ਨਾਜਾਇਜ ਕਬਜਿਆਂ ਦੇ ਖਾਤਮੇ ਲਈ ਨਿਗਮ ਦੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਹੋਵੇ

ਸਾਡੇ ਸ਼ਹਿਰ ਵਿੱਚ ਲਗਾਤਾਰ ਹੁੰਦੇ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ ਅਤੇ ਪਿਛਲੇ 7-8 ਸਾਲਾਂ ਦੌਰਾਨ (ਜਦੋਂ ਤੋਂ ਪੰਜਾਬ ਸਰਕਾਰ ਵਲੋਂ ਸ਼ਹਿਰ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਹੈ) ਇਹ ਕਬਜੇ ਬਹੁਤ ਜਿਆਦਾ ਵੱਧ ਗਏੇ ਹਨ| ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਸਤੋਂ ਪਹਿਲਾਂ (ਜਦੋਂ ਸ਼ਹਿਰ ਵਿੱਚ ਮਿਉਂਸਪਲ ਕੌਂਸਲ ਹੁੰਦੀ ਸੀ) ਸ਼ਹਿਰ ਵਿੱਚ ਨਾਜਾਇਜ ਕਬਜੇ ਨਹੀਂ ਹੁੰਦੇ ਸਨ ਪਰੰਤੂ ਇਹ ਵੀ ਸੱਚ ਹੈ ਕਿ ਪਿਛਲੇ ਸਮੇਂ ਦੌਰਾਨ ਇਹ ਸਮੱਸਿਆ ਸਾਰੇ ਹੱਦ ਬੰਨੇ ਟੱਪ ਗਈ ਹੈ| ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਕੋਈ ਨਾ ਕੋਈ ਨਾਜਾਇਜ ਕਬਜਾ ਨਜਰ ਆ ਹੀ ਜਾਂਦਾ ਹੈ| ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ, ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਰਾਮਦਿਆਂ ਵਿੱਚ ਖਿਲਾਰਿਆ ਸਾਮਾਨ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਬਰਾਮਦਿਆਂ ਵਿੱਚ ਖਾਣ ਪੀਣ ਦੇ ਸਾਮਾਨ ਤੋਂ ਲੈ ਕੇ ਹਰ ਛੋਟਾ ਵੱਡਾ ਸਾਮਾਨ ਵੇਚਣ ਵਾਲੇ ਸਟਾਲ, ਸੜਕਾਂ ਦੇ ਕਿਨਾਰੇ ਲੱਗਦੀਆਂ ਰੇਹੜੀਆਂ ਅਤੇ ਗਲੀਆਂ ਮੁਹੱਲਿਆਂ ਤਕ ਦੇ ਵਿੱਚ ਲਗਣ ਵਾਲੇ ਠੀਏ, ਗੱਲ ਕੀ ਹਰ ਥਾਂ ਤੇ ਹੀ ਇਹ ਨਾਜਾਇਜ ਕਬਜਾਕਾਰ ਆਪਣਾ ਤਾਮ ਝਾਮ ਖਿਲਾਰੀ ਨਜਰ ਆ ਜਾਂਦੇ ਹਨ ਜਿਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਹੀ ਇਹਨਾਂ ਨਾਜਾਇਜ ਕਬਜਿਆਂ ਦੀ ਮਾਰ ਹਠ ਆ ਗਿਆ ਹੈ|
ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹਨਾਂ ਨਾਜਇਜ ਕਬਜਿਆਂ ਕਾਰਨ ਆਮ ਜਨਤਾ ਦੀ ਵਰਤੋਂ ਵਿੱਚ ਆਉਣ ਵਾਲੀ ਹਰ ਛੋਟੀ ਵੱਡੀ ਥਾਂ ਤੇ ਅਜਿਹੇ ਨਾਜਾਇਜ ਕਬਜੇ ਹੋ ਗਏ ਹਨ ਅਤੇ ਇਸ ਕਾਰਨ ਸ਼ਹਿਰਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹਨਾਂ ਨਾਜਾਇਜ ਕਬਜਿਆਂ ਕਾਰਨ ਨਾ ਤਾਂ ਆਮ ਲੋਕਾਂ ਨੂੰ ਦੁਕਾਨਾਂ ਦੇ ਵਰਾਂਡਿਆਂ ਵਿੱਚ ਤੁਰਨ ਦੀ ਥਾਂ ਮਿਲਦੀ ਹੈ ਅਤੇ ਨਾ ਹੀ ਪਾਰਕਿੰਗ ਵਿੱਚ ਵਾਹਨ ਖੜ੍ਹਾ ਕਰਨ ਦੀ| ਮੁੱਖ ਸੜਕਾਂ ਦੇ ਕਿਨਾਰੇ ਲਗਣ ਵਾਲੀਆਂ ਰੇਹੜੀਆਂ ਦੇ ਆਸ ਪਾਸ ਸਾਮਾਨ ਖਰੀਦਣ ਵਾਲਿਆਂ ਦੇ ਵਾਹਨ ਖੜ੍ਹ ਜਾਂਦੇ ਹਨ ਜੋ ਹੋਰਨਾਂ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਰਕਦੇ ਹਨ ਅਤੇ ਇਸ ਕਾਰਣ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ|
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦਾ ਇਕਲੌਤਾ ਕਾਰਣ ਇਹ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ ਕਬਜੇ ਦੂਰ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਜਾਂ ਤਾਂ ਇਸ ਪਾਸੇ ਲੋੜੀਂਦਾ ਧਿਆਨ ਹੀ ਨਹੀਂ ਦਿੰਦੇ ਜਾਂ ਫਿਰ ਇਹ ਨਾਜਾਇਜ ਕਬਜੇ ਉਹਨਾਂ ਦੀ ਸਹਿਮਤੀ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ| ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਣ ਵਾਲੇ ਇਹ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਕੀਤੇ ਜਾਂਦੇ ਹਨ ਅਤੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ ਚੌੜਾ ਕਾਰੋਬਾਰ ਚਲਦਾ ਹੈ ਜਿਸਦੇ ਤਹਿਤ ਨਿਗਮ ਦੇ ਕਰਮਚਾਰੀ ਨਾਜਾਇਜ ਕਬਜੇ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਤੋਂ ਹਰ ਮਹੀਨੇ ਇੱਕ ਬੱਝਵੀ ਰਕਮ ਵਸੂਲ ਕਰਦੇ ਹਨ| ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਕੁੱਝ ਰਾਜਨੇਤਾਵਾਂ ਅਤੇ ਅਸਰ ਰਸੂਖ ਵਾਲੇ ਵਿਅਕਤੀਆਂ ਦੀ ਸ਼ਹਿ ਤੇ ਵੀ ਇਹਨਾਂ ਨਾਜਾਇਜ ਕਬਜਿਆਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਨਾਜਾਇਜ ਕਬਜਿਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਇਸ ਸੰਬੰਧੀ ਨਗਰ ਨਿਗਮ ਵਿੱਚ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ| ਇਹਨਾਂ ਨਾਜਾਇਜ ਕਬਜਿਆਂ ਨੂੰ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੇ ਬਿਨਾ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦੇ ਹਲ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ ਹਨ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਸੰਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੇ ਨਾਲ ਨਾਲ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *