ਨਾਜਾਇਜ ਕਬਜਿਆਂ ਤੇ ਕਾਬੂ ਕਰਨ ਵਾਲੀ ਕਾਰਵਾਈ ਤੇਜ ਕਰੇ ਪ੍ਰਸ਼ਾਸ਼ਨ

ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਸਮੇਂ ਸਮੇਂ ਤੇ ਕੀਤੀ ਜਾਣ ਵਾਲੀ ਕਾਰਵਾਈ ਪਿਛਲੇ ਕੁੱਝ ਸਮੇਂ ਤੋਂ ਲਗਭਗ ਬੰਦ ਪਈ ਹੈ ਜਿਸ ਕਾਰਨ ਮਾਰਕੀਟਾਂ ਵਿੱਚ ਆਮ ਦੁਕਾਨਦਾਰਾਂ ਤੋਂ ਲੈ ਕੇ ਰੇਹੜੀ ਫੜੀ ਵਾਲਿਆਂ ਦੇ ਨਾਜਾਇਜ ਕਬਜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਇਸਦੇ ਨਾਲ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵੀ ਨਵੀਆਂ ਨਵੀਆਂ ਰੇਹੜੀਆਂ ਦਿਖਣ ਲੱਗ ਪਈਆਂ ਹਨ ਅਤੇ ਇਹਨਾਂ ਨਾਜਾਇਜ ਕਬਜਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ| ਹਾਲਾਂਕਿ ਨਗਰ ਨਿਗਮ ਦੇ ਅਧਿਕਾਰੀ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਵਲੋਂ ਪਿਛਲੇ ਦਿਨਾਂ ਦੌਰਾਨ ਨਾਜਾਇਜ ਕਬਜਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਡੀ ਗਿਣਤੀ                               ਰੇਹੜੀਆਂ ਵਾਲਿਆਂ ਦਾ ਸਾਮਾਨ ਜਬਤ ਕੀਤਾ ਗਿਆ ਹੈ ਅਤੇ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਕਬਜਾ ਕਰਨ ਵਾਲੇ ਦੁਕਾਨਦਾਰਾਂ ਦੇ ਚਾਲਾਨ ਵੀ ਕੀਤੇ ਗਏ ਹਨ ਪਰੰਤੂ}ਇਸਦੇ ਬਾਵਜੂਦ ਇਹਨਾਂ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਕੋਈ ਕਮੀ ਹੁੰਦੀ ਨਜਰ ਨਹੀਂ ਆ ਰਹੀ ਹੈ|
ਅੱਜਕੱਲ ਸ਼ਾਮ ਹੁੰਦਿਆਂ ਹੀ ਸੜਕਾਂ ਦੇ ਕਿਨਾਰੇ ਕਿਸੇ ਨਾ ਕਿਸੇ ਮੋੜ ਨੇੜੇ ਜਾਂ ਫਿਰ ਮਾਰਕੀਟਾਂ ਦੀਆਂ ਪਾਰਿਕੰਗਾਂ ਦੇ ਕੋਨਿਆਂ ਵਿੱਚ ਅਜਿਹੀਆਂ ਰੇਹੜੀਆਂ ਸਜ ਜਾਂਦੀਆਂ ਹਨ ਜਿਹਨਾਂ ਵਲੋਂ ਖਰੌੜਿਆਂ ਦਾ ਸੂਪ, ਉਬਲੇ ਅੰਡੇ ਅਤੇ ਚਿਕਨ ਆਦਿ ਦਾ ਤਿਆਰ ਸਾਮਾਨ ਵੇਚਿਆ ਜਾਦਾ ਹੈ| ਮਾਰਕੀਟਾਂ ਦੇ ਕੋਨਿਆਂ ਵਿੱਚ ਲੱਗਦੀਆਂ ਇਹਨਾਂ ਰੇਹੜੀਆਂ ਦੇ ਆਸਪਾਸ ਖਾਣ ਪੀਣ ਦੇ ਸ਼ੌਕੀਨ ਮੰਡਲੀਆਂ ਬਣਾ ਕੇ ਇਕੱਠੇ ਹੋ ਜਾਂਦੇ ਹਨ| ਸਾਡੇ ਸ਼ਹਿਰ ਵਿੱਚ ਪੇਇੰਗ ਗੈਸਟਾਂ ਦੇ ਰੂਪ ਵਿੱਚ ਰਹਿਣ ਵਾਲੀ ਮੁੰਡ੍ਹੀਰ ਨੂੰ ਅਜਿਹੀਆਂ ਰੇਹੜੀਆਂ ਤੇ ਇਕੱਠੇ ਹੋਇਆ ਆਮ            ਵੇਖਿਆ ਜਾ ਸਕਦਾ ਹੈ| ਇਹਨਾਂ ਰੇਹੜੀਆਂ ਵਾਲਿਆਂ ਵਿੱਚੋਂ ਕੁੱਝ ਤਾਂ ਅਜਿਹੇ ਵੀ ਹਨ ਜਿਹੜੇ ਆਪਣੇ ਗ੍ਰਾਹਕਾਂ ਦੀ ਸੁਵਿਧਾ ਲਈ ਉਹਨਾਂ ਨੂੰ ਗਿਲਾਸ ਅਤੇ ਪਾਣੀ ਵੀ ਮੁਹਈਆ ਕਰਵਾਉਂਦੇ ਹਨ ਤਾਂ ਜੋ ਉਹਨਾਂ ਦੇ ਗ੍ਰਾਹਕ ਸ਼ਰਾਬ ਅਤੇ ਕਬਾਬ ਦੋਵਾਂ ਦਾ ਮਜਾ ਇਕੱਠੇ ਲੈ ਸਕਣ| ਇਹਨਾ ਰੇਹੜੀਆਂ ਦੇ ਅਜਿਹੇ ਗ੍ਰਾਹਕ ਜਦੋਂ ਲੋਰ ਵਿੱਚ ਆ ਜਾਂਦੇ ਹਨ ਤਾਂ ਕਈ ਵਾਰ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੀਆਂ ਮਹਿਲਾਵਾਂ ਨਾਲ               ਛੇੜਖਾਨੀ ਵੀ ਕਰਦੇ ਹਨ ਜਿਸ ਕਾਰਨ ਜਿੱਥੇ ਸ਼ਹਿਰ ਦਾ ਮਾਹੌਲ ਖਰਾਬ ਹੁੰਦਾ ਹੇ ਉੱਥੇ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ|
ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਅਣ ਅਧਿਕਾਰਤ ਤੌਰ ਤੇ ਆਪਣੀਆਂ ਰੇਹੜੀਆਂ ਫੜੀਆਂ ਲਗਾਉਣ ਵਾਲਿਆਂ ਅਤੇ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਸਾਮਾਨ ਖਿਲਾਰ ਕੇ ਰੱਖਣ ਵਾਲੇ ਦੁਕਾਨਦਾਰਾਂ ਤੇ ਕਾਬੂ ਕਰਨ ਲਈ ਨਗਰ ਨਿਗਮ ਵਲੋਂ ਅਜਿਹੇ ਵਿਅਕਤੀਆਂ ਦਾ ਸਾਮਾਨ ਜਬਤ ਕੀਤਾ ਜਾਂਦਾ ਹੈ ਪਰੰਤੂ ਦਿਨ ਢਲਣ ਤੋਂ ਬਾਅਦ ਹੋਣ ਵਾਲ ਇਹਨਾਂ ਨਾਜਾਇਜ ਕਬਜਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ| ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਰਹੀ ਹੈ|
ਇਹਨਾਂ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ ਥਾਂ ਤੇ ਨਾਜਾਇਜ ਕਬਜਾ ਕਰਕੇ ਬੈਠੇ ਇਹਨਾਂ ਲੋਕਾਂ ਦਾ ਸਾਮਾਨ ਜਬਤ ਕੀਤਾ ਜਾਵੇ| ਆਪਣਾ ਸਾਮਾਨ ਜਬਤ ਹੋਣ ਅਤੇ ਜੁਰਮਾਨਾ ਹੋਣ ਦਾ ਡਰ ਹੀ ਇਹਨਾਂ ਨਾਜਾਇਜ ਕਬਜੇ ਕਰਨ ਵਾਲਿਆਂ ਨੂੰ ਇਸ ਕਾਰਵਾਈ ਤੋਂ ਰੋਕ ਸਕਦਾ ਹੈ| ਸ਼ਹਿਰ ਵਾਸੀਆਂ ਨੂੰ ਥਾਂ ਥਾਂ ਤੇ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਕਾਰਣ  ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਜਰੂਰੀ ਹੈ ਕਿ ਨਗਰ ਨਿਗਮ ਵਲੋਂ ਇਹਨਾਂ ਨਾਜਾਇਜ ਕਬਜਿਆਂ ਵਿਰੁੱਧ ਨਵੇਂ ਸਿਰੇ ਤੋਂ ਕਾਰਵਾਈ ਆਰੰਭ ਕੀਤੀ ਜਾਵੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਾਸੀਆਂ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਅਤੇ ਇਸ ਸੰਬੰਧੀ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਨ ਤਾਂ ਜੋ ਇਸ ਸਮੱਸਿਆ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *