ਨਾਗਾਲੈਂਡ ਸਕੂਲ ਬੋਰਡ ਵਫ਼ਦ ਵੱਲੋਂ ਪੰਜਾਬ ਬੋਰਡ ਦਾ ਦੌਰਾ

ਐੱਸ.ਏ.ਐੱਸ ਨਗਰ 14 ਜੁਲਾਈ: ਬੀਤੇ ਦਿਂਨੀ ਨਾਗਾਲੈਂਡ ਸਕੂਲ ਬੋਰਡ ਦੇ ਦਸ ਮੈਂਬਰੀ ਵਫ਼ਦ ਨੇ ਸ੍ਰੀ ਇਲੂਹੀਂਗ  ਸੀਨੀਅਰ ਅਕਾਦਮਿਕ ਅਧਿਕਾਰੀ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦੌਰਾ ਕੀਤਾ| ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਡਾਇਰੈਕਟਰ ਏ.ਪੀ ਮਨਜੀਤ ਕੌਰ ਅਤੇ ਡਾਇਰੈਕਟਰ ਕੰਪਿਊਟਰ ਡਾ.ਨਵਨੀਤ ਕੌਰ ਗਿੱਲ ਦੀ ਅਗਵਾਈ ‘ਚ ਆਏ ਹੋਏ ਵਫ਼ਦ ਨੂੰ ਜੀ ਆਇਆਂ ਆਖਣ ਮਗਰੋਂ ਦੋਹਾਂ ਬੋਰਡਾਂ ਦੇ ਉੱਚ ਅਧਿਕਾਰੀਆਂ ਨੇ ਦੁਵੱਲੀ ਗੱਲਬਾਤ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਦਾ ਅਦਾਨ ਪ੍ਰਦਾਨ ਕੀਤਾ| ਦੋਹਾਂ ਪਾਸਿਆਂ ਤੋਂ ਅਫਿਲੀਏਸ਼ਨ, ਵਿਤੀ ਸਾਧਨਾਂ, ਸਿਲੇਬਸ ਤਿਆਰ ਕਰਨ ਦੀ ਪ੍ਰਕਿਰਿਆ, ਕਿਤਾਬਾਂ ਤਿਆਰ ਕਰਨ ਅਤੇ ਛਪਵਾਉਣ ਪ੍ਰਕਿਰਿਆ, ਵੋਕੇਸ਼ਨਲ ਸਿੱਖਿਆ ਦੀ ਸਥਿਤੀ ਅਤੇ ਸੰਭਾਵਨਾ ਬਾਰੇ, ਰੀਜ਼ਲਟ ਤਿਆਰ ਕਰਨ ਬਾਰੇ, ਪ੍ਰਸ਼ਨ ਪੱਤਰਾਂ ਦੀ ਤਿਆਰੀ ਅਤੇ ਗੁਪਤਤਾ ਬਾਰੇ ਗੰਭੀਰ ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲਿਆ|
ਬੋਰਡ ਦੇ ਸਕੱਤਰ ਸ੍ਰੀ ਜੇ.ਆਰ ਮਹਿਰੋਕ ਅਤੇ ਮਨਜੀਤ ਕੌਰ ਵੱਲੋਂ ਪੰਜਾਬ ਬੋਰਡ ਦੀ ਕਾਰਜਸ਼ੈਲੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ| ਦੋਹਾਂ ਅਦਾਰਿਆਂ ਦੇ ਉੱਚ ਅਧਿਕਾਰੀਆਂ ਦੀ ਗ਼ੱਲਬਾਤ ਨੂੰ ਸੰਖੇਪ ਅਤੇ ਸਟੀਕ ਨੁਕਤਿਆਂ ਰਾਹੀਂ ਵਿਸ਼ਾ ਮਾਹਿਰ ਉਪਨੀਤ ਕੌਰ ਅਤੇ ਡਿਪਟੀ ਡਾਇਰੈਕਟਰ ਸ੍ਰੀ ਰਮਿੰਦਰਜੀਤ ਸਿੰਘ ਵਾਸੂ ਨੇ ਪੇਸ਼ ਕੀਤਾ| ਇਸ ਮੌਕੇ ਪੀ.ਪੀ.ਟੀ ਰਾਹੀਂ ਪੰਜਾਬ ਸਕੂਲ ਬੋਰਡ ਬਾਰੇ ਜਾਣਕਾਰੀ ਪੇਸ਼ ਕੀਤੀ ਗਈ|
ਬੋਰਡ ਦੇ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਵੱਲੋਂ ਯਾਦ ਨਿਸ਼ਾਨੀ ਭੇਂਟ ਕਰਕੇ ਸਮੁੱਚੇ ਵਫ਼ਦ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ ਗਿਆ|
ਇਸ ਸਾਦਾ ਅਤੇ ਪ੍ਰਭਾਵਸ਼ਾਲੀ ਮਿਲਣੀ ਵਿੱਚ ਪੰਜਾਬ ਸਕੂਲ ਬੋਰਡ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਉੱਪ ਸਕੱਤਰ ਅਤੇ ਅਕਾਦਮਿਕ ਅਧਿਕਾਰੀ ਹਾਜ਼ਰ ਸਨ|

Leave a Reply

Your email address will not be published. Required fields are marked *