ਨਾਜਾਇਜ ਕਬਜੇ ਅਤੇ ਨਿਗਮ ਦੀ ਕਾਰਗੁਜਾਰੀ : ਸਿਲਵੀ ਪਾਰਕ ਵਿੱਚ ਖੜ੍ਹਦੀਆਂ ਹਨ ਲੋਕਾਂ ਦੀਆਂ ਕਾਰਾਂ

ਨਾਜਾਇਜ ਕਬਜੇ ਅਤੇ ਨਿਗਮ ਦੀ ਕਾਰਗੁਜਾਰੀ : ਸਿਲਵੀ ਪਾਰਕ ਵਿੱਚ ਖੜ੍ਹਦੀਆਂ ਹਨ ਲੋਕਾਂ ਦੀਆਂ ਕਾਰਾਂ
ਕੋਠੀਆਂ ਵਾਲਿਆਂ ਨੇ ਬਣਾ ਲਈਆਂ ਆਪਣੀਆਂ ਬਗੀਚੀਆਂ, ਪਾਰਕ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ
ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸ਼ਹਿਰ ਵਿੱਚ ਲਗਾਤਾਰ ਵੱਧਦੇ ਨਾਜਾਇਜ ਕਬਜਿਆਂ ਨੂੰ ਲੈ ਕੇ ਨਗਰ ਨਿਗਮ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਜਿੱਥੇ ਨਾਜਾਇਜ ਕਬਜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਲੋਕਾਂ ਵੱਲੋਂ ਜਨਤਕ ਪਾਰਕਾਂ ਵਿੱਚ ਵੀ ਆਪਣੇ ਕਬਜੇ ਕਰ ਲਏ ਗਏ ਹਨ| ਸਥਾਨਕ ਫੇਜ਼-10 ਵਿੱਚ ਸਥਿਤ ਸਿਲਵੀ ਪਾਰਕ ਇਸ ਦੀ ਮਿਸਾਲ ਹੈ ਜਿਸ ਵਿੱਚ ਵੱਡੀ ਪੱਧਰ ਤੇ ਨਾਜਾਇਜ ਕਬਜੇ ਕੀਤੇ ਜਾ ਚੁੱਕੇ ਹਨ| ਇਸ ਪਾਰਕ ਵਿੱਚ ਨਗਰ ਨਿਗਮ ਵੱਲੋਂ ਬਣਾਏ ਗਏ ਖਿਡੌਣਾ ਟ੍ਰੇਨ ਦੇ ਟ੍ਰੈਕ ਉੱਤੇ ਹੁਣ ਖਿਡੌਣਾ ਟ੍ਰੇਨ ਤਾਂ ਚੱਲਣੀ ਬੰਦ ਹੋ ਚੁੱਕੀ ਹੈ ਪਰੰਤੂ ਇਸ ਦੇ ਨਾਲ ਲੱਗਦੀ ਥਾਂ ਹੁਣ ਇੱਥੋਂ ਦੇ ਵਸਨੀਕਾਂ ਦੀਆਂ ਗੱਡੀਆਂ ਦੀ ਪਾਰਕਿੰਗ ਦੇ ਕੰਮ ਆ ਰਹੀ ਹੈ| ਸਿਲਵੀ ਪਾਰਕ ਦੇ ਨਾਲ ਬਣੀਆਂ ਕੋਠੀਆਂ (ਜਿਨ੍ਹਾਂ ਦਾ ਪਿਛਲਾ ਪਾਸਾ ਸਿਲਵੀ ਪਾਰਕ ਨਾਲ ਲੱਗਦਾ ਹੈ) ਵਾਲਿਆਂ ਵੱਲੋਂ ਸਿਲਵੀ ਪਾਰਕ ਵਾਲੇ ਪਾਸੇ ਨਾ ਸਿਰਫ ਆਪਣੇ ਗੇਟ ਬਣਾਏ ਹੋਏ ਹਨ ਬਲਕਿ ਉਹਨਾਂ ਵੱਲੋਂ ਆਪਣੇ ਮਕਾਨਾਂ ਦੇ ਪਿਛਲੇ ਪਾਸੇ ਪੈਂਦੀ ਥਾਂ ਤੇ ਬਾਕਾਇਦਾ ਐਂਗਲ ਅਤੇ ਤਾਰਾਂ ਲਗਾ ਕੇ ਆਪਣੀਆਂ ਬਗੀਚੀਆਂ ਬਣਾਈਆਂ ਗਈਆਂ ਹਨ|
