ਨਾਬਾਲਿਗ ਵਾਹਨ ਚਾਲਕਾਂ ਵਲੋਂ ਸ਼ਰੇਆਮ ਕੀਤੀ ਜਾਂਦੀ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ

ਨਾਬਾਲਿਗ ਵਾਹਨ ਚਾਲਕਾਂ ਵਲੋਂ ਸ਼ਰੇਆਮ ਕੀਤੀ ਜਾਂਦੀ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ
ਦੋ ਪਹੀਆ ਵਾਹਨ ਉਪਰ ਤਿੰਨ ਤਿੰਨ ਸਵਾਰ ਹੁੰਦੇ ਹਨ ਵਿਦਿਆਰਥੀ
ਐਸ ਏ ਐਸ ਨਗਰ, 18 ਅਪ੍ਰੈਲ (ਜਗਮੋਹਨ ਸਿੰਘ) ਸ਼ਹਿਰ ਵਿੱਚ ਨਾਬਾਲਿਗ ਬੱਚਿਆਂ ਵਲੋਂ ਜਿੱਥੇ ਧੜੱਲੇ ਨਾਲ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਏ ਜਾ ਰਹੇ ਹਨ ਉਥੇ ਹੀ ਨਾਬਾਲਿਗ ਬੱਚਿਆਂ ਵਲੋਂ ਵਾਹਨ ਚਲਾਉਣ ਵੇਲੇ ਟ੍ਰੈਫਿਕ ਨਿਯਮਾਂ ਦੀ ਖੁਲ੍ਹੀ ਉਲੰਘਣਾ ਵੀ ਕੀਤੀ ਜਾ ਰਹੀ ਹੈ| ਇਕ ਹੀ ਸਕੂਟਰ ਜਾਂ ਮੋਟਰ ਸਾਈਕਲ ਉਪਰ ਤਿੰਨ ਤਿੰਨ ਦੀ ਗਿਣਤੀ ਵਿੱਚ ਬੈਠੇ ਨਾਬਾਲਿਗ ਵਿਦਿਆਰਥੀਆਂ ਨੂੰ ਤੇਜ ਰਫਤਾਰ ਉੱਪਰ ਜਾਂਦਿਆਂ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਇਹਨਾਂ ਨੂੰ ਰੋਕਣ ਵਾਲਾ ਕੋਈ ਨਾ ਹੋਵੇ| ਇਹ ਨਾਬਾਲਿਗ ਬੱਚੇ ਇੰਨੇ ਚਾਲਾਕ ਹਨ ਕਿ ਜਿਹੜੇ ਚੌਕਾਂ ਵਿੱਚ ਟ੍ਰੈਫਿਕ ਪੁਲੀਸ ਖੜੀ ਹੁੰਦੀ ਹੈ, ਉਸ ਚੌਂਕ ਵੱਲ ਜਾਂਦੇ ਹੀ ਨਹੀਂ ਜਾਂ ਫਿਰ ਚੌਂਕ ਤੋਂ ਪਹਿਲਾਂ ਹੀ ਆਪਣੇ ਤੀਸਰੇ ਸਾਥੀ ਨੂੰ ਉਤਾਰ ਦਿੰਦੇ ਹਨ ਅਤੇ ਚੌਂਕ ਪਾਰ ਕਰਕੇ ਉਸ ਤੀਸਰੇ ਸਾਥੀ ਨੂੰ ਮੁੜ ਬਿਠਾ ਲਿਆ ਜਾਂਦਾ ਹੈ|
ਇਹ ਨਾਬਾਲਿਗ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਅਤੇ ਤੇਜ ਰਫਤਾਰ ਨਾਲ ਖੁਦ ਤਾਂ ਆਪਣੀ ਜਿੰਦਗੀ ਲਈ ਖਤਰਾ ਬਣਦੇ ਹੀ ਹਨ ਸਗੋਂ ਹੋਰਨਾਂ ਲੋਕਾਂ ਦੀ ਵੀ ਜਿੰਦਗੀ ਖਤਰੇ ਵਿੱਚ ਪਾ ਦਿੰਦੇ ਹਨ|
ਇਸੇ ਤਰ੍ਹਾਂ ਕਈ ਕੱਚੀ ਉਮਰ ਦੇ ਨੌਜਵਾਨਾਂ ਨੂੰ ਆਟੋ ਚਲਾਉਂਦਿਆਂ ਵੀ ਵੇਖਿਆ ਜਾ ਸਕਦਾ ਹੈ| ਇਹ ਨੌਜਵਾਨ ਬਹੁਤ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ ਜੇ ਕੋਈ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕੇ ਤਾਂ ਇਹ ਉਸ ਵਿਅਕਤੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ|
ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਸਵੇਰੇ ਲੱਗਣ ਸਮੇਂ ਅਤੇ ਦੁਪਹਿਰ ਸਮੇਂ ਛੁੱਟੀ ਵੇਲੇ ਨਾਬਾਲਿਗ ਵਾਹਨ ਚਾਲਕਾਂ ਦੀ ਗਿਣਤੀ ਵੱਧ ਜਾਂਦੀ ਹੈ| ਇਹਨਾਂ ਵਿੱਚੋਂ ਨਾਬਾਲਿਗ ਵਾਹਨ ਚਾਲਕ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਹੀ ਹੁੰਦੇ ਹਨ| ਮਾਪੇ ਆਪਣੇ ਬੱਚਿਆ ਦੇ ਸੁੱਖ ਲਈ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਦੋ ਪਹੀਆ ਵਾਹਨ ਲੈ ਕੇ ਦੇ ਦਿੰਦੇ ਹਨ|
ਪ੍ਰਸ਼ਾਸਨ ਵਲੋਂ ਭਾਵੇਂ ਵੱਖ ਵੱਖ ਸਕੂਲਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ ਕੈਂਪ ਵੀ ਲਗਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਨਾਬਾਲਿਗ ਵਾਹਨ ਚਾਲਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ|

Leave a Reply

Your email address will not be published. Required fields are marked *