ਨਾਜ਼ਾਇਜ਼ ਕਬਜਿਆਂ ਤੇ ਕਾਬੂ ਕਰਨ ਦਾ ਕੰਮ ਠੇਕੇ ਤੇ ਕਿਉਂ ਨਹੀਂ ਦਿੰਦਾ ਨਗਰ ਨਿਗਮ

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿੱਚ ਨਾਜਾਇਜ ਕਬਜਿਆਂ ਦੀ ਗਿਣਤੀ ਇੰਨੀ ਜਿਆਦਾ ਵੱਧ ਗਈ ਹੈ ਕਿ ਇਹ ਨਾਜਾਇਜ ਕਬਜੇ ਹੁਣ ਇਸਦੀ ਪਹਿਚਾਣ ਬਣ ਗਏ ਹਨ| ਇਹ ਨਾਜਾਇਜ਼ ਕਬਜੇ ਇੰਨੇ ਆਮ ਹੋ ਚੁੱਕੇ ਹਨ ਕਿ ਅਕਸਰ ਲੋਕ ਆਪਣਾ ਪਤਾ ਟਿਕਾਣਾ ਦੱਸਣ ਵੇਲੇ ਨਿਸ਼ਾਨੀ ਦੇ ਰੂਪ ਵਿੱਚ ਇਹਨਾਂ ਨਾਜਾਇਜ ਕਬਜਿਆਂ (ਰੇਹੜੀਆਂ, ਫੜੀਆਂ ਆਦਿ) ਦਾ ਹੀ ਜਿਕਰ ਕਰਦੇ ਹਨ| ਜਿਵੇਂ ਫਲਾਂ ਮੋੜ ਤੇ ਧੋਬੀ ਦੇ ਖੋਖੇ ਤੋਂ ਬਾਅਦ ਵਾਲਾ ਘਰ ਜਾਂ ਸੜਕ ਕਿਨਾਰੇ ਲੱਗਦੀ ਫਰੂਟ ਵਾਲੀ ਰੇਹੜੀ ਤੋਂ ਤੀਜਾ-ਚੌਥਾ ਘਰ ਉਹਨਾਂ ਦਾ ਹੈ|
ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਸਰਕਾਰੀ ਜਮੀਨ ਤੇ ਨਾਜਿJਜ ਕਬਜਾ ਕਰਕੇ ਚਲਾਇਆ ਜਾਂਦਾ ਕੋਈ ਨਾ ਕੋਈ ਕੰਮ ਨਜਰ ਆ ਹੀ ਜਾਂਦਾ ਹੈ| ਸ਼ਹਿਰ ਦੀਆਂ ਅੰਦਰੂਨੀ ਗਲੀਆਂ ਤੋਂ ਲੈ ਕੇ ਮੁੱਖ ਸੜਕਾਂ ਤਕ ਹਰ ਪਾਸੇ ਇਹਨਾਂ ਨਾਜਾਇਜ ਕਬਜਿਆਂ ਦੀ ਭਰਮਾਰ ਹੈ ਪਰੰਤੂ ਇਹਨਾਂ ਉੱਤੇ ਕਾਬੂ ਕਰਨ ਵਾਲਾ ਕੋਈ ਨਹੀਂ ਹੈ| ਲਗਾਤਾਰ ਵੱਧਦੇ ਇਹਨਾਂ ਨਾਜਾਇਜ ਕਬਜਿਆਂ ਬਾਰੇ ਜਿੱਥੇ ਸ਼ਹਿਰਵਾਸੀਆਂ ਦੀਆਂ ਸ਼ਿਕਾਇਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉੱਥੇ ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉੱਦੇ ਹਨ ਕਿ ਸ਼ਹਿਰ ਵਿੱਚ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਲੰਬਾ ਚੌੜਾ ਕਾਰੋਬਾਰ ਚਲਦਾ ਹੈ|
