ਨਾਜਾਇਜ਼ ਕਬਜਿਆਂ ਦੇ ਖਾਤਮੇ ਲਈ ਨਿਗਮ ਦੇ ਸੰਬੰਧਿਤ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਹੋਵੇ

ਸਾਡੇ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ਼ ਕਬਜਿਆਂ ਦੀ ਸਮੱਸਿਆ ਤੋਂ ਸਾਰੇ ਹੀ ਤੰਗ ਹਨ ਪਰੰਤੂ ਇਹਨਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਕੋਰੋਨਾ ਦੀ ਮਹਾਮਾਰੀ ਕਾਰਨ ਜਿੱਥੇ ਵੱਡੀ ਗਿਣਤੀ ਲੋਕਾਂ ਦਾ ਰੁਜਗਾਰ ਜਾਂਦਾ ਰਿਹਾ ਹੈ ਉੱਥੇ ਇਸ ਕਾਰਨ ਥਾਂ ਥਾਂ ਤੇ ਫਲ, ਸਬਜੀ ਅਤੇ ਲੋਕਾਂ ਦੀ ਆਮ ਵਰਤੋਂ ਦਾ ਛੁਟਪੁਟ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਲਗਾਉਣ ਵਾਲਿਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਗਿਆ ਹੈ| 
ਸਾਡੇ ਸ਼ਹਿਰ ਨੂੰ ਤਾਂ ਉਂਝ ਵੀ ਨਾਜਾਇਜ਼ ਕਬਜਿਆਂ ਦੇ ਸ਼ਹਿਰ ਦਾ ਦਰਜਾ ਹਾਸਿਲ ਹੈ ਅਤੇ ਇੱਥੇ ਜਿਸ ਪਾਸੇ ਵੀ ਨਜਰ ਮਾਰੋ ਕੋਈ ਨਾ ਕੋਈ ਨਾਜਾਇਜ਼ ਕਬਜਾ ਨਜਰ ਆ ਹੀ ਜਾਂਦਾ ਹੈ| ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ, ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਰਾਮਦਿਆਂ ਵਿੱਚ ਖਿਲਾਰਿਆ ਸਾਮਾਨ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਬਰਾਮਦਿਆਂ ਵਿੱਚ ਖਾਣ ਪੀਣ ਦੇ ਸਾਮਾਨ ਤੋਂ ਲੈ ਕੇ ਹਰ ਛੋਟਾ ਵੱਡਾ ਸਾਮਾਨ ਵੇਚਣ ਵਾਲੇ ਸਟਾਲ, ਸੜਕਾਂ ਦੇ ਕਿਨਾਰੇ ਲੱਗਦੀਆਂ ਰੇਹੜੀਆਂ ਅਤੇ  ਗਲੀਆਂ ਮੁਹੱਲਿਆਂ ਤਕ ਦੇ ਵਿੱਚ ਲਗਣ ਵਾਲੇ ਠੀਏ, ਗੱਲ ਕੀ ਹਰ ਥਾਂ ਤੇ ਹੀ ਇਹ ਨਾਜਾਇਜ਼ ਕਬਜਾਕਾਰ ਆਪਣਾ ਤਾਮ ਝਾਮ ਖਿਲਾਰੀ ਨਜਰ ਆ ਜਾਂਦੇ ਹਨ ਜਿਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਹੀ ਇਹਨਾਂ ਨਾਜਾਇਜ਼ ਕਬਜਿਆਂ ਦੀ ਮਾਰ ਹੇਠ ਆ ਗਿਆ ਹੈ| ਇਹ ਰੇਹੜੀ ਫੜੀਆਂ ਵਾਲੇ             ਭਾਵੇਂ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਮੌਜੂਦ ਹੁੰਦੇ ਹਨ ਅਤੇ ਇਹਨਾਂ ਵਲੋਂ ਇਸੇ ਤਰੀਕੇ ਨਾਲ ਆਪਣਾ ਰੁਜਗਾਰ ਚਲਾਇਆ ਜਾਂਦਾ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਇਹਨਾਂ ਦੀ ਗਿਣਤੀ ਕੁੱਝ ਜਿਆਦਾ ਹੀ ਹੈ| 
