ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਨਹੀਂ ਹੈ ਕਿਸੇ ਕਾਇਦੇ ਕਾਨੂੰਨ ਦੀ ਪਰਵਾਹ ਬਲੌਂਗੀ ਕਾਲੋਨੀ ਵਿੱਚ ਕੀਤੀ ਜਾ ਰਹੀ ਹੈ ਅੱਠ ਦੁਕਾਨਾਂ ਦੀ ਨਾਜਾਇਜ਼ ਉਸਾਰੀ


ਬਲੌਂਗੀ, 24 ਦਸੰਬਰ (ਪਵਨ ਰਾਵਤ) ਨਾਜਾਇਜ਼ ਅਤੇ ਅਣਅਧਿਕਾਰਤ ਉਸਾਰੀਆਂ ਕਰਨ ਵਾਲੇ ਤਾਕਤਵਰ ਲੋਕ ਕਿਸੇ ਵੀ ਕਾਇਦੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਅਤੇ ਇਹਨਾਂ ਲੋਕਾਂ ਵਲੋਂ ਬਲੌਂਗੀ ਕਾਲੋਨੀ ਵਿੱਚ ਸ਼ਰੇਆਮ ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ।
ਬਲੌਂਗੀ ਕਾਲੋਨੀ ਵਿੱਚ ਕੁੱਝ ਵਿਅਕਤੀਆਂ ਵਲੋਂ ਵੱਖ-ਵੱਖ ਥਾਵਾਂ ਤੇ (ਪਰ ਨੇੜੇ ਨੇੜੇ) ਬੇਸਮੈਂਟ ਬਣਾ ਕੇ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਇਸ ਪੱਤਰਕਾਰ ਵਲੋਂ ਜਦੋਂ ਇਹ ਉਸਾਰੀਆਂ ਕਰਵਾਉਣ ਵਾਲੇ ਵਿਅਕਤੀ ਨੀਰਜ ਰਾਓ ਤੋਂ ਇਹਨਾਂ ਉਸਾਰੀਆਂ ਦੀ ਪ੍ਰਵਾਨਗੀ ਲੈਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਸਨੇ ਦਾਅਵਾ ਕੀਤਾ ਕਿ ਇਸ ਥਾਂ ਤੇ ਉਸਾਰੀ ਕਰਨ ਲਈ ਪੰਚਾਇਤੀ ਰਾਜ ਵਿਭਾਗ ਤੋਂ ਬਕਾਇਦਾ ਮਨਜੂਰੀ ਲਈ ਗਈ ਹੈ। ਇਸਦੇ ਨਾਲ ਹੀ ਉਸਨੇ ਦਾਅਵਾ ਕੀਤਾ ਕਿ ਇਹ ਥਾਂ ਬਲੌਂਗੀ ਕਾਲੋਨੀ ਦੀ ਪੰਚਾਇਤ ਦੇ ਅਧੀਨ ਹੈ। ਹਾਲਾਂਕਿ ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਪੰਜਾਬ ਸਰਕਾਰ ਨੇ ਬੇਸਮੈਂਟਾਂ ਬਣਾਉਣ ਉਪਰ ਪਾਬੰਦੀ ਲਗਾਈ ਹੋਈ ਹੈ, ਤਾਂ ਇਸ ਗਲ ਦਾ ਉਸ ਨੇ ਕੋਈ ਜਵਾਬ ਨਾ ਦਿਤਾ।
ਇਸ ਸਬੰਧੀ ਬਲੌਂਗੀ ਕਾਲੋਨੀ ਦੀ ਸਰਪੰਚ ਸਰੋਜਾ ਦੇਵੀ ਨਾਲ ਸੰਪਰਕ ਕਰਨ ਤੇ ਉਹਨਾਂ ਦੇ ਪਤੀ ਦਿਨੇਸ਼ ਕੁਮਾਰ ਨੇ ਕਿਹਾ ਕਿ ਇਸ ਵਿਅਕਤੀ ਨੂੰ ਪੰਚਾਇਤ ਵਲੋਂ ਰਿਹਾਇਸ਼ੀ ਇਮਾਰਤ ਦੀ ਉਸਾਰੀ ਕਰਨ ਦੀ ਆਗਿਆ ਦਿਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਇਹ ਵਿਅਕਤੀ ਇਥੇ ਦੁਕਾਨਾਂ ਬਣਾਂ ਰਿਹਾ ਹੈ ਤਾਂ ਉਹ ਖੁਦ ਜਿੰਮੇਵਾਰ ਹੋਵੇਗਾ।
ਇਸ ਦੌਰਾਨ ਇਹ ਮਾਮਲਾ ਗਮਾਡਾ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਏ ਜਾਣ ਤੇ ਗਮਾਡਾ ਦੇ ਜੇ ਈ ਸ੍ਰੀ ਵਰੁਣ ਨੇ ਮੌਕੇ ਤੇ ਆ ਕੇ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਇਹ ਥਾਂ ਲਾਲ ਡੋਰੇ ਤੋਂ ਬਾਹਰ ਹੈ ਅਤੇ ਗਮਾਡਾ ਦੇ ਅਧੀਨ ਹੈ। ਉਹਨਾਂ ਦਸਿਆ ਕਿ ਉਹ ਇਹਨਾਂ ਉਸਾਰੀਆਂ ਸਬੰਧੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਦੇ ਦੇਣਗੇ।
ਗਮਾਡਾ ਦੇ ਰੈਗੂਲੇਟਰੀ ਬਰਾਂਚ ਦੇ ਐਸ ਡੀ ਓ ਸ੍ਰ ਹਰਪ੍ਰੀਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਜੇ ਈ ਨੇ ਰਿਪੋਰਟ ਦੇ ਦਿਤੀ ਹੈ ਅਤੇ ਗਮਾਡਾ ਵਲੋਂ ਇਹ ਅਣਅਧਿਕਾਰਤ ਉਸਾਰੀਆਂ ਕਰਨ ਵਾਲੇ ਵਿਅਕਤੀ ਨੂੰ ਨੋਟਿਸ ਵੀ ਜਾਰੀ ਕਰ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਗਮਾਡਾ ਅਧੀਨ ਆਉਂਦੇ ਇਲਾਕੇ ਵਿੱਚ ਅਣਅਧਿਕਾਰਤ ਉਸਾਰੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਗਮਾਡਾ ਦੀ ਟੀਮ ਵਲੋਂ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਰਹੇਗੀ।

Leave a Reply

Your email address will not be published. Required fields are marked *