ਇਹ ਆਮ ਚਰਚਾ ਹੈ ਕਿ ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹ ਨਾਜ਼ਾਇਜ਼ ਕਬਜੇ ਉਹਨਾਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਅੰਜਾਮ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਜਿੰਮੇਵਾਰੀ ਇਹਨਾਂ ਕਬਜਿਆਂ ਨੂੰ ਖਤਮ ਕਰਨਾ ਹੈ ਅਤੇ ਇਸਦੇ ਬਦਲੇ ਇਹਨਾਂ ਨਾਜ਼ਾਇਜ਼ ਕਬਜੇ ਕਰਨ ਵਾਲਿਆਂ ਤੋਂ ਇਸ ਬਦਲੇ ਹਰ ਮਹੀਨੇ ਇੱਕਮੁਸ਼ਤ ਰਕਮ ਦੀ ਵਸੂਲੀ ਕੀਤੀ ਜਾਂਦੀ ਹੈ| ਨਗਰ ਨਿਗਮ (ਜਿਸ ਉੱਪਰ ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਖਤਮ ਕਰਵਾਉਣ ਦੀ ਜਿੰਮੇਵਾਰੀ ਹੈ) ਦਾ ਨਾਜ਼ਾਇਜ਼ ਕਬਜੇ ਹਟਾਉਣ ਵਾਲਾ ਅਮਲਾ ਫੈਲਾ ਸ਼ਹਿਰ ਦੀ ਇਸ ਅਹਿਮ ਸਮੱਸਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਦੇ ਤਹਿਤ ਕਦੇ ਕਦਾਰ ਅਜਿਹੀਆਂ ਰੇਹੜੀਆਂ ਫੜੀਆਂ ਜਬਤ ਵੀ ਕਰਦਾ ਹੈ ਪਰੰਤੂ ਇਹ ਕਾਰਵਾਈ ਕਾਫੀ ਹੱਦ ਤਕ ਨਾਕਾਰਾ ਸਾਬਿਤ ਹੁੰਦੀ ਹੈ|
ਹਾਲਾਤ ਇਹ ਹਨ ਕਿ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੀ ਖਬਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਪਹਿਲਾਂ ਹੀ ਮਿਲ ਜਾਂਦੀ ਹੈ ਅਤੇ ਉਹ ਤੁਰਤ ਫੁਰਤ ਵਿੱਚ ਆਪਣਾ ਸਮੇਨ ਸਮੇਟ ਕੇ ਮੌਕੇ ਤੋਂ ਗਾਇਬ ਹੋ ਜਾਂਦੇ ਹਨ| ਇਹ ਰੇਹੜੀਆਂ ਵਾਲੇ ਨਿਗਮ ਦੀ ਕਾਰਵਾਈ ਤੋਂ ਬਾਅਦ ਮੁੜ ਆਪਣੀ ਥਾਂ ਪਰਤ ਵੀ ਆਉਂਦੇ ਹਨ| ਇਹ ਨਾਜ਼ਾਇਜ਼ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜਾਰੀ ਤੇ ਤਾਂ ਸਵਾਲੀਆ ਨਿਸ਼ਾਨ  ਚੁੱਕਦੇ ਹੀ ਹਨ ਆਮ ਲੋਕਾਂ ਵਲੋਂ ਇਹਨਾਂ ਨਾਜ਼ਾਇਜ਼ ਕਬਜਿਆਂ ਦੀ ਆੜ ਵਿੱਚ ਲਗਾਏ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਇਲਜਾਮਾਂ ਨੂੰ ਵੀ ਪੁਖਤਾ ਕਰਦੇ ਹਨ|
ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਖਤਮ ਕਰਨ ਲਈ ਸਖਤ ਕਰਵਾਈ ਕੀਤੀ ਜਾਣੀ ਬਹੁਤ ਜਰੂਰੀ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਕਿਸੇ ਪੱਖੋਂ ਵੀ ਤਸੱਲੀਬਖਸ਼ ਨਹੀਂ ਹੈ ਅਤੇ ਇਸ ਵਿੱਚ ਸੁਧਾਰ ਕੀਤਾ ਜਾਣਾ ਬਹੁਤ ਜਰੂਰੀ ਹੈ| ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਲਗਾਤਾਰ ਵੱਧਦੇ ਨਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨਾਕਾਮੀ ਨੇ ਕਾਫੀ ਹੱਦ ਤਕ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਇਸ ਜਿੰਮੇਵਾਰੀ ਨੂੰ ਨਿਭਾਉਣ ਦੇ ਯੋਗ ਹੀ ਨਹੀਂ ਹਨ ਇਸ ਲਈ ਇਹ ਜਿੰਮੇਵਾਰੀ ਕਿਸੇ ਹੋਰ ਨੂੰ ਸੰਭਾਲੀ ਜਾਣੀ ਚਾਹੀਦੀ ਹੈ|
ਇੱਥੇ ਇਹ ਦੱਸਣਾ ਬਣਦਾ ਹੈ ਕਿ ਨਗਰ ਨਿਗਮ ਦੇ ਮੇਅਰ ਵਲੋਂ ਮਿਉਂਸਪਲ ਕੌਂਸਲ ਦਾ ਪ੍ਰਧਾਨ ਹੁੰਦਿਆਂ ਨਾਜ਼ਾਇਜ਼ ਕਬਜਿਆਂ ਦੀ ਸਮੱਸਿਆ ਦੇ ਹਲ ਲਈ ਇਹ ਕੰਮ ਨਿੱਜੀ ਠੇਕੇਦਾਰ ਦੇ ਹਵਾਲੇ ਕਰਨ ਦੀ ਇੱਕ ਤਜਵੀਜ ਤਿਆਰ ਕੀਤੀ ਸੀ ਪਰੰਤੂ ਬਾਅਦ ਵਿੱਚ ਇਹ ਤਜਵੀਜ ਵਿਚਾਲੇ ਹੀ ਰਹਿ ਗਈ ਸੀ| ਮੇਅਰ ਨੂੰ ਚਾਹੀਦਾ ਹੈ ਕਿ ਸ਼ਹਿਰ ਦੀ ਇਸ ਲਗਾਤਾਰ ਵੱਧਦੀ ਸਮੱਸਿਆ ਦੇ ਹਲ ਲਈ ਉਸ ਤਜਵੀਜ ਨੂੰ ਸਿਰੇ ਚੜ੍ਹਾਉਣ ਲਈ ਕਾਰਵਾਈ ਕਰਨ| ਅਜਿਹਾ ਕਰਕੇ ਜਿੱਥੇ ਸ਼ਹਿਰ ਵਿਚਲੀ ਨਾਜ਼ਾਇਜ਼ ਕਬਜਿਆਂ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਹਲ ਕੀਤਾ ਜਾ ਸਕਦਾ ਹੈ ਉੱਥੇ ਇਹਨਾਂ ਨਾਜ਼ਾਇਜ਼ ਕਬਜਿਆਂ ਦੀ ਆੜ ਵਿੱਚ ਚਲਦੇ ਭ੍ਰਿਸ਼ਟਾਚਾਰ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ| ਲੋੜ ਬਸ ਪਾਰਦਰਸ਼ੀ ਅਤੇ ਸਾਫ ਸੁਥਰੇ ਢੰਗ ਨਾਲ ਇਸ ਕਰਵਾਈ ਨੂੰ ਅੰਜਾਮ ਦੇਣ ਦੀ ਹੈ ਤਾਂ ਜੋ ਸ਼ਹਿਰ ਵਿੱਚ ਦਿਨੋਂ ਦਿਨ ਵੱਧਦੇ ਇਹਨਾਂ ਨਾਜ਼ਾਇਜ਼ ਕਬਜਿਆਂ ਨੂੰ ਪ੍ਰਭਾਵੀ ਢੰਗ ਨਾਲ ਖਤਮ ਕੀਤਾ ਜਾ  ਸਕੇ|

Leave a Reply

Your email address will not be published. Required fields are marked *