ਨਾਮਜ਼ਦਗੀਆਂ ਭਰਨ ਦੀ ਅੱਜ ਆਖਰੀ ਤਰੀਕ, 3 ਦਿਨ ਚੱਲੇਗਾ ਮੰਨਣ-ਮਨਾਉਣ ਦਾ ਦੌਰ

ਐਸ ਏ ਐਸ ਨਗਰ, 18 ਜਨਵਰੀ (ਸ.ਬ.) ਪੰਜਾਬ ਵਿਚ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਹੁਣ ਪਾਰਟੀ ਨਾਲ ਨਾਰਾਜ਼ ਹੋ ਕੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਉਮੀਦਵਾਰਾਂ ਨੂੰ ਮੰਨਣ-ਮਨਾਉਣ ਦਾ ਦੌਰ ਸ਼ੁਰੂ ਹੋਵੇਗਾ| ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਵੀਰਵਾਰ ਨੂੰ ਇਨ੍ਹਾਂ ਪੱਤਰਾਂ ਦੀ ਜਾਂਚ ਹੋਵੇਗੀ ਤੇ ਇਸ ਦੇ ਅਗਲੇ ਦੋ ਦਿਨ ਭਾਵ 21 ਜਨਵਰੀ ਤਕ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ| ਆਮ ਤੌਰ ਤੇ ਚੋਣਾਂ ਵਿਚ ਕਈ ਉਮੀਦਵਾਰ ਪਾਰਟੀ ਤੇ ਦਬਾਅ ਬਣਾਉਣ ਦੀ ਰਣਨੀਤੀ ਤਹਿਤ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਕਰਦੇ ਹਨ ਪਰ ਇਹ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਤਕ ਕਈ ਉਮੀਦਵਾਰ ਨਾਮਜ਼ਦਗੀ ਪੱਤਰ ਵਾਪਸ ਲੈ ਲੈਂਦੇ ਹਨ| ਪਿਛਲੀਆਂ ਚੋਣਾਂ ਦੌਰਾਨ ਵੀ ਕੁੱਲ ਦਾਖਲ ਹੋਈਆਂ 2054 ਨਾਮਜ਼ਦਗੀਆਂ ਵਿਚੋਂ 974 ਉਮੀਦਵਾਰਾਂ ਨੇ ਆਪਣੇ ਨਾਂ ਆਖਰੀ ਦਿਨ ਤਕ ਵਾਪਸ ਲੈ ਲਏ ਸਨ| ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਤਿੰਨ ਦਿਨਾਂ ਤਕ ਪਾਰਟੀਆਂ ਨਾਰਾਜ਼ ਹੋਏ ਆਪਣੇ ਵਰਕਰਾਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕਰਨਗੀਆਂ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਵਿਚ ਉਤਰਨ ਵਾਲਿਆਂ ਨੂੰ ਮਨਾਉਣ ਲਈ ਅਗਲੇ 3 ਦਿਨ ਪਾਰਟੀਆਂ ਦਾ ਪੂਰਾ ਜ਼ੋਰ ਲੱਗਾ ਰਹੇਗਾ| ਪਿਛਲੀਆਂ ਚੋਣਾਂ ਦੌਰਾਨ ਵੀ ਪਾਰਟੀਆਂ ਦੇ ਬਾਗੀਆਂ ਨੇ ਚੋਣਾਂ ਵਿਚ ਖੇਡ ਵਿਗਾੜ ਦਿੱਤੀ ਸੀ ਅਤੇ ਕਾਂਗਰਸ ਇਸ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਸੀ ਜਿਸ ਦੇ 10 ਬਾਗੀਆਂ ਨੇ ਪਾਰਟੀ ਨੂੰ ਜਿੱਤੀ ਬਾਜ਼ੀ ਹਰਾ ਦਿੱਤੀ ਸੀ| ਇਸ ਵਾਰੀ ਵੀ ਸਭ ਤੋਂ ਚਿੰਤਾਜਨਕ ਸਥਿਤੀ ਕਾਂਗਰਸ ਦੀ ਹੀ ਲੱਗ ਰਹੀ ਹੈ| ਹਾਲਾਂਕਿ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨਾਰਾਜ਼ ਵਰਕਰ ਵੀ ਚੋਣ ਮੈਦਾਨ ਵਿਚ ਉਤਰੇ ਹਨ ਤੇ ਇਹ ਪਾਰਟੀਆਂ ਵੀ ਆਪਣੇ-ਆਪਣੇ ਉਮੀਦਵਾਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਨਗੀਆਂ|

Leave a Reply

Your email address will not be published. Required fields are marked *