ਦੇ ਸਾਹਮਣੇ ਪੈਂਦੀ ਸੜਕ ਦੀ ਲੈਵਲਿੰਗ ਕਰਨ ਦੇ ਕੰਮ ਦਾ ਰੇੜਕਾ ਹੁਣੇ ਵੀ ਜਾਰੀ ਹੈ| ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਅਧਿਕਾਰਤ ਠੇਕੇਦਾਰ ਵਲੋਂ ਪਿਛਲੇ ਦਿਨੀਂ ਫੇਜ਼-4 ਦੇ ਐਚ ਐਮ ਕਵਾਟਰਾਂ ਅਤੇ ਬੋਗਨ ਵਿਲੀਆ ਪਾਰਕ ਦੇ ਵਿਚਕਾਰ ਪੈਂਦੀ ਸੜਕ ਦੇ ਕਵਾਟਰਾਂ ਵਾਲੇ ਪਾਸੇ ਲੈਵਲਿੰਗ ਦਾ ਕੰਮ ਕਰਨ ਲਈ ਸੜਕ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰੰਤੂ ਮੌਕੇ ਤੇ ਪਹੁੰਚੇ ਫੇਜ਼-5 ਦੇ ਵਸਨੀਕਾਂ ਅਤੇ ਕੌਸਲਰਾਂ ਸ੍ਰੀ ਅਸ਼ੋਕ ਝਾਅ ਅਤੇ ਸ੍ਰੀ ਅਰੁਣ ਸ਼ਰਮਾ ਵਲੋਂ ਇਸ ਕੰਮ ਦਾ ਵਿਰੋਧ ਕਰਦਿਆਂ ਇਹ ਕੰਮ ਰੁਕਵਾ ਦਿੱਤਾ ਗਿਆ ਸੀ| ਫੇਜ਼-5 ਦੇ ਵਸਨੀਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵਲੋਂ ਪਹਿਲਾਂ ਫੇਜ਼-5 ਵਿੱਚ ਇੱਕਤਰ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ ਵੇ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਉਸਤੋਂ ਬਾਅਦ ਹੀ ਉਹ ਫੇਜ਼-4 ਵਿੱਚ ਕੀਤਾ ਜਾ ਰਿਹਾ ਲੈਵਲਿੰਗ ਦਾ ਕੰਮ ਸ਼ੁਰੂ ਹੋਣ ਦੇਣਗੇ|
ਇਸ ਸਬੰਧੀ ਫੇਜ਼-5 ਦੇ ਵਸਨੀਕਾਂ ਵਲੋਂ ਕੌਸਲਰ ਅਸ਼ੋਕ ਝਾਅ ਦੀ ਅਗਵਾਈ ਵਿੱਚ ਨਿਗਮ ਦੇ ਕਮਿਸ਼ਨਰ ਅਤੇ ਇੰਜਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਵਲੋਂ ਮੌਕੇ ਦਾ ਦੌਰਾ ਵੀ ਕੀਤਾ ਗਿਆ ਸੀ|
ਅੱਜ ਸਵੇਰੇ ਇਸ ਕੰਮ ਵਾਲੇ ਠੇਕੇਦਾਰ ਦੇ ਬੰਦਿਆਂ ਵਲੋਂ ਲੈਵਲਿੰਗ ਦਾ ਕੰਮ ਮੁੜ ਆਰੰਭ ਕੀਤਾ ਗਿਆ ਪੰਰਤੂ ਮੌਕੇ ਤੇ ਪਹੁੰਚੇ ਫੇਜ਼-5 ਦੇ ਵਸਨੀਕਾਂ ਅਤੇ ਕੌਸਲਰਾਂ ਸ੍ਰੀ ਅਸ਼ੋਕ ਝਾਅ ਵਲੋਂ ਇਸ ਤੇ ਇਤਰਾਜ ਜਾਹਿਰ ਕੀਤਾ ਗਿਆ| ਇਸ ਮੌਕੇ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਵਿੱਚ ਇੱਕਤਰ ਹੋਏ ਫੇਜ਼-4 ਦੇ ਵਸਨੀਕਾਂ ਵਲੋਂ ਇਸ ਕੰਮ ਨੂੰ ਛੇਤੀ ਮੁਕੰਮਲ ਕਰਨ ਦੀ ਮੰਗ ਕੀਤੀ ਗਈ ਜਦੋਂਕਿ ਫੇਜ਼-5 ਦੇ ਵਸਨੀਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ| ਮੌਕੇ ਤੇ ਦੋਵਾਂ ਧਿਰਾਂ ਵਿੱਚ ਥੋੜ੍ਹੀ ਬਹਿਸ ਵੀ ਹੋਈ|
ਮੌਕੇ ਤੇ ਪਹੁੰਚੇ ਨਿਗਮ ਦੇ ਐਕਸੀਅਨ ਸ੍ਰ. ਨਰਿੰਦਰ ਸਿੰਘ ਦਾਲਮ ਵੱਲੋਂ ਇਹ ਕੰਮ ਬੰਦ ਕਰਵਾ ਦਿੱਤਾ ਗਿਆ ਜਿਸਤੋਂ ਬਾਅਦ ਮਾਹੌਲ ਥੋੜ੍ਹਾ ਸ਼ਾਂਤ ਹੋਇਆ| ਬਾਅਦ ਵਿੱਚ ਇਹ ਫੈਸਲਾ ਹੋਇਆ ਕਿ ਕੁਝ ਦਿਨ ਪਹਿਲਾਂ ਪੁੱਟੀ ਗਈ ਸੜਕ ਦੀ ਮੁਰੰਮਤ ਕੀਤੀ ਜਾਵੇ ਅਤੇ ਇਸਦਾ ਲੈਵਲ ਪਹਿਲਾਂ ਵਾਂਗ ਹੀ ਰਹਿਣ ਦਿੱਤਾ ਜਾਵੇ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇ|

Leave a Reply

Your email address will not be published. Required fields are marked *