ਨਾਮਜਦਗੀ ਪੱਤਰ ਭਰਨ ਤੋਂ ਬਾਅਦ ਸਿੱਧੂ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਮੁਹਾਲੀ ਦੇ ਸਰਵਪੱਖੀ ਵਿਕਾਸ ਲਈ ਉਪਰਾਲੇ ਕਰਾਂਗੇ: ਬਲਬੀਰ ਸਿੱਧੂ

ਐਸ.ਏ.ਐਸ.ਨਗਰ, 17 ਜਨਵਰੀ (ਸ.ਬ.) ਸਥਾਨਕ ਫੇਜ-8 ਵਿੱਚ ਸਥਿਤ ਦੁਸ਼ਹਿਰਾ ਮੈਦਾਨ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ ਦੀ ਪਹਿਲੀ ਰੈਲੀ ਬਹੁਤ ਹੀ ਪ੍ਰਭਾਵਸ਼ਾਲੀ ਰਹੀ| ਭਾਰੀ ਰੋਡ ਹੋਣ ਦੇ ਬਾਵਜੂਦ ਇੱਥੇ ਜਿਸ ਤਰੀਕੇ ਨਾਲ ਸ੍ਰ. ਸਿੱਧੂ ਦੇ ਸਮਰਥਕਾਂ ਦਾ ਵੱਡਾ ਇਕੱਠ ਹੋਇਆ ਹੈ ਉਸਨੇ ਹਲਕੇ ਵਿੱਚ ਉਹਨਾਂ ਦੀ ਪਕੜ ਤਾਂ ਸਾਬਿਤ ਕੀਤੀ ਹੈ ਉਥੇ ਹੋਰਨਾਂ ਉਮੀਦਵਾਰਾਂ ਦੀ ਫਿਕਰ ਵੀ ਵਧਾ ਦਿੱਤੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਸ੍ਰ. ਬਲਬੀਰ ਸਿੰਘ ਸਿਧੂ ਵੱਲੋਂ ਅੱਜ ਆਪਣਾ ਪਰਚਾ ਭਰਨ ਸੰਬੰਧੀ ਹਲਕੇ ਦੇ ਲੋਕਾਂ ਦਾ ਦਸ਼ਹਿਰਾ ਮੈਦਾਨ ਵਿੱਚ ਇੱਕਠ ਕੀਤਾ ਗਿਆ ਸੀ| ਹਾਲਾਂਕਿ ਸ੍ਰ. ਸਿੱਧੂ ਪਰਚਾ ਭਰਨ ਲਈ ਆਪਣੇ ਘਰ ਤੋਂ ਹੀ ਚਲੇ ਗਏ ਸਨ ਅਤੇ ਦੁਸ਼ਹਿਰਾ ਮੈਦਾਨ ਵਿੱਚ ਪਰਚਾ ਭਰਨ ਤੋਂ ਬਾਅਦ ਹੀ ਪਹੁੰਚੇ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਦੱਸਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਪੱਖ ਵਿੱਚ ਹਨ੍ਹੇਰੀ ਚਲ ਰਹੀ ਹੈ ਅਤੇ ਸੂਬੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਹਲੇ ਹਨ| ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਜਿਹੜਾ ਪਿਆਰ ਦਿੱਤਾ ਗਿਆ ਹੈ ਉਹ ਉਸਦਾ ਦੇਣਾ ਤਾਂ ਨਹੀਂ ਦੇ ਸਕਦੇ ਪਰੰਤੂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਹ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਣਗੇ ਇਸਦੀ ਭਰਪਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਣਗੇ| ਉਹਨਾਂ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਪਹਿਲ ਸ਼ਹਿਰ ਵਿੱਚ ਲੋਕਾਂ ਵੱਲੋਂ ਆਪਣੇ ਮਕਾਨਾਂ ਵਿੱਚ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਰੈਗੁਲਰਾਈਜ ਕਰਵਾਉਣ ਲਈ ਨੀਡ ਬੇਸ ਪਾਲਸੀ ਲਿਆਉਣਾ ਹੋਵੇਗੀ| ਇਸਤੋਂ ਇਲਾਵਾ ਕੁੜੀਆਂ ਲਈ ਵੱਖਰਾ ਸਰਕਾਰੀ ਕਾਲੇਜ ਅਤੇ ਜਨਰਲ ਹਸਪਤਾਲ ਦੀ ਤਰਜ ਤੇ ਵੱਡਾ ਹਸਪਤਾਲ ਬਣਵਾਇਆ ਜਾਵੇਗਾ| ਉਹਨਾਂ ਕਿਹਾ ਕਿ ਕਾਲੋਨੀਆਂ ਦੇ ਵਸਨੀਕਾਂ ਅਤੇ ਹੋਰ ਬੇਘਰੇ ਲੋਕਾਂ ਲਈ ਗਮਾਡਾ ਤੋਂ ਘਰ ਬਣਵਾ ਕੇ ਦਿੱਤੇ ਜਾਣਗੇ ਅਤੇ ਸ਼ਹਿਰ ਦੇ ਉਦਯੋਗਾਂ ਲਈ ਵਿਸ਼ੇਸ਼ ਪੈਕੇਜ ਦਿਵਾਇਆ ਜਾਵੇਗਾ|
ਇਸ ਮੌਕੇ ਬੋਲਦਿਆਂ ਸਾਬਕਾ                 ਕੇਂਦਰੀ ਮੰਤਰੀ ਸ੍ਰੀ ਪਵਨ ਬਾਂਸਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਬਲਕਿ ਵਿਨਾਸ਼ ਕੀਤਾ ਹੈ| ਉਹਨਾਂ ਕਿਹਾ ਕਿ ਪੰਜਾਬ ਦੀ ਜੀ.ਡੀ.ਪੀ 2 ਫੀਸਦੀ ਤੇ ਆ ਗਈ ਹੈ ਅਤੇ ਜੇਕਰ ਪੰਜਾਬ ਦਾ ਵਿਕਾਸ ਹੋਇਆ ਹੁੰਦਾ ਤਾਂ ਇਸਦੀ ਜੀ.ਡੀ.ਪੀ ਵੱਧਦੀ| ਉਹਨਾ ਕਿਹਾ ਕਿ ਇਥੇ ਪੰਜਾਬ ਦੀ ਨਹੀਂ ਬਲਕਿ ਸੱਤਾ ਮਾਣਨ ਵਾਲੇ ਪਰਿਵਾਰਾਂ ਦੀ ਤੱਰਕੀ ਹੋਈ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ .ਦਵਿੰਦਰ ਸਿੰਘ ਭੋਲਾ, ਸ੍ਰ. ਅਮਰੀਕ ਸਿੰਘ ਸੋਮਲ, ਸ੍ਰ. ਰਣਜੀਤ ਸਿੰਘ ਹੰਸ, ਸ੍ਰ. ਐਸ.ਡੀ ਸਿੰਘ ਸੋਢੀ, ਸ੍ਰ. ਭਗਤ ਸਿੰਘ ਨਾਮਧਾਰੀ ਸ੍ਰ. ਰਘੂਬੀਰ ਸਿੰਘ ਸੰਧੂ, ਸ੍ਰ. ਛੱਜਾ ਸਿੰਘ ਕੁਰੜੀ, ਸ੍ਰ. ਰਣਜੀਤ ਸਿੰਘ ਗਿਲ ਨੇ ਵੀ ਸੰਬੋਧਨ ਕੀਤਾ| ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰੀ ਹਰਕੇਸ਼ ਸ਼ਰਮਾ ਮਛਲੀ ਕਲਾਂ ਨੇ ਨਿਭਾਈ| ਇਸ ਮੌਕੇ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਆਏ ਕਾਂਗਰਸੀ ਵਰਕਰ ਅਤੇ ਆਗੂ ਹਾਜਿਰ ਸਨ|

Leave a Reply

Your email address will not be published. Required fields are marked *