ਨਾਟੋ ਮੈਂਬਰਾਂ ਵੱਲੋਂ ਰੱਖਿਆ ਖਰਚਾ ਵਧਾਉਣ ਸੰਬੰਧੀ ਕੈਨੇਡਾ ਅਤੇ ਜਰਮਨੀ ਵਿਚਾਲੇ ਮਤਭੇਦ ਪੈਦਾ ਹੋਏ

ਬਰਲਿਨ, 18 ਫਰਵਰੀ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੌਜੀ ਗੱਠਜੋੜ ‘ਨਾਟੋ’ ਤੇ ਖਰਚਾ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸ ਨੂੰ ਲੈ ਕੇ ਕੈਨੇਡਾ ਅਤੇ ਜਰਮਨੀ ਦੋਹਾਂ ਦੇਸ਼ਾਂ ਵਿਚਾਲੇ ਵਿਚਾਰਕ ਮਤਭੇਦ ਹਨ| ਜਰਮਨੀ ਦੀ ਚਾਂਸਲਰ ਦੇ ਸੱਦੇ ਤੇ ਡਿਨਰ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਆਗੂਆਂ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਜਾਵੇਗਾ| ਟਰੂਡੋ ਦੇ ਆਫਿਸ ਵੱਲੋਂ ਇਸ ਡਿਨਰ ਦੀ ਪੁਸ਼ਟੀ ਤਾਂ ਕੀਤੀ ਗਈ ਹੈ ਪਰ ਦੋਹਾਂ ਆਗੂਆਂ ਦੀ ਗੱਲਬਾਤ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ| ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੋਵੇਂ ਆਗੂ ਨਾਟੋ ਸਮੇਤ ਕਈ ਮੁੱਦਿਆਂ ਤੇ ਗੱਲਬਾਤ ਕਰਨਗੇ|
ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਸੀ ਕਿ 28 ਦੇਸ਼ਾਂ ਦੇ ਫੌਜੀ ਗੱਠਜੋੜ ਤੇ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲੋਂ ਵਧੇਰੇ ਖਰਚਾ ਕਰਦਾ ਹੈ| ਉਨ੍ਹਾਂ ਕਿਹਾ ਕਿ ਬਾਕੀ ਦੇਸ਼ ਵੀ ਨਾਟੋ ਤੇ   ਵਧੇਰੇ ਖਰਚਾ ਕਰਨਾ ਸ਼ੁਰੂ ਕਰਨ| ਉਹ ਕੈਨੇਡਾ ਅਤੇ ਜਰਮਨੀ ਤੇ ਲਗਾਤਾਰ ਅਜਿਹਾ ਕਰਨ ਦਾ ਦਬਾਅ ਬਣਾ ਰਹੇ ਹਨ| ਇਸ ਦਰਮਿਆਨ ਜਰਮਨੀ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਅਮਰੀਕਾ ਦੀਆਂ ਚਿਤਾਵਨੀਆਂ ਵੱਲ ਜ਼ਰੂਰ ਧਿਆਨ ਦੇਵੇਗਾ ਅਤੇ ਨਾਟੋ ਤੇ ਕੀਤਾ ਜਾਣ ਵਾਲਾ ਖਰਚਾ ਵਧਾਏਗਾ ਪਰ ਕੈਨੇਡਾ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਨਾਟੋ ਨਾਲ ਸੰਬੰਧਤ ਰੱਖਿਆ ਖਰਚੇ ਵਿਚ ਫਿਲਹਾਲ ਕੋਈ ਖਾਸ ਵਾਧਾ ਨਹੀਂ ਕੀਤਾ ਜਾਵੇਗਾ| ਇਹ ਵੀ ਪਤਾ ਲੱਗਿਆ ਹੈ ਕਿ ਨਾਟੋ ਲਈ ਆਪਣੇ ਮੌਜੂਦਾ ਯੋਗਦਾਨ ਤੋਂ ਕੈਨੇਡਾ ਸੰਤੁਸ਼ਟ ਹੈ| ਮੌਜੂਦਾ ਸਮੇਂ ਵਿਚ ਕੈਨੇਡਾ ਆਪਣੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 0.99 ਫੀਸਦੀ ਨਾਟੋ ਉੱਤੇ ਖਰਚ ਕਰਦਾ ਹੈ, ਜਦੋਂਕਿ ਨਾਟੋ ਸੰਬੰਧੀ ਰੱਖਿਆ ਤੇ ਮੈਂਬਰ ਦੇਸਾਂ ਵੱਲੋਂ ਦੋ ਫੀਸਦੀ ਖਰਚਾ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ| ਕੁਝ ਕੁ ਦੇਸ਼ ਹੀ ਇਸ ਸ਼ਰਤ ਨੂੰ ਪੂਰਾ ਕਰ ਰਹੇ ਹਨ|
ਜਰਮਨੀ ਆਪਣੀ ਜੀ. ਡੀ. ਪੀ. ਦਾ 1.2 ਫੀਸਦੀ ਨਾਟੋ ਤੇ ਖਰਚ ਕਰਦਾ ਹੈ ਪਰ ਮਰਕੇਲ ਸਰਕਾਰ ਨੇ ਇਸ ਖਰਚੇ ਵਿਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ|

Leave a Reply

Your email address will not be published. Required fields are marked *