ਨਾਜਾਇਜ ਕਬਜਾ : ਫੇਜ਼ 10 ਵਿੱਚ ਸ਼ੋਰੂਮ ਦੇ ਪਿੱਛੇ ਦੀ ਥਾਂ ਵਿੱਚ ਉਸਾਰ ਦਿੱਤਾ ਕਮਰਾ
ਐਸ ਏ ਐਸ ਨਗਰ| 26 ਅਗਸਤ (ਸ.ਬ.) ਸ਼ਹਿਰ ਵਿੱਚ ਲਗਾਤਾਰ ਹੁੰਦੇ ਨਾਜਾਇਜ ਕਬਜਿਆਂ ਦੌਰਾਨ ਫੇਜ਼ 10 ਦੇ ਇੱਕ ਸ਼ੋਰੂਮ ਦੇ ਪਿੱਛੇ ਪੈਂਦੀ ਥਾਂ ਤੇ ਇੱਕ ਵੱਡੇ ਕਮਰੇ ਦੀ ਉਸਾਰੀ ਕਰਕੇ ਉੱਥੇ ਗ੍ਰਾਹਕਾਂ ਦੇ ਬੈਠਣ ਦੀ ਥਾਂ ਬਣਾ ਦਿੱਤੀ ਗਈ ਹੈ| ਇਸ ਦੁਕਾਨ ਦੀ ਸ਼ੁਰੂਆਤ ਅੱਜ ਹੀ ਹੋਈ ਹੈ ਅਤੇ ਇਸਦੇ ਖੁੱਲਣ ਦੇ ਨਾਲ ਹੀ ਇਹ ਚਰਚਾ ਜੋਰ ਫੜ ਗਈ ਹੈ ਕਿ ਰਸੂਖਦਾਰ ਜਦੋਂ ਚਾਹੁਣ ਅਤੇ ਜਿੱਥੇ ਚਾਹੁਣ ਨਾਜਾਇਜ ਕਬਜਾ ਕਰ ਸਕਦੇ ਹਨ ਅਤੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ|
ਪ੍ਰਾਪਤ ਜਾਣਕਾਰੀ ਅਨਾਰ ਫੇਜ਼ 10 ਦੇ ਸ਼ੋਰੂਮ ਨੰਬਰ 60 ਦੇ ਪਿਛਲੇ ਪਾਸੇ ਦੀ ਥਾਂ ਤੇ ਇਹ ਕਮਰਾ ਬਣਾਇਆ ਗਿਆ ਹੈ ਜਿਸਦਾ ਆਕਾਰ ਕਾਫੀ ਵੱਡਾ ਹੈ ਅਤੇ ਇੱਥੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਦੇ ਬੈਠਣ ਦੀ ਥਾਂ ਤਿਆਰ ਕੀਤੀ ਗਈ ਹੈ| ਇਸ ਕਮਰੇ ਵਿੱਚ ਏਅਰ ਕੰਡੀਸ਼ਨਰ ਵੀ ਲਗਾਇਆ ਗਿਆ ਹੈ ਅਤੇ ਇਸਨੂੰ ਗ੍ਰਾਹਕਾਂ ਲਈ ਖੋਲ ਦਿੱਤਾ ਗਿਆ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸ਼ਕ ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਕਿਉੱਕਿ ਇਹ ਕੰਮ ਮਿਲਖ ਦਫਤਰ ਵਲੋਂ ਵੇਖਿਆ ਜਾਂਦਾ ਹੈ| ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਗਮਾਡਾ ਵਲੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|