ਨਾਨਕਸ਼ਾਹੀ ਨਵੇਂ ਸਾਲ ਦੇ ਆਗਮਣ ਮੌਕੇ ਕਲਗੀਧਰ ਸੇਵਕ ਜਥੇ ਨੇ ਗੁਰਸ਼ਬਦ ਸਮਾਗਮ ਕਰਵਾਇਆ

ਐਸ ਏ ਐਸ ਨਗਰ, 15 ਮਾਰਚ (ਸ.ਬ.) ਕਲਗੀਧਰ ਸੇਵਕ ਜਥਾ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਵਲੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿੱਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ, ਨਾਨਕਸ਼ਾਹੀ ਨਵੇਂ ਸਾਲ ਦੇ ਆਗਮਣ ਅਤੇ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ ਸਬੰਧੀ ਗੁਰਸ਼ਬਦ ਸਮਾਗਮ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਲੱਖਾ ਸਿੰਘ, ਭਾਈ ਦਵਿੰਦਰ ਸਿੰਘ ਸੋਹਾਣਾ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਢਾਡੀ ਜਥਾ ਗਿਆਨੀ ਗੁਰਨਾਮ ਸਿੰਘ, ਪ੍ਰਚਾਰਕ ਭਾਈ ਜਤਿੰਦਰ ਸਿੰਘ, ਪ੍ਰਚਾਰਕ ਭਾਈ ਬਲਦੇਵ ਸਿੰਘ, ਹਜੂਰੀ ਰਾਗੀ ਭਾਈ ਤੇਜਿੰਦਰ ਸਿੰਘ, ਕਥਾ ਵਾਚਕ ਭਾਈ ਸਤਪਾਲ ਸਿੰਘ ਨੇ ਮਨੋਹਰ ਕੀਰਤਨ, ਕਥਾ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮਾਂ ਨੂੰ ਕਰਵਾਉਣ ਦੇ ਨਾਲ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ| ਉਹਨਾਂ ਕਿਹਾ ਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ|
ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੀ ਰੁੱਖਾਂ ਦੀ ਮਹੱਤਤਾ ਨੁੰ ਸਮਝਦੇ ਸਨ, ਇਸ ਲਈ ਉਹਨਾਂ ਨੇ ਵੀ ਸਿੱਖਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ| ਇਸ ਲਈ ਸਿਖਾਂ ਨੂੰ ਅੱਜ ਦੇ ਸਮੇਂ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ|
ਇਸ ਮੌਕੇ ਕੁਦਰਤੀ ਤਰੀਕੇ ਨਾਲ ਉਗਾਏ ਗਏ ਫਲਾਂ, ਸਬਜੀਆਂ, ਗੁੜ, ਘਿਓ, ਆਟਾ, ਸ਼ਹਿਦ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਅਤੇ ਲੋਕਾਂ ਨੂੰ ਕੁਦਰਤੀ ਤਰੀਕੇ ਨਾਲ ਬਣੀਆਂ ਚੀਜਾਂ ਨੂੰ ਖਰੀਦਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਆਯੁਰਵੈਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ| ਇਸ ਕਂੈਪ ਵਿਚ ਵੈਦ ਚਰਨਜੀਤ ਸਿੰਘ ਵਿਸ਼ੇਸ ਤੌਰ ਤੇ ਸ਼ਾਮਲ ਹੋਏ| ਇਸ ਮੌਕੇ ਸੰਗਤਾਂ ਨੂੰ ਫੁੱਲ ਅਤੇ ਫਲਾਂ ਵਾਲੇ ਪੌਦਿਆਂ ਦਾ ਪ੍ਰਸਾਦਿ ਵੰਡਿਆ ਗਿਆ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ |

Leave a Reply

Your email address will not be published. Required fields are marked *