ਨਾਬਾਰਡ ਦੇ ਚੇਅਰਮੈਨ ਵੱਲੋਂ ਸਹਿਕਾਰਤਾ ਮੰਤਰੀ ਰੰਧਾਵਾ ਨਾਲ ਮੁਲਾਕਾਤ

ਚੰਡੀਗੜ੍ਹ, 10 ਜਨਵਰੀ (ਸ.ਬ.) ਨਾਬਾਰਡ ਦੇ ਚੇਅਰਮੈਨ ਸ੍ਰੀ ਹਰਸ਼ ਭਨਵਾਲਾ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸਹਿਕਾਰਤਾ ਵਿਭਾਗ ਦੀ ਰਿਣ ਨੀਤੀ ਅਤੇ ਇਸ ਨਾਲ ਸਬੰਧਤ ਪੰਜਾਬ ਰਾਜ ਸਹਿਕਾਰੀ ਬੈਂਕ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਕ ਸਬੰਧੀ ਵਿਸਥਾਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ|
ਸਹਿਕਾਰਤਾ ਮੰਤਰੀ ਸ. ਰੰਧਾਵਾ ਵੱਲੋਂ ਜ਼ਿਲ੍ਹਾ ਪੱਧਰੀ ਸਹਿਕਾਰੀ ਬੈਕਾਂ ਦਾ ਪੰਜਾਬ ਰਾਜ ਸਹਿਕਾਰੀ ਬੈਕ ਵਿੱਚ ਰਲੇਵਾਂ ਕਰਨ ਬਾਰੇ ਪੰਜਾਬ ਕੈਬਨਿਟ ਵੱਲੋ ਕੀਤੇ ਫੈਸਲੇ ਬਾਰੇ ਦੱਸਿਆ ਗਿਆ| ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਐਸ.ਕੇ.ਬਾਤਿਸ਼ ਵੱਲੋਂ ਮੀਟਿੰਗ ਵਿੱਚ ਇਸ ਰਲੇਵੇਂ ਦੇ ਕਾਰਨ ਪ੍ਰਕਿਆ ਅਤੇ ਇਸ ਨਾਲ ਸੂਬੇ ਦੇ ਕਰੈਡਿਟ ਸਟੱਕਚਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਗਈ| ਇਸ ਰਿਪੋਰਟ ਤੇ ਤਸੱਲੀ ਜ਼ਾਹਰ ਕਰਦਿਆਂ ਚੇਅਰਮੈਨ ਸ੍ਰੀ ਭਨਵਾਲਾ ਨੇ ਕਿਹਾ ਕਿ ਇਸ ਨਾਲ ਜਿਥੇ ਕਰੈਡਿਟ ਸਟੱਕਚਰ ਸੂਬੇ ਵਿੱਚ ਮਜ਼ਬੂਤ ਹੋਵੇਗਾ ਉਥੇ ਬੈਂਕ ਰਲੇਵੇਂ ਮਗਰੋਂ ਚੰਗਾ ਪ੍ਰਸ਼ਾਸਨ ਅਤੇ ਬਿਹਤਰ ਤਕਨਾਲੋਜੀ ਨੂੰ ਗ੍ਰਹਿਣ ਕਰਕੇ ਇਕ ਮਜ਼ਬੂਤ ਬੈਕਿੰਗ ਅਦਾਰੇ ਦੇ ਤੌਰ ਤੇ ਉਭਰ ਸਕਦਾ ਹੈ|
ਚੇਅਰਮੈਨ ਵੱਲੋਂ ਸਹਿਕਾਰਤਾ ਮੰਤਰੀ ਨੂੰ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਕੁੱਝ ਮੁੱਦਿਆਂ ਬਾਰੇ ਜਿਵੇਂ ਕਿ ਹਾਊਸਿੰਗ ਸੈਕਟਰ ਵਿੱਚ ਕਰਜ਼ੇ ਦੀ ਲਿਮਟ ਵਧਾਉਣ ਅਤੇ ਤਰਜੀਹੀ ਖੇਤਰ ਲੈਡਿੰਗ ਸਰਟੀਫਿਕੇਟ ਦੀ ਟਰੇਡਿੰਗ ਆਦਿ ਬਾਰੇ ਆਰ.ਬੀ.ਆਈ. ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਇਨ੍ਹਾਂ ਬਾਰੇ ਜਲਦ ਹੀ ਫੈਸਲਾ ਹੋਣ ਦੀ ਉਮੀਦ ਹੈ|
ਮੀਟਿੰਗ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਵਰੁਣ ਰੂਜ਼ਮ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ ਬਰਾੜ, ਤੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਜੇ.ਕੇ.ਜੈਨ ਵੀ ਹਾਜ਼ਰ ਸਨ|

Leave a Reply

Your email address will not be published. Required fields are marked *