ਨਾਭਾ ਜੇਲ ਬ੍ਰੇਕ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਸੁਖਚੈਨ ਸਿੰਘ ਗ੍ਰਿਫ਼ਤਾਰ

ਨਾਭਾ ਜੇਲ ਬ੍ਰੇਕ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਸੁਖਚੈਨ ਸਿੰਘ ਗ੍ਰਿਫ਼ਤਾਰ
ਇੱਕ ਪਿਸਤੌਲ, ਇੱਕ ਰਿਵਾਲਵਰ ਅਤੇ ਪਾਤੜਾਂ ਤੋਂ ਖੋਹੀ ਕਾਰ ਬਰਾਮਦ
ਚੰਡੀਗੜ੍ਹ, 26 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਡ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨਾਭਾ ਜੇਲ ਬ੍ਰੇਕ ਮਾਮਲੇ ‘ਚ ਲੋੜੀਂਦੇ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਉਲਕ, ਪੁਲਿਸ ਥਾਣਾ ਜੌੜਕੀਆਂ, ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ| ਉਸ ਦੀ ਗ੍ਰਿਫ਼ਤਾਰੀ ਪੁਲਿਸ ਥਾਣਾ ਨਾਭਾ ਕੋਤਵਾਲੀ ਵਿਖੇ ਮਿਤੀ 27-11-2016 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 307, 392, 223, 224, 120-ਬੀ, 148, 149, 419, 171, 353 ਤੇ 186 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/27/54/59 ਅਤੇ ਯੂ.ਏ.ਪੀ. ਐਕਟ ਦੀਆਂ ਧਾਰਾਵਾਂ 11, 13, 16, 17, 18 ਅਤੇ 20 ਤਹਿਤ ਦਰਜ ਮੁਕੱਦਮਾ ਨੰਬਰ 142 ਦੇ ਸਬੰਧ ਵਿੱਚ ਕੀਤੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਮੀਤ ਸਿੰਘ ਚੌਹਾਨ, ਏ.ਆਈ.ਜੀ. ਨੇ ਦੱਸਿਆ ਕਿ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ| ਉਕਤ ਪਾਰਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਸਫ਼ੈਦ ਰੰਗ ਦੀ ਵਰਨਾ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਸੀ, ਨੂੰ ਨਾਭਾ-ਸੰਗਰੂਰ ਸੜਕ ‘ਤੇ ਛੀਟਾਂਵਾਲਾ ਵਿਖੇ ਰੋਕਿਆ ਗਿਆ ਅਤੇ ਉਸ ਵਿੱਚ ਸਵਾਰ ਉਕਤ ਗੈਂਗਸਟਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਇੱਕ 30 ਬੋਰ ਦਾ ਦੇਸੀ ਪਿਸਤੌਲ ਅਤੇ ਇੱਕ ਲਾਇਸੈਂਸੀ ਰਿਵਾਲਵਰ 32 ਬੋਰ ਬਰਾਮਦ ਕੀਤੇ ਗਏ| ਇਸ ਮੌਕੇ ਨਾਭਾ ਦੇ ਡੀ.ਐਸ.ਪੀ. ਸ੍ਰੀ ਚੰਦ ਸਿੰਘ ਦੀ ਹਾਜ਼ਰੀ ਵਿੱਚ ਉਸ ਕੋਲੋਂ 630 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ| ਸ੍ਰੀ ਚੌਹਾਨ ਨੇ ਦੱਸਿਆ ਕਿ ਕਾਰ ‘ਤੇ ਲਾਈ ਗਈ ਰਜਿਸਟ੍ਰੇਸ਼ਨ ਨੰਬਰ ਐਚ.