ਨਿਊਜ਼ੀਲੈਂਡ ਲਈ ਕੁਈਨਜ਼ਲੈਂਡ ਨੇ ਸਰਹੱਦ ਖੋਲ੍ਹਣ ਦਾ ਲਿਆ ਫੈਸਲਾ
ਕੁਈਨਜ਼ਲੈਂਡ, 11 ਦਸੰਬਰ (ਸ.ਬ.) ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਸਰਹੱਦਾਂ ਬੰਦ ਕਰਨੀਆਂ ਪਈਆਂ ਹਨ ਅਤੇ ਹਰ ਕਿਸੇ ਨੂੰ ਇਸ ਦੌਰਾਨ ਵਿਦੇਸ਼ ਯਾਤਰਾ ਕਰਨ ਲਈ ਖਾਸ ਇਜਾਜ਼ਤ ਲੈਣੀ ਪੈ ਰਹੀ ਸੀ| ਫਿਲਹਾਲ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਘੱਟ ਸਾਹਮਣੇ ਆ ਰਹੇ ਹਨ ਅਤੇ ਇਸੇ ਲਈ ਇੱਥੋਂ ਦੇ ਸੂਬੇ ਕੁਈਨਜ਼ਲੈਂਡ ਨੇ ਨਿਊਜ਼ੀਲੈਂਡ ਲਈ ਵੀ ਸਰਹੱਦ ਖੋਲ੍ਹਣ ਦਾ ਫੈਸਲਾ ਲਿਆ ਹੈ|
ਕੁਈਨਜ਼ਲੈਂਡ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦ ਖੁੱਲ੍ਹਣ ਤੇ ਆਰਥਿਕ ਨੁਕਸਾਨ ਘਟੇਗਾ ਤਾਂ ਲੋਕਾਂ ਨੂੰ ਵੀ ਕਾਫੀ ਸੁਵਿਧਾ ਹੋਵੇਗੀ| ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ ਵੀ ਕੋਰੋਨਾ ਕਾਫੀ ਕੰਟਰੋਲ ਵਿਚ ਹੈ ਅਤੇ ਦੇਸ਼ਵਾਸੀ ਸੁਰੱਖਿਅਤ ਹਨ| ਬੀਤੇ ਇਕ ਮਹੀਨੇ ਤੋਂ ਨਿਊਜ਼ੀਲੈਂਡ ਵਿਚ ਕੋਰੋਨਾ ਦੀ ਕਮਿਊਨਿਟੀ ਟਰਾਂਸਮਿਸ਼ਨ ਜ਼ੀਰੋ ਹੀ ਰਹੀ ਹੈ|
ਕੁਈਨਜ਼ਲੈਂਡ ਦੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਨਿਊਜ਼ੀਲੈਂਡ ਤੋਂ ਯਾਤਰੀ ਕੁਈਨਜ਼ਲੈਂਡ ਆਉਣਗੇ ਅਤੇ ਉਹ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਨ| ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਹੁਣ ਕੋਰੋਨਾ ਦੁਬਾਰਾ ਕਦੇ ਨਾ ਆਵੇ ਤੇ ਪਹਿਲਾਂ ਵਾਂਗ ਕੰਮ ਸ਼ੁਰੂ ਹੋ ਜਾਣ|