ਨਾਲੇ ਦੀ ਸਫਾਈ ਦੌਰਾਨ ਨਿਕਲਣ ਵਾਲਾ ਕੂੜਾ ਸੜਕ ਕਿਨਾਰੇ ਸੁੱਟੇ ਜਾਣ ਕਾਰਨ ਲੋਕ ਪਰੇਸ਼ਾਨ

ਖਰੜ, 8 ਅਗਸਤ (ਸ਼ਮਿੰਦਰ ਸਿੰਘ) ਖਰੜ ਪ੍ਰਸ਼ਾਸਨ ਵਲੋਂ ਲਾਂਡਰਾ ਰੋਡ ਦੇ ਦੋਵੇਂ ਪਾਸੇ ਬਣੇ ਨਾਲੇ ਦੀ ਸਫਾਈ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆ ਕਰਵਾਈ ਜਾ ਰਹੀ ਹੈ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਇਸ ਸਫਾਈ ਦੌਰਾਨ ਕਰਮਚਾਰੀਆਂ ਵਲੋਂ ਨਾਲੇ ਦੇ ਵਿਚੋਂ ਕੱਢਿਆ ਸਾਰਾ ਕੂੜਾ ਉਸ ਰੋਡ ਤੇ ਹੀ ਖਿਲਾਰਿਆ ਜਾ ਰਿਹਾ ਹੈ ਜਿਸ ਨਾਲ ਮੁੱਖ ਸੜਕ ਤੇ ਲੋਕਾਂ ਨੂੰ               ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ|
ਇਸ ਸੰਬੰਧੀ ਲਾਂਡਰਾ ਰੋਡ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਗਾਰ ਦੀ ਫਿਸਲਣ ਕਾਰਨ ਇੱਥੇ ਕਈ ਹਾਦਸੇ ਹੋ ਚੁੱਕੇ ਹਨ| ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੜਕ ਤੇ  ਫੈਲੇ ਹੋਏ ਗਾਰ ਕਾਰਨ ਇਕ ਮੋਟਰਸਾਇਕਲ ਚਾਲਕ ਤਿਲਕ ਕੇ ਦੂਜੇ ਪਾਸਿਓ ਆ ਰਹੇ ਟਰੱਕ ਦੇ ਨੀਚੇ ਆ ਗਿਆ ਸੀ ਪਰ ਇਸ ਦੌਰਾਨ ਉਸਦੀ ਜਾਨ ਬਚ ਗਈ|  ਉਹਨਾਂ ਦੱਸਿਆ ਕਿ ਇਸੇ ਤਰਾਂ ਇਕ ਔਰਤ ਇਸ ਗਾਰ ਵਿੱਚ ਡਿਗ ਪਈ ਜਿਸ ਨੂੰ ਬਹੁਤ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ|
ਉਹਨਾਂ ਮੰਗ ਕੀਤੀ ਕਿ ਦੁਕਾਨਾਂ ਤੋਂ ਬਾਹਰ ਪਏ ਕੂੜੇ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ ਅਤੇ ਸਫਾਈ ਦਾ ਕੰਮ ਸਹੀ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ               ਪਵੇ| 
ਇਸ ਸੰਬਧੀ ਨਗਰ ਕੌਂਸਲ ਦੇ ਈ.ਓ. ਸ਼੍ਰੀ ਸੰਗੀਤ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹਨਾਂ ਵਲੋਂ ਸਫਾਈ ਕਰਮਚਾਰੀਆਂ ਨੂੰ ਸਹੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ|

Leave a Reply

Your email address will not be published. Required fields are marked *