ਆਰ. 01-ਏ 6634 ਦੀ ਪਲੇਟ ਜਾਅਲੀ ਸੀ ਅਤੇ ਉਸ ਵੱਲੋਂ ਇਹ ਕਾਰ 13 ਮਾਰਚ, 2017 ਨੂੰ ਪਾਤੜਾਂ ਦੇ ਇਲਾਕੇ ਵਿੱਚ ਇੱਕ ਕਾਰ ਡੀਲਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਦਿਆਂ ਖੋਹੀ ਗਈ ਸੀ ਅਤੇ ਇਸ ਸਬੰਧ ਵਿੱਚ ਆਈ.ਪੀ.ਸੀ. ਦੀ ਧਾਰਾ 392 ਤਹਿਤ ਉਸੇ ਦਿਨ ਮੁਕੱਦਮਾ ਨੰਬਰ-38 ਦਰਜ ਕੀਤਾ ਗਿਆ ਸੀ| ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰ ਕੋਲੋਂ ਬਰਾਮਦ ਪਿਸਤੌਲ ਅਤੇ ਰਿਵਾਲਵਰ ਵੀ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਬਠਿੰਡਾ ਦੇ ਨੰਦਗੜ੍ਹ ਪੁਲਿਸ ਥਾਣੇ ਦੇ ਇਲਾਕੇ ਵਿੱਚੋਂ ਖੋਹੇ ਗਏ ਸਨ ਅਤੇ ਇਸ ਸਬੰਧੀ ਆਰਮਜ਼ ਐਕਟ ਦੀਆਂ ਧਾਰਾਵਾਂ 25/30/54/59 ਤਹਿਤ ਮੁਕੱਦਮਾ ਨੰਬਰ 76/16 ਦਰਜ ਕੀਤਾ ਗਿਆ ਸੀ| ਸ੍ਰੀ ਚੌਹਾਨ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸੁਖਚੈਨ ਸਿੰਘ ਉਰਫ਼ ਸੁੱਖੀ ਵਿਰੁਧ ਡਕੈਤੀ, ਖੋਹ ਅਤੇ ਇਰਾਦਾ ਕਤਲ ਆਦਿ ਦੇ ਦਰਜਨ ਦੇ ਕਰੀਬ ਮਾਮਲੇ ਸੰਗਰੂਰ, ਬਠਿੰਡਾ, ਪਟਿਆਲਾ ਅਤੇ ਸਿਰਸਾ (ਹਰਿਆਣਾ) ਦੇ ਖੇਤਰਾਂ ਵਿੱਚ ਦਰਜ ਹਨ ਅਤੇ ਉਹ ਬਹੁਤ ਸਾਰੇ ਮਾਮਲਿਆਂ ਵਿੱਚ ਲੋੜੀਂਦਾ ਹੈ| ਇਸ ਤੋਂ ਇਲਾਵਾ ਉਸ ਨੇ ਪੰਜਾਬ ਵਿੱਚੋਂ ਇੱਕ ਮਾਰੂਤੀ ਸਿਆਜ਼ ਅਤੇ ਸਵੀਫ਼ਟ ਡਿਜ਼ਾਇਰ ਕਾਰਾਂ ਵੀ ਖੋਹੀਆਂ ਸਨ ਅਤੇ ਸਿਆਜ਼ ਕਾਰ ਨੂੰ ਖੋਹਣ ਸਮੇਂ ਡਰਾਈਵਰ ਨੂੰ ਜ਼ਖ਼ਮੀ ਕਰ ਦਿੱਤਾ ਸੀ|
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਚੈਨ ਸਿੰਘ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਗੁਰਪ੍ਰੀਤ ਸਿੰਘ ਸੇਖੋਂ ਦਾ ਸਾਥੀ ਹੈ ਅਤੇ ਉਹ ਉਸ ਨਾਲ ਸਾਲ 2104 ਵਿੱਚ ਬਠਿੰਡਾ ਜੇਲ ਵਿਖੇ ਬੰਦ ਹੋਣ ਸਮੇਂ ਤੋਂ ਸੰਪਰਕ ਵਿੱਚ ਹੈ| ਉਹ ਗੁਰਪ੍ਰੀਤ ਸਿੰਘ ਸੇਖੋਂ ਦੇ ਭਰਾ ਮਨੀ ਸੇਖੋਂ ਦਾ ਵੀ ਸਾਥੀ ਰਿਹਾ ਹੈ ਅਤੇ ਉਸ ਦੇ ਬਠਿੰਡਾ ਜੇਲ ਵਿੱਚ ਬੰਦ ਗੈਂਗਸਟਰਾਂ ਅਤੇ ਹੋਰਨਾਂ ਕਈ ਭਗੌੜੇ ਗੈਂਗਸਟਰਾਂ ਨਾਲ ਵੀ ਸਬੰਧ ਹਨ| ਉਸ ਨੇ ਨਾਭਾ ਜੇਲ ਬ੍ਰੇਕ ਕਾਂਡ ਸਮੇਂ ਅਹਿਮ ਭੂਮਿਕਾ ਨਿਭਾਈ ਸੀ ਅਤੇ ਜੇਲ ਵਿੱਚ ਦਾਖ਼ਲ ਹੁੰਦਿਆਂ ਅੰਨ੍ਹੇਵਾਹ ਫ਼ਾਈਰਿੰਗ ਕੀਤੀ ਸੀ| ਇਹ ਵੀ ਪਤਾ ਲੱਗਾ ਹੈ ਕਿ ਉਹ ਸਾਲ 2016 ਵਿੱਚ ਇੱਕ ਫ਼ੌਜਦਾਰੀ ਮਾਮਲੇ ਵਿੱਚ ਸੰਗਰੂਰ ਜੇਲ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ|

Leave a Reply

Your email address will not be published. Required fields are marked *