ਇਹਨਾਂ ਰੇਹੜੀਆਂ ਫੜੀਆਂ ਕਾਰਨ ਸ਼ਹਿਰਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਲੋਕਾਂ ਨੂੰ ਨਾ ਤਾਂ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਤੁਰਨ ਦੀ ਥਾਂ ਮਿਲਦੀ ਹੈ ਅਤੇ ਨਾ ਹੀ ਪਾਰਕਿੰਗਾਂ ਵਿੱਚ ਵਾਹਨ ਖੜ੍ਹਾ ਕਰਨ ਦੀ| ਮੁੱਖ ਸੜਕਾਂ ਦੇ ਕਿਨਾਰੇ ਲਗਣ ਵਾਲੀਆਂ ਰੇਹੜੀਆਂ ਦੇ ਆਸ ਪਾਸ ਸਾਮਾਨ ਖਰੀਦਣ ਵਾਲਿਆਂ ਦੇ ਵਾਹਨ ਖੜ੍ਹੇ ਹੋ ਜਾਂਦੇ ਹਨ ਜੋ ਹੋਰਨਾਂ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਰਕਦੇ ਹਨ ਅਤੇ ਇਸ ਕਾਰਣ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ| 
ਨਾਜਾਇਜ਼ ਕਬਜਿਆਂ ਦੀ ਗਿਣਤੀ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦਾ ਇਕਲੌਤਾ ਕਾਰਣ ਇਹ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜੇ ਦੂਰ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਜਾਂ ਤਾਂ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੰਦੇ ਜਾਂ ਫਿਰ ਇਹ ਨਾਜਾਇਜ਼ ਕਬਜੇ ਉਹਨਾਂ ਦੀ ਸਹਿਮਤੀ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ| ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਣ ਵਾਲੇ ਇਹ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਹੁੰਦੇ ਹਨ ਅਤੇ ਇਹਨਾਂ ਨਾਜਾਇਜ਼ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ ਚੌੜਾ ਕਾਰੋਬਾਰ ਚਲਦਾ ਹੈ ਜਿਸਦੇ ਤਹਿਤ ਨਿਗਮ ਦੇ ਕਰਮਚਾਰੀ ਨਾਜਾਇਜ਼ ਕਬਜੇ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਤੋਂ ਹਰ ਮਹੀਨੇ ਇੱਕ ਬੱਝਵੀ ਰਕਮ ਵਸੂਲ ਕਰਦੇ ਹਨ| ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਕੁੱਝ                  ਰਾਜਨੇਤਾਵਾਂ ਅਤੇ ਅਸਰ ਰਸੂਖ ਵਾਲੇ ਵਿਅਕਤੀਆਂ ਦੀ ਸ਼ਹਿ ਤੇ ਵੀ ਇਹਨਾਂ ਨਾਜਾਇਜ਼ ਕਬਜਿਆਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ| 
ਨਾਜਾਇਜ਼ ਕਬਜਿਆਂ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਹਨਾਂ ਤੋਂ ਇਸਦਾ ਜਵਾਬ ਮੰਗਿਆ ਜਾਵੇ ਕਿਉਂਕਿ ਅਜਿਹਾ ਕੀਤੇ ਬਿਨਾ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦੇ ਹਲ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ ਹਨ| ਨਗਰ ਨਿਗਮ ਦੇ ਕਮਿਸ਼ਨਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਫੀਲਡ ਸਟਾਫ ਦੀ ਜਵਾਬਦੇਹੀ ਤੈਅ ਕਰਨ ਤਾਂ ਜੋ ਸ਼ਹਿਰ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ| 

Leave a Reply

Your email address will not be published. Required fields are marked *