ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਨ 27 ਫਰਵਰੀ ਨੂੰ

ਐਸ.ਏ.ਐਸ. ਨਗਰ, 23 ਫਰਵਰੀ (ਸ.ਬ.) ਨਾਟਕਕਾਰ ਤੇ ਨਾਟ ਨਿਰਦੇਸ਼ਕ ਸੰਜੀਵਨ ਦੇ ਲਿਖੇ ਅਤੇ ਨਿਰਦੇਸ਼ਿਤ ਪੰਜਾਬੀ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦੀ ਰਿਹਰਸਲ ਇਨ੍ਹੀਂ ਦਿਨੀਂ ਟਾਇਨੀ ਟੋਟਸ ਸਕੂਲ ਫੇਜ਼-10 ਮੁਹਾਲੀ ਵਿਖੇ ਚੱਲ ਰਹੀ ਹੈ। ਕਿਸਾਨ ਸੰਘਰਸ਼ ਨੂੰ ਸਮਰਪਿਤ ਅਤੇ ਅਸ਼ਲੀਲਤਾ, ਲੱਚਰਤਾ, ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਅਤੇ ਗੀਤਕਾਰੀ ਦਾ ਆਮ ਤੌਰ ਤੇ ਸਮਾਜ, ਖਾਸ ਤੌਰ ਤੇ ਨੌਜੁਆਨੀ ਉੱਪਰ ਪੈ ਰਹੇ ਮਾੜੇ ਪ੍ਰਭਾਵ ਦੀ ਬਾਤ ਪਾਉਂਦੇ ਇਸ ਨਾਟਕ ਦਾ ਮੰਚਨ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 27 ਫਰਵਰੀ ਨੂੰ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਸ਼ਾਮ 6.30 ਵਜੇ ਕਰਵਾਇਆ ਜਾਵੇਗਾ। ਇਸ ਮੌਕੇ ਸਿਹਤ ਮੰਤਰੀ ਪੰਜਾਬ ਸz ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ ਅਤੇ ਸ੍ਰੀ ਕਮਲ ਕੁਮਾਰ ਗਰਗ, ਕਮਿਸ਼ਨਰ ਨਗਰ ਨਿਗਮ ਮੁਹਾਲੀ ਆਗਾਜ਼ ਕਰਨਗੇ।

ਸਰਘੀ ਕਲਾ ਕੇਂਦਰ ਦੇ ਜਨਰਲ ਸੱਕਤਰ ਅਸ਼ੋਕ ਬਜਹੇੜੀ ਨੇ ਦੱਸਿਆ ਕਿ ਨਾਟਕ ਵਿੱਚ ਪੰਜਾਬੀ ਰੰਗਮੰਚ ਤੇ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਜਸਬੀਰ ਗਿੱਲ, ਰੰਜੀਵਨ ਸਿੰਘ, ਜੱਗਾ, ਡਿੰਪੀ, ਪ੍ਰਵੀਨ, ਜਸਦੀਪ ਜੱਸੂ, ਜਤਿਨ ਜੈਨ, ਹਰਇੰਦਰ ਹਰ, ਗੁਰਵਿੰਦਰ, ਰਿੰਕੂ ਜੈਨ, ਸ਼ਿਵਮ ਵੱਖ-ਵੱਖ ਕਿਰਦਾਰ ਅਦਾ ਕਰ ਰਹੇ ਹਨ। ਡਾ. ਦਵਿੰਦਰ ਕੁਮਾਰ (ਨਵਾਂ ਸ਼ਹਿਰ) ਤੇ ਰਿਸ਼ਮ ਰਾਗ ਸਿੰਘ ਦੇ ਲਿਖੇ ਨਾਟਕ ਗੀਤਾਂ ਨੂੰ ਹਿਮਾਂਸ਼ੂ ਨੇ ਸੰਗੀਤਬੱਧ ਕੀਤਾ ਹੈ ਅਤੇ ਇਹਨਾਂ ਨੂੰ ਹਿਮਾਂਸ਼ੂ ਤੇ ਗੁਰਮਨ ਨੇ ਆਪਣੀ ਆਵਾਜ ਦਿੱਤੀ ਹੈ। ਰੌਸ਼ਨੀ, ਮੇਕਅਪ, ਪਹਿਰਾਵਾ ਤੇ ਮੰਚ-ਸੱਜਾ ਦੀ ਵਿਊਂਤਬੰਦੀ ਰਿੱਤੂਰਾਗ, ਰਿੱਤੂ ਸੂਦ, ਸੰਜੀਵ ਦੀਵਾਨ ਕਰ ਰਹੇ ਹਨ।

Leave a Reply

Your email address will not be published. Required fields are marked *