ਸਿਲਵੀ ਪਾਰਕ ਦੀ ਬਦਹਾਲੀ ਆਪਣੀ ਕਹਾਣੀ ਖੁਦ ਕਹਿੰਦੀ ਹੈ| ਇੱਥੇ ਨਾ ਤਾਂ ਸਫਾਈ ਦਾ ਲੋੜੀਂਦਾ ਪ੍ਰਬੰਧ ਹੈ ਅਤੇ ਨਾ ਹੀ ਦਰਖਤਾਂ ਦੀ ਠੀਕ ਢੰਗ ਨਾਲ ਦੇਖ ਰੇਖ ਹੀ ਕੀਤੀ ਜਾ ਰਹੀ ਹੈ| ਨਗਰ ਨਿਗਮ ਵਲੋਂ ਸਿਲਵੀ ਪਾਰਕ ਦੀ ਸਾਂਭ ਸੰਭਾਲ ਦਾ ਇੱਕ ਨਿੱਜੀ ਠੇਕੇਦਾਰ ਦੇ ਹਵਾਲੇ ਹੈ ਪਰੰਤੂ ਉਸਦਾ ਕੰਮ ਕਿੰਨਾ ਕੁ ਤਸੱਲੀਬਖਸ਼ ਹੈ ਇਸਦਾ ਅੰਦਾਜਾ ਸਿਲਵੀ ਪਾਰਕ ਦਾਖਿਲ ਹੋਣ ਤੇ ਹੀ ਲੱਗ ਜਾਂਦਾ ਹੈ|
ਫੇਜ਼-10 ਦੇ ਕੌਂਸਲਰ ਸ੍ਰ. ਹਰਦੀਪ ਸਿੰਘ ਸਰਾਉਂ ਦੱਸਦੇ ਹਨ ਕਿ ਪਿਛਲੇ ਕਾਫੀ ਸਮੇਂ ਤੋਂ ਪਾਰਕ ਵਿੱਚ ਲੋਕਾਂ ਵਲੋਂ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਆਮ ਹੈ ਅਤੇ ਇਸ ਸਬੰਧੀ ਨਗਰ ਨਿਗਮ ਦੇ ਸਟਾਫ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਉਹਨਾਂ ਕਿਹਾ ਕਿ ਇਸ ਕੰਪਨੀ ਕੋਲ ਇਸ ਪਾਰਕ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਹੈ ਉਸਦਾ ਵੀ ਕੰਮ ਤਸੱਲੀਬਖਸ਼ ਨਹੀਂ ਹੈ ਅਤੇ ਇਸ ਸਬੰਧੀ ਉਹਨਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਇਸ ਪਾਰਕ  ਵਿੱਚ ਹੋਏ ਨਾਜਾਇਜ ਕਬਜੇ ਦੂਰ ਕਰਵਾਏ ਜਾਣ, ਪਾਰਕ ਦੀ ਹਾਲਤ ਵਿੱਚ ਸੁਧਾਰ  ਕੀਤਾ ਜਾਵੇ ਅਤੇ ਇਸ ਦੀ ਦੇਖ-ਰੇਖ ਦਾ ਕੰਮ ਕਰਨ ਵਾਲੇ  ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ| ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ|
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਸਿਲਵੀ ਪਾਰਕ ਵਿੱਚ ਹੋਏ ਕਬਜਿਆਂ ਦੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਜਿੱਥੇ ਵੀ ਲੋਕਾਂ ਵਲੋਂ ਨਾਜਾਇਜ ਕਬਜੇ ਕੀਤੇ ਹੋਏ ਹਨ ਉਹ ਤੁਰੰਤ ਦੂਰ ਕਰਵਾਏ ਜਾਣਗੇ|

Leave a Reply

Your email address will not be published. Required fields